ਸਰਕਾਰੀ ਰਾਜਿੰਦਰਾ ਹਸਪਤਾਲ ਖੁਦ ''ਬੀਮਾਰ''

Monday, Jun 18, 2018 - 12:21 AM (IST)

ਸਰਕਾਰੀ ਰਾਜਿੰਦਰਾ ਹਸਪਤਾਲ ਖੁਦ ''ਬੀਮਾਰ''

ਪਟਿਆਲਾ,   (ਜੋਸਨ, ਲਖਵਿੰਦਰ)-  ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ਦਾ ਸਰਕਾਰੀ ਰਾਜਿੰਦਰਾ ਹਸਪਤਾਲ ਖੁਦ 'ਬੀਮਾਰ' ਹੋ ਚੁੱਕਾ ਹੈ। ਪੰਜਾਬ ਮਾਲਵੇ ਦੇ ਵੱਖ-ਵੱਖ ਜ਼ਿਲਿਆਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਰੋਜ਼ਾਨਾ ਮਰੀਜ਼ ਦਵਾਈ ਲੈਣ ਆਉਂਦੇ ਹਨ ਪਰ ਇੱਥੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ। ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਅੱਤ ਦੀ ਗਰਮੀ ਵਿਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਬਿਨਾਂ ਛੱਤ ਦੇ 45 ਡਿਗਰੀ ਟੈਂਪਰੇਚਰ ਵਿਚ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਸਪਤਾਲ ਵਿਚ ਸ਼ੈੱਡਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਬੈਠਣ-ਉਠਣ ਤੇ ਰਾਤ ਵੇਲੇ ਸੌਣ ਵੇਲੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਜ਼ਿਕਰਯੋਗ ਹੈ ਕਿ ਐਮਰਜੈਂਸੀ ਵਾਰਡ ਦੇ ਸਾਹਮਣੇ ਮਰੀਜ਼ਾਂ ਦੇ ਬੈਠਣ ਲਈ ਇਕ ਪਾਰਕ ਵੀ ਬਣਿਆ ਹੋਇਆ ਹੈ, ਜਿਸ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ। ਉਥੇ ਲੱਗੇ ਬੈਂਚ ਟੁੱਟ ਚੁੱਕੇ ਹਨ। ਇਕ ਫੁਹਾਰਾ ਬਣਾਇਆ ਹੋਇਆ ਸੀ। ਉਹ ਵੀ ਹੁਣ ਖਰਾਬ ਹੈ। ਪਾਰਕ ਵਿਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਬੈਠਣ ਲਈ ਜਿਹੜਾ ਸ਼ੈੱਡ ਬਣਾਇਆ ਹੋਇਆ ਸੀ, ਉਸ ਵਿਚ ਪੱਖੇ ਨਹੀਂ ਲੱਗੇ।  ਗਰਮੀ ਵਿਚ ਉਥੇ ਬੈਠਣਾ ਬਹੁਤ ਮੁਸ਼ਕਲ ਹੈ। ਪਾਰਕ ਵਿਚ ਲੱਗਾ ਘਾਹ ਵੀ ਪੂਰੀ ਤਰ੍ਹਾਂ ਸੁੱਕ ਚੁੱਕਾ ਹੈ। 
ਵਾਟਰ ਕੂਲਰ ਤਾਂ ਚਲਦੇ ਹਨ ਪਰ ਆਰ. ਓ. ਖਰਾਬ : ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਕਾਰਨ ਜਿੱਥੇ ਮਾਹਰ ਡਾਕਟਰਾਂ ਵੱਲੋਂ ਵੱਧ ਤੋਂ ਵੱਧ ਅਤੇ ਸਾਫ-ਸੁਥਰਾ ਪਾਣੀ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ, ਉਥੇ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਕਈ ਵਾਟਰ ਕੂਲਰ ਖਰਾਬ ਹਨ। ਜਿਹੜੇ ਚੱਲ ਰਹੇ ਹਨ, ਇਨ੍ਹਾਂ ਦੇ ਆਰ. ਓ. ਖਰਾਬ ਪਏ ਹਨ, ਜਿਸ ਕਾਰਨ ਲੋਕਾਂ ਨੂੰ ਦੂਸ਼ਤ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਵਾਟਰ ਕੂਲਰ ਬੁਰੀ ਤਰ੍ਹਾਂ ਲੀਕ ਕਰਦੇ ਹਨ, ਜਿਸ ਕਰ ਕੇ ਇਨ੍ਹਾਂ ਦੇ ਹੇਠਾਂ ਹਮੇਸ਼ਾ ਗੰਦਗੀ ਪਈ ਰਹਿੰਦੀ ਹੈ। ਪਾਣੀ ਪੀਣ ਵਾਲਿਆਂ ਨੂੰ ਹਮੇਸ਼ਾ ਬੀਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। 
ਵਾਰਡਾਂ ਦੇ ਬਾਹਰ ਡਿੱਗੇ ਦਰੱਖਤ, ਟੁੱਟੇ ਖੰਭੇ ਅਤੇ ਗੰਦਗੀ ਦੇ ਢੇਰ : ਸਰਕਾਰੀ ਰਾਜਿੰਦਰਾ ਹਸਪਤਾਲ ਦੀ ਵਾਰਡ ਦੇ ਬਾਹਰ ਪਿਛਲੇ ਥੋੜ੍ਹੇ ਸਮੇਂ ਤੋਂ ਇਕ ਦਰੱਖਤ ਟੁੱਟ ਕੇ ਡਿੱਗਾ ਪਿਆ ਹੈ। ਇਸ ਦੇ ਨਾਲ ਹੀ ਦੋ ਖੰਭੇ ਵੀ ਟੁੱਟੇ ਪਏ ਹਨ, ਜਿਸ ਵੱਲ ਕਿਸੇ ਵੀ ਅਧਿਕਾਰੀ ਦਾ ਕੋਈ ਧਿਆਨ ਜਾਂਦਾ ਨਹੀਂ ਦਿਸ ਰਿਹਾ। ਕੁੱਝ ਵਾਰਡਾਂ ਦੇ ਬਾਹਰ ਗੰਦਗੀ ਦੇ ਢੇਰ ਲੱਗੇ ਦਿਖਾਈ ਦੇ ਰਹੇ ਹਨ। ਹਸਪਤਾਲ ਦੇ ਕਾਰੀਡੋਰ ਵਿਚ ਜੁਗਾੜੂ ਸਿਸਟਮ ਨਾਲ ਤਰੀਕੇ ਨਾਲ ਕੂਲਰ ਵੀ ਰੱਖਿਆ ਹੋਇਆ ਹੈ, ਜਿਸ ਦੀਆਂ ਨੰਗੀਆਂ ਤਾਰਾਂ ਭਿਆਨਕ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। 


Related News