ਹੋਰਾਂ ਲਈ ਮਿਸਾਲ ਬਣਿਆ ਟਾਂਡਾ ਦਾ ਇਹ ਪਰਿਵਾਰ, ਧੀ ਜੰਮਣ 'ਤੇ ਵਿਆਹ ਵਰਗਾ ਮਾਹੌਲ, ਵਾਜਿਆਂ ਨਾਲ ਕੀਤਾ ਸੁਆਗਤ
Saturday, Nov 18, 2023 - 11:44 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਅੱਜ ਵੀ ਦੇਸ਼ ਦੀਆਂ ਕਈ ਥਾਵਾਂ 'ਤੇ ਲੋਕ ਧੀ ਦੇ ਜੰਮਣ' ਤੇ ਖ਼ੁਸ਼ ਨਹੀਂ ਹੁੰਦੇ ਪਰ ਹੁਣ ਧੀਆਂ ਪ੍ਰਤੀ ਲੋਕਾਂ ਦੀ ਸੋਚ ਬਦਲ ਰਹੀ ਹੈ। ਟਾਂਡਾ ਦੇ ਪਿੰਡ ਠਾਕਰੀ 'ਚ ਇਕ ਪਰਿਵਾਰ ਵਿਚ ਇਕ ਧੀ ਦੇ ਜਨਮ ਲੈਣ 'ਤੇ ਉਸ ਦਾ ਅਜਿਹਾ ਸ਼ਾਨਦਾਰ ਸੁਆਗਤ ਕੀਤਾ ਗਿਆ ਕਿ ਪੂਰੇ ਇਲਾਕੇ ਵਿਚ ਇਸ ਨੂੰ ਸਲਾਹਿਆ ਜਾ ਰਿਹਾ ਹੈ। ਹਸਪਤਾਲ ਤੋਂ ਉਸ ਦੇ ਘਰ ਪਹੁੰਚਣ 'ਤੇ ਪਰਿਵਾਰਕ ਮੈਂਬਰਾਂ ਵੱਲੋਂ ਧੀ ਦਾ ਸੁਆਗਤ ਢੋਲ ਵਜਾ ਕੇ ਅਤੇ ਨੱਚ ਕੁੱਦ ਕੇ ਕੀਤਾ ਗਿਆ।
ਇਹ ਵੀ ਪੜ੍ਹੋ: ਟਰੇਨ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 62 ਟਰੇਨਾਂ 3 ਮਹੀਨਿਆਂ ਲਈ ਰੱਦ
ਅਮਰੀਕਾ ਰਹਿੰਦੇ ਮਨਪ੍ਰੀਤ ਸਿੰਘ ਦੀ ਪਤਨੀ ਨਵਨੀਤ ਕੌਰ ਜਦੋਂ ਆਪਣੀ ਧੀ ਗੁਰਸਿਫ਼ਤ ਕੌਰ ਨੂੰ ਲੈ ਕੇ ਘਰ ਪਹੁੰਚੀ ਤਾਂ ਪਰਿਵਾਰ ਨੇ ਬਹੁਤ ਜ਼ਿਆਦਾ ਖੁਸ਼ੀ ਮਨਾਈ ਅਤੇ ਪੂਰਾ ਘਰ ਵਿਆਹ ਵਾਂਗ ਸਜਾਇਆ ਗਿਆ। ਪਿੰਡ ਪਹੁੰਚਣ 'ਤੇ ਗੁਰਸਿਫ਼ਤ ਕੌਰ ਦੀ ਦਾਦੀ ਮੈਂਬਰ ਪੰਚਾਇਤ ਸੁਰਿੰਦਰ ਕੌਰ, ਦਾਦਾ ਜਸਵੀਰ ਸਿੰਘ, ਤਾਈ ਨਵਦੀਪ ਕੌਰ ਆਪਣੀ ਪੋਤਰੀ ਦੀ ਝਲਕ ਪਾਉਂਦੇ ਹੀ ਖ਼ੁਸ਼ੀਆਂ ਨਾਲ ਲਬਰੇਜ ਹੋ ਕੇ ਨੱਚਣ ਲੱਗੇ। ਪਿੰਡ ਵਾਸੀ ਨੇ ਵੀ ਪਰਿਵਾਰ ਦੀਆਂ ਖ਼ੁਸ਼ੀਆਂ ਵਿਚ ਸ਼ਰੀਕ ਹੁੰਦੇ ਹੋਏ ਮਾਂ-ਧੀ ਉੱਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਗੁਰਸਿਫ਼ਤ ਦੇ ਦਾਦਾ-ਦਾਦੀ ਨੇ ਆਖਿਆ ਕਿ ਉਨ੍ਹਾਂ ਦੇ ਘਰ ਧੀ ਆਈ ਹੈ ਉਹ ਬੇਹੱਦ ਖ਼ੁਸ਼ ਹਨ।
ਉਨ੍ਹਾਂ ਗੁਰੁਸਾਹਿਬ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦੇ ਹੋਏ ਸਮਾਜ ਨੂੰ ਧੀਆਂ ਦੇ ਸਤਿਕਾਰ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਮਰੀਕਾ ਵਿਚ ਰਹਿੰਦੇ ਦੋਵੇਂ ਪੁੱਤਰ ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਵੀ ਉੱਥੇ ਅਜਿਹੀਆਂ ਖ਼ੁਸ਼ੀਆਂ ਮਨਾਈਆਂ ਹਨ। ਉਧਰ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਬਚਿੱਤਰ ਸਿੰਘ ਭੁਲੱਥ, ਮਨਜਿੰਦਰ ਕੌਰ, ਸਰਪੰਚ ਹਰਜਿੰਦਰ ਸਿੰਘ, ਗੁਰਬਚਨ ਸਿੰਘ, ਕਰਮਚੰਦ ਆਦਿ ਨੇ ਗੁਰਸਿਫ਼ਤ ਕੌਰ ਨੂੰ ਅਸੀਸਾਂ ਦਿੰਦੇ ਹੋਏ ਧੀਆਂ ਦੇ ਸਤਿਕਾਰ ਲਈ ਪਰਿਵਾਰ ਦੀ ਇਸ ਮਿਸਾਲੀ ਪਹਿਲ ਦੀ ਸਲਾਘਾ ਕੀਤੀ।
ਇਹ ਵੀ ਪੜ੍ਹੋ: 15,000 ਕਰੋੜ ਦੇ ਮਹਾਦੇਵ ਐਪ ਘਪਲੇ ’ਚ ਜਲੰਧਰ ਦੇ ਬਿਲਡਰ ਦਾ ਵੀ ਨਾਂ ਸ਼ਾਮਲ, ED ਦੇ ਵੀ ਰਾਡਾਰ ’ਤੇ ਬੁੱਕੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711