ਜ਼ਮੀਨੀ ਵਿਵਾਦ ਦੇ ਚੱਲਦਿਆਂ ਸਿਆਸੀ ਤੇ ਪੁਲਸ ਦਬਾਅ ਕਾਰਨ ਇਕਲੌਤੇ ਪੁੱਤ ਨੇ ਕੀਤੀ ਖੁਦਕੁਸ਼ੀ
Sunday, Apr 29, 2018 - 04:57 PM (IST)

ਜ਼ੀਰਾ (ਗੁਰਮੇਲ ਸੇਖ਼ਵਾਂ) : ਜ਼ੀਰਾ ਨੇੜਲੇ ਪਿੰਡ ਕੱਚਰਭੰਨ ਵਿਖੇ ਦੋ ਧਿਰਾ 'ਚ ਚੱਲਦਾ ਜ਼ਮੀਨੀ ਵਿਵਾਦ ਉਸ ਵੇਲੇ ਜਾਨਲੇਵਾ ਸਾਬਤ ਹੋ ਗਿਆ ਜਦੋਂ ਇਸ ਵਿਵਾਦ 'ਚ ਪੀੜਤ ਪਰਿਵਾਰ ਦੇ ਇਕ ਨੌਜਵਾਨ ਲੜਕੇ ਨੇ ਸਿਆਸੀ ਦਬਾਅ ਦੇ ਸਹਿਮ ਅਤੇ ਪੁਲਸ ਦੀਆਂ ਧਮਕੀਆਂ ਤੋਂ ਮਾਨਸਿਕ ਪ੍ਰੇਸ਼ਾਨੀ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਜਤਿੰਦਰ ਸਿੰਘ (25) ਪੁੱਤਰ ਮਹਿੰਦਰ ਸਿੰਘ ਵਾਸੀ ਕੱਚਰਭੰਨ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਪਿੱਛੇ ਹਲਕੇ ਦੇ ਸੱਤਾਧਾਰੀ ਪਾਰਟੀ ਦੇ ਆਗੂਆਂ ਅਤੇ ਥਾਣਾ ਸਦਰ ਜ਼ੀਰਾ ਦੇ ਕੁਝ ਪੁਲਸ ਕਰਮਚਾਰੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਇਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਸ ਸਬੰਧੀ ਪੀੜਤ ਕਿਸਾਨ ਦੇ ਹੱਕ 'ਚ ਨਿੱਤਰੀ ਕਿਸਾਨ ਸੰਘਰਸ਼ ਕਮੇਟੀ ਨੇ ਲਿਖ਼ਤੀ ਸ਼ਿਕਾਇਤ ਵੀ ਇਨ੍ਹਾਂ ਦੇ ਉਲਟ ਦਿੱਤੀ ਹੈ। ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੱਚਰਭੰਨ ਵਿਖੇ ਲਗਭਗ 9 ਏਕੜ ਜ਼ਮੀਨ ਉਪਰ ਪੀੜਤ ਅਤੇ ਕੁਝ ਹੋਰ ਪਰਿਵਾਰ ਬੀਤੇ 70 ਸਾਲ ਤੋਂ ਖ਼ੇਤੀ ਕਰਦੇ ਆ ਰਹੇ ਸਨ ਅਤੇ ਇਨ੍ਹਾਂ ਕਾਸ਼ਤਕਾਰਾਂ ਦੇ ਨਾਮ ਮਾਲ ਵਿਭਾਗ ਵਿਚ ਗਿਰਦਾਵਰੀਆਂ ਵੀ ਦਰਜ ਹਨ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਜ਼ਮੀਨ ਤੋਂ ਉਜੜਣ ਲਈ ਸੱਤਾਧਾਰੀ ਸਿਆਸੀ ਪਾਰਟੀ ਦੇ ਆਗੂ ਅਤੇ ਪੁਲਸ ਪ੍ਰਸ਼ਾਸਨ ਲਗਾਤਾਰ ਦਬਾਅ ਬਣਾ ਰਿਹਾ ਸੀ ਕਿਉਂਕਿ ਉਕਤ ਜ਼ਮੀਨ ਇਨ੍ਹਾਂ ਲੋਕਾਂ ਨੇ ਜ਼ਮੀਨ ਮਾਲਕਾਂ ਤੋਂ ਸਸਤੇ ਭਾਅ 'ਤੇ ਖ੍ਰੀਦ ਕਰ ਲਈ ਸੀ ਅਤੇ ਅਸਰ-ਰਸੂਖ਼ ਵਰਤ ਕੇ ਸਾਨੂੰ ਸਾਰੇ ਪਰਿਵਾਰਾਂ ਨੂੰ ਉਜਾੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਤਹਿਤ ਉਨ੍ਹਾਂ ਦੀ ਪੱਕੀ ਕਣਕ 'ਤੇ ਧਾਰਾ 145 ਲਗਵਾ ਦਿੱਤੀ ਗਈ ਸੀ। ਉਸਨੇ ਅੱਗੇ ਦੱਸਿਆ ਕਿ ਸਿਆਸੀ ਦਬਾਅ, ਪੁਲਸ ਦੀਆਂ ਧਮਕੀਆਂ ਅਤੇ ਜ਼ਮੀਨ ਖੁੱਸ ਜਾਣ ਦੇ ਡਰ ਕਾਰਨ ਭਵਿੱਖ਼ ਤੋਂ ਚਿੰਤਤ ਜਤਿੰਦਰ ਸਿੰਘ ਜੋ ਉਨ੍ਹਾਂ ਇੱਕਲੌਤਾ ਪੁੱਤਰ ਸੀ ਨੇ ਅੱਜ ਘਰ ਵਿਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਉੱਧਰ ਘਟਨਾ ਸਥਾਨ 'ਤੇ ਐੱਸ.ਐੱਸ.(ਡੀ.) ਅਜਮੇਰ ਸਿੰਘ ਬਾਠ, ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ, ਐੱਸ.ਐੱਚ.ਓ. ਹਰਦੇਵਪ੍ਰੀਤ ਸਿੰਘ ਪੁੱਜੇ ਜਿਨ੍ਹਾਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਇਸਦੇ ਕਾਰਨਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਜਦਕਿ ਪਰਿਵਾਰਿਕ ਮੈਂਬਰਾਂ, ਪਿੰਡ ਵਾਸੀ ਅਤੇ ਕਿਸਾਨ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਜਿੰਨੀ ਦੇਰ ਪੁਲਸ ਦੋਸ਼ੀਆਂ ਖਿਲਾਫ਼ ਪਰਚੇ ਦਰਜ ਨਹੀਂ ਕਰਦੀ ਉਨੀ ਦੇਰ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।