ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ''ਚ ਵਾਪਰ ਰਹੀਆਂ ਘਟਨਾਵਾਂ ਸ਼ੱਕ ਦੇ ਘੇਰੇ ''ਚ

04/27/2018 10:08:35 AM

ਸਮਾਣਾ (ਅਨੇਜਾ)-ਸਰਕਾਰੀ ਸੈਕੰਡਰੀ ਸਕੂਲ (ਮੁੰਡੇ) 'ਚ ਪਿਛਲੇ ਦਿਨਾਂ ਤੋਂ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕੁੱਝ ਦਾਨੀ ਸੱਜਣਾਂ ਵੱਲੋਂ ਸਕੂਲ ਨੂੰ ਦਾਨ ਕੀਤੇ ਗਏ ਨਵੇਂ ਪੱਖਿਆਂ ਨੂੰ ਕਿਸੇ ਸ਼ਰਾਰਤੀ ਦੁਆਰਾ ਬਦਲ ਕੇ ਪੁਰਾਣੇ ਪੱਖੇ ਲਾਉਣ ਅਤੇ ਬੀਤੀ ਰਾਤ ਕੈਮਿਸਟਰੀ ਦੀ ਲੈਬ ਦਾ ਜਿੰਦਰਾ ਟੁੱਟਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਨ੍ਹਾਂ ਦੋਵਾਂ ਘਟਨਾਵਾਂ ਦੇ ਹੱਲ 'ਚ ਪੁਲਸ ਜੁਟ ਗਈ ਹੈ। ਜਾਣਕਾਰੀ ਅਨੁਸਾਰ ਸਕੂਲ 'ਚ ਕਿਸੇ ਦਾਨੀ ਸੱਜਣ ਵੱਲੋਂ ਪੱਖੇ ਦਾਨ ਕੀਤੇ ਗਏ ਸਨ, ਜਿਨ੍ਹਾਂ 'ਚੋਂ ਕਰੀਬ ਤਿੰਨ ਪੱਖਿਆਂ ਨੂੰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਉਤਾਰ ਕੇ ਉਸ ਦੀ ਥਾਂ ਪੁਰਾਣੇ ਪੱਖੇ ਲਾ ਦਿੱਤੇ ਹਨ। ਸਕੂਲ 'ਚ ਕੁਲ 83 ਪੱਖੇ ਦੱਸੇ ਜਾ ਰਹੇ ਹਨ। ਹੁਣ ਮੌਜੂਦਾ ਸਥਿਤੀ 'ਚ 79 ਪੱਖੇ ਰਹਿ ਗਏ ਹਨ, ਜਿਨ੍ਹਾਂ 'ਚੋਂ 4 ਪੱਖੇ ਤਾਂ ਬਿਲਕੁਲ ਹੀ ਗਾਇਬ ਦੱਸੇ ਜਾ ਰਹੇ ਹਨ। ਬੀਤੀ ਰਾਤ ਕੈਮਿਸਟਰੀ ਲੇਬ ਦਾ ਜਿੰਦਰਾ ਟੁੱਟਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਪੁਲਸ ਨੂੰ ਸਕੂਲ ਵੱਲੋਂ ਦੇ ਦਿੱਤੀ ਗਈ ਹੈ। ਪੁਲਸ ਜਾਂਚ 'ਚ ਜੁਟ ਗਈ ਹੈ। ਕੁਝ ਸਾਲ ਪਹਿਲਾਂ ਸਕੂਲ 'ਚੋਂ 5 ਕੰਪਿਊਟਰ ਮੋਨੀਟਰ ਸਣੇ ਚੋਰੀ ਹੋ ਗਏ ਸਨ, ਜਿਨ੍ਹਾਂ ਬਾਰੇ ਵੀ ਹਾਲੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ।
ਇਨ੍ਹਾਂ ਘਟਨਾਵਾਂ ਸਬੰਧੀ ਕਈ ਸ਼ੰਕੇ ਪੈਦਾ ਹੋ ਰਹੇ ਹਨ ਕਿ ਜਿਹੜੇ ਕਮਰਿਆਂ 'ਚੋਂ ਪੱਖੇ ਬਦਲੀ ਕੀਤੇ ਗਏ ਹਨ, ਉਨ੍ਹਾਂ ਨੂੰ ਪੱਕੇ ਤੌਰ 'ਤੇ ਜਿੰਦਰਾ ਲੱਗਾ ਰਹਿੰਦਾ ਹੈ। ਚੋਰਾਂ ਵੱਲੋਂ ਬੜੀ ਆਸਾਨੀ ਨਾਲ ਜਿੰਦਰਾ ਖੋਲ੍ਹ ਕੇ ਕਮਰੇ 'ਚ ਐਂਟਰੀ ਕਰ ਕੇ ਪੱਖੇ ਉਤਾਰ ਕੇ ਬਦਲੇ ਜਾ ਸਕਦੇ ਹਨ। ਇਹ ਸਵਾਲ ਕੋਈ ਮਿਲੀਭੁਗਤ ਦੀ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਨਜ਼ਰ ਆਉਂਦੇ ਹਨ। ਬੀਤੀ ਰਾਤ ਕੈਮਿਸਟਰੀ ਲੈਬ ਦੇ ਜਿੰਦਰੇ ਦਾ ਟੁੱਟਣਾ ਪਰ ਲੈਬ 'ਚੋਂ ਕੁੱਝ ਵੀ ਚੋਰੀ ਨਾ ਹੋਣਾ ਇਹ ਵੀ ਸਵਾਲਾਂ ਦੇ ਘੇਰੇ ਵਿਚ ਹੈ। ਲੋੜ ਹੈ ਇਸ ਦੀ ਡੂੰਘਾਈ ਨਾਲ ਜਾਂਚ ਹੋਣ ਦੀ ਤਾਂ ਜੋ ਸਕੂਲ 'ਚ ਕੋਈ ਹੋਰ ਚੋਰੀ ਦੀ ਘਟਨਾ ਨਾ ਵਾਪਰ ਸਕੇ।


Related News