12ਵੀਂ ਦੇ ਭੂਗੋਲ ਵਿਸ਼ੇ ''ਚ ਗਰੇਸ ਅੰਕ ਦਿੱਤੇ ਜਾਣ

Wednesday, Mar 21, 2018 - 03:57 PM (IST)

ਮੋਹਾਲੀ (ਨਿਆਮੀਆਂ) : ਜੌਗਰਫੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ, ਸਕੱਤਰ ਸਕੂਲ ਸਿੱਖਿਆ, ਪੰਜਾਬ ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਤੇ ਬੋਰਡ ਦੇ ਹੋਰ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਧਿਆਨ ਵਿਚ ਲਿਆਂਦਾ ਹੈ ਕਿ 12ਵੀਂ ਸ਼੍ਰੇਣੀ ਦੇ ਭੂਗੋਲ ਵਿਸ਼ੇ ਦੀ 15 ਮਾਰਚ ਨੂੰ ਹੋਈ ਪ੍ਰੀਖਿਆ ਵਿਚ ਕੁੱਲ 70 ਅੰਕਾਂ ਵਿਚੋਂ 10 ਅੰਕਾਂ ਦੇ ਪ੍ਰਸ਼ਨ ਪਾਠਕ੍ਰਮ ਅਨੁਸਾਰ ਨਹੀਂ ਪੁੱਛੇ ਗਏ ਤੇ ਜੋ ਪ੍ਰਸ਼ਨ ਪੱਤਰ ਤਿਆਰ ਕੀਤਾ ਗਿਆ ਹੈ, ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਸ਼ਨ ਪੱਤਰ ਤਿਆਰ ਕਰਨ ਲਈ 'ਬਣਤਰ' ਸਬੰਧੀ ਜੋ ਹਦਾਇਤਾਂ ਸਨ, ਉਨ੍ਹਾਂ ਦੀ ਪਾਲਣਾ ਨਹੀਂ ਕੀਤੀ ਗਈ।
ਇਸੇ ਤਰ੍ਹਾਂ ਇਸ ਵਿਸ਼ੇ ਦਾ ਨਵਾਂ ਸਿਲੇਬਸ ਅਪ੍ਰੈਲ 2017 ਵਿਚ ਹੀ ਲਾਗੂ ਕਰ ਦਿੱਤਾ ਗਿਆ ਸੀ ਪਰ ਇਸ ਸਬੰਧੀ ਬੋਰਡ ਵਲੋਂ ਨਵੀਂ ਪਾਠ-ਪੁਸਤਕ ਜਨਵਰੀ 2018 ਵਿਚ ਪ੍ਰਕਾਸ਼ਿਤ ਕੀਤੀ ਗਈ ਤੇ ਇਸ ਸਮੇਂ ਦੌਰਾਨ ਹੋਰ ਕਿਸੇ ਪੁਸਤਕ ਨੂੰ ਮਨਜ਼ੂਰੀ ਵੀ ਨਹੀਂ ਦਿੱਤੀ ਗਈ, ਜਿਸ ਨਾਲ ਵਿਦਿਆਰਥੀ ਪੂਰਾ ਸੈਸ਼ਨ/ਸਮਾਂ ਭੂਗੋਲ ਵਿਸ਼ੇ ਦੀ ਪੜ੍ਹਾਈ/ਤਿਆਰੀ ਨਹੀਂ ਕਰ ਸਕੇ। ਸੈੱਟ ਏ ਦਾ ਪ੍ਰਸ਼ਨ ਨੰਬਰ 29 (ਮਾਨ ਚਿੱਤਰ) ਪਾਠਕ੍ਰਮ ਅਨੁਸਾਰ ਨਹੀਂ ਪੁੱਛਿਆ ਗਿਆ, ਜੋ ਕਿ ਭਾਰਤ ਦਾ ਹੀ ਪੁੱਛਿਆ ਗਿਆ ਹੈ ਤੇ ਪਾਠਕ੍ਰਮ ਅਨੁਸਾਰ ਸੰਸਾਰ ਦੇ ਨਕਸ਼ੇ ਬਾਰੇ ਪੁੱਛਿਆ ਜਾਣਾ ਸੀ, ਜਿਸ ਨਾਲ 4 ਅੰਕਾਂ ਦਾ ਨੁਕਸਾਨ ਹੋਇਆ ਹੈ।
ਇਸੇ ਤਰ੍ਹਾਂ ਸੈੱਟ ਏ ਦਾ ਪ੍ਰਸ਼ਨ ਨੰਬਰ 26 'ਕਪਾਹ ਉਗਾਉਣ ਲਈ ਜ਼ਰੂਰੀ ਭੂਗੋਲਿਕ ਹਾਲਾਤ, ਉਤਪਾਦਨ ਤੇ ਵੰਡ ਸਬੰਧੀ ਪੁੱਛਿਆ ਗਿਆ ਹੈ, ਜਦੋਂ ਕਿ ਕਪਾਹ ਦੀ ਫਸਲ ਪਾਠਕ੍ਰਮ ਦਾ ਹਿੱਸਾ ਨਹੀਂ ਹੈ। ਇਸ ਪ੍ਰਸ਼ਨ ਨਾਲ ਵਿਦਿਆਰਥੀਆਂ ਦਾ 6 ਅੰਕਾਂ ਦਾ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਸਾਰੇ ਸੈੱਟਾਂ ਵਾਲੇ ਭਾਵ ਬੀ ਤੇ ਸੀ ਸੈੱਟਾਂ ਵਾਲੇ ਵਿਦਿਆਰਥੀਆਂ ਦਾ ਕੁੱਲ 10 ਅੰਕਾਂ ਦਾ ਨੁਕਸਾਨ ਹੋਇਆ ਹੈ।
ਬੋਰਡ ਵਲੋਂ ਜੋ ਹਦਾਇਤਾ ਪ੍ਰਸ਼ਨ ਪੱਤਰ ਤਿਆਰ ਕਰਨ ਲਈ ਹਨ, ਉਥੇ ਸਮੁੱਚੇ ਪ੍ਰਸ਼ਨ ਪੱਤਰ ਦੇ ਕੁੱਲ 8 ਪ੍ਰਸ਼ਨ ਪੁੱਛਣੇ ਸਨ, ਜਦੋਂਕਿ ਪੇਪਰ ਵਿਚ ਆਏ ਪ੍ਰਸ਼ਨ ਪੱਤਰਾਂ ਦੇ ਕੁੱਲ 29 ਪ੍ਰਸ਼ਨ ਪੁੱਛੇ ਗਏ ਹਨ, ਜਿਸ ਨਾਲ ਵਿਦਿਆਰਥੀ ਪੇਪਰ ਦੇਣ ਸਮੇਂ ਉਲਝਣ 'ਚ ਫਸੇ ਰਹੇ ਤੇ ਉਨ੍ਹਾਂ ਦਾ ਕਾਫੀ ਸਮਾਂ ਬਰਬਾਦ ਹੋਇਆ। ਜਥੇਬੰਦੀ ਦੇ ਆਗੂਆਂ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਜਨਰਲ ਸਕੱਤਰ ਦਿਲਬਾਗ ਸਿੰਘ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਾਨ, ਮੀਤ ਪ੍ਰਧਾਨ ਨਰੇਸ਼ ਕੁਮਾਰ, ਸਕੱਤਰ ਸਮਸ਼ੇਰ ਸਿੰਘ ਸ਼ੈਰੀ ਅਤੇ ਪਰਮਜੀਤ ਸਿੰਘ ਆਦਿ ਨੇ ਵਿਦਿਆਰਥੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ 20 ਗਰੇਸ ਅੰਕ ਦੇਣ ਦੀ ਮੰਗ ਕੀਤੀ ਹੈ।


Related News