ਸਰਕਾਰੀ ਡਾਕਟਰ ਤੇ ਸੰਸਦ ਮੈਂਬਰ ਆਹਮੋ-ਸਾਹਮਣੇ
Friday, Feb 09, 2018 - 01:29 PM (IST)

ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਆਹਮੋ-ਸਾਹਮਣੇ ਹੋ ਗਏ ਹਨ। ਡਾਕਟਰਾਂ ਵੱਲੋਂ ਹਸਪਤਾਲ ਦੇ ਕੰਮਾਂ 'ਚ ਔਜਲਾ ਵੱਲੋਂ ਬੇਲੋੜੀ ਦਖਲਅੰਦਾਜ਼ੀ ਕਰਦਿਆਂ ਲੋਕਾਂ ਸਾਹਮਣੇ ਬੇਇੱਜ਼ਤ ਕਰਨ ਦੇ ਦੋਸ਼ ਲਾਏ ਹਨ। ਡਾਕਟਰ ਵੱਲੋਂ ਇਸ ਸਬੰਧੀ 8 ਫਰਵਰੀ ਨੂੰ ਹਸਪਤਾਲ ਦੀਆਂ ਮੁਕੰਮਲ ਸਿਹਤ ਸੇਵਾਵਾਂ ਠੱਪ ਕਰ ਕੇ ਰੋਸ ਮੁਜ਼ਾਹਰਾ ਕਰਨ ਦਾ ਜਿਥੇ ਐਲਾਨ ਕੀਤਾ ਗਿਆ ਹੈ, ਉਥੇ ਹੀ ਔਜਲਾ ਨੇ ਕਿਹਾ ਕਿ ਜਦੋਂ ਤੱਕ ਸਿਹਤ ਸਹੂਲਤਾਂ ਵਿਚ ਢਿੱਲਮੱਠ ਕਰਨ ਵਾਲੇ ਡਾਕਟਰ ਸੁਧਰਨਗੇ ਨਹੀਂ, ਉਹ ਲੋਕਾਂ ਦੀ ਸੁਵਿਧਾ ਲਈ ਅਚਨਚੇਤ ਛਾਪੇਮਾਰੀ ਜਾਰੀ ਰੱਖਣਗੇ।
ਜਾਣਕਾਰੀ ਅਨੁਸਾਰ ਔਜਲਾ ਦੀ ਅਗਵਾਈ ਵਿਚ ਵਿਜੀਲੈਂਸ ਦੀ ਉੱਚ ਪੱਧਰੀ ਟੀਮ ਵੱਲੋਂ ਬੀਤੇ ਦਿਨ ਹਸਪਤਾਲ ਦੀ ਕੀਤੀ ਗਈ ਚੈਕਿੰਗ ਤੋਂ ਡਾਕਟਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਡਾਕਟਰਾਂ ਨੇ ਅੱਜ ਇਸੇ ਸਬੰਧ 'ਚ ਪੰਜਾਬ ਮੈਡੀਕਲ ਤੇ ਡੈਂਟਲ ਟੀਚਰਜ਼ ਐਸੋਸੀਏਸ਼ਨ ਦੀ ਅਗਵਾਈ ਵਿਚ ਹਸਪਤਾਲ ਦੇ ਸੈਮੀਨਾਰ ਹਾਲ 'ਚ ਐਮਰਜੈਂਸੀ ਮੀਟਿੰਗ ਬੁਲਾਈ, ਜਿਸ ਵਿਚ ਮੌਜੂਦ ਡਾਕਟਰਾਂ ਨੇ ਕਿਹਾ ਕਿ ਔਜਲਾ ਵਿਜੀਲੈਂਸ ਟੀਮ ਨੂੰ ਹਸਪਤਾਲ ਵਿਚ ਲਿਆ ਕੇ ਡਾਕਟਰਾਂ ਨੂੰ ਚੋਰ ਸਾਬਿਤ ਕਰਨ 'ਤੇ ਤੁਲੇ ਹੋਏ ਹਨ, ਜਦਕਿ ਅਸਲੀਅਤ ਇਹ ਹੈ ਹਸਪਤਾਲ 'ਚ ਸੁਵਿਧਾਵਾਂ ਦੀ ਘਾਟ ਹੋਣ ਦੇ ਬਾਵਜੂਦ ਡਾਕਟਰ ਵਰਗ ਆਪਣੀਆਂ ਜੇਬਾਂ 'ਚੋਂ ਪੈਸੇ ਖਰਚ ਕਰ ਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਹਸਪਤਾਲ 'ਚ ਡਾਕਟਰਾਂ ਦੀ ਚੰਗੀ ਕਾਰਗੁਜ਼ਾਰੀ ਕਰ ਕੇ ਹੀ ਅੱਜ ਗੁਰੂ ਨਾਨਕ ਦੇਵ ਹਸਪਤਾਲ ਇੰਟਰਨੈਸ਼ਨਲ ਪੱਧਰ 'ਤੇ ਵਧੀਆ ਕੰਮਾਂ ਲਈ ਪ੍ਰਸਿੱਧ ਹੈ। ਪੰਜਾਬ ਸਰਕਾਰ ਖੁਦ ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਸਪਤਾਲ ਦੀਆਂ ਖਾਮੀਆਂ ਨੂੰ ਵਾਰ-ਵਾਰ ਅਧਿਕਾਰੀਆਂ ਵੱਲੋਂ ਲਿਖਤੀ ਪੱਤਰ ਭੇਜਣ ਦੇ ਬਾਵਜੂਦ ਠੀਕ ਕਰਵਾਉਂਦੀ ਨਹੀਂ ਬਲਕਿ ਉਸ ਦੇ ਲੀਡਰ ਉਲਟਾ ਡਾਕਟਰਾਂ ਨੂੰ ਹੀ ਅੱਖਾਂ ਦਿਖਾਉਂਦੇ ਹਨ। ਔਜਲਾ ਲੋਕਾਂ ਸਾਹਮਣੇ ਭਗਵਾਨ ਦਾ ਦੂਸਰਾ ਰੂਪ ਸਮਝੇ ਜਾਂਦੇ ਡਾਕਟਰਾਂ ਨੂੰ ਬੇਇੱਜ਼ਤ ਕਰ ਰਹੇ ਹਨ, ਜੋ ਜਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ। ਡਾਕਟਰਾਂ ਨੇ ਕਿਹਾ ਕਿ 8 ਫਰਵਰੀ ਨੂੰ ਓ. ਪੀ. ਡੀ., ਆਪ੍ਰੇਸ਼ਨ ਥੀਏਟਰ ਆਦਿ ਦਾ ਕੰਮਕਾਜ ਠੱਪ ਕਰ ਕੇ 1 ਰੋਜ਼ਾ ਹੜਤਾਲ ਕੀਤੀ ਜਾਵੇਗੀ, ਜਿਸ ਵਿਚ ਹਸਪਤਾਲ ਦੇ ਸਮੂਹ ਡਾਕਟਰ ਵੱਡੀ ਗਿਣਤੀ 'ਚ ਹਿੱਸਾ ਲੈਣਗੇ।