ਕਹਿਰ ਦੀ ਗਰਮੀ ਦੌਰਾਨ ਪ੍ਰਵਾਸੀ ਬੀਬੀ ਨੇ ਸੜਕ ਕਿਨਾਰੇ ਦਿੱਤਾ ਨੰਨ੍ਹੀ ਬੱਚੀ ਨੂੰ ਜਨਮ
Wednesday, Jul 29, 2020 - 06:22 PM (IST)
ਸਰਦੂਲਗੜ੍ਹ (ਪਵਨ ਸਿੰਗਲਾ): ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਦੂਜੇ ਰਾਜਾਂ ਦੇ ਮੁਕਾਬਲੇ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਮਗਜੇ ਮਾਰਨ ਵਾਲੀ ਪੰਜਾਬ ਸਰਕਾਰ ਦੀ ਪੋਲ ਉਸ ਸਮੇ ਖੁੱਲ੍ਹ ਕੇ ਸਾਹਮਣੇ ਆਈ ਜਦੋਂ ਹਰਿਆਣਵੀ ਜਨਾਨੀ ਵਲੋਂ ਕਹਿਰ ਦੀ ਗਰਮੀ ਦੌਰਾਨ ਖੁੱਲ੍ਹੇ ਆਸਮਾਨ ਹੇਠ ਸੜਕ ਕਿਨਾਰੇ ਇਕ ਨੰਨ੍ਹੀ ਛਾਂ ਨੂੰ ਜਨਮ ਦਿੱਤਾ। ਜਨਮ ਦੇਣ ਤੋਂ ਬਾਅਦ ਉਸ ਜਨਾਨੀ ਦੇ ਹਸਪਤਾਲ ਪਹੁੰਚਣ ਤੇ ਵੀ ਹਸਪਤਾਲ ਦੀਆਂ ਨਰਸਾਂ ਵਲੋਂ ਕੋਈ ਖਾਸ ਇਲਾਜ ਮਹੁੱਈਆ ਨਹੀਂ ਕੀਤਾ ਗਿਆ, ਜਿਸ ਨੂੰ ਸੁਣ ਕੇ ਇਨਸਾਨੀਅਤ ਪੂਰੀ ਤਰ੍ਹਾਂ ਸ਼ਰਮਸਾਰ ਹੋ ਗਈ।
ਇਹ ਵੀ ਪੜ੍ਹੋ: UAE 'ਚ ਫ਼ੌਤ ਹੋਏ ਨੌਜਵਾਨ ਦੀ ਮ੍ਰਿਤਕ ਦੇਹ ਐੱਸ.ਪੀ. ਓਬਰਾਏ ਦੇ ਯਤਨਾਂ ਸਕਦਾ ਪਿੰਡ ਪਹੁੰਚੀ
ਜਾਣਕਾਰੀ ਮੁਤਾਬਕ ਚਾਰ ਦਿਨ ਪਹਿਲਾਂ ਹਰਿਆਣਾ ਦੇ ਭਵਾਨੀ ਨਾਲ ਸਬੰਧਤ ਸਿੰਗੀ ਲਗਾਉਣ ਦਾ ਕੰਮ ਕਰਦੇ ਇਕ ਬੇਹੱਦ ਗਰੀਬ ਪਰਿਵਾਰ ਅਮਨ ਰਾਮ ਆਪਣੀ ਪਤਨੀ ਅਤੇ ਸੱਸ ਨੂੰ ਲੈ ਕੇ ਸਰਦੂਲਗੜ੍ਹ ਦੀ ਸਬਜੀ ਮੰਡੀ ਦੇ ਨੇੜੇ ਬਣੇ ਫੜ੍ਹਾਂ ਉਪਰ ਡੇਰਾ ਲਗਾਇਆ ਗਿਆ। ਇਸ ਦੌਰਾਨ ਅਮਨ ਰਾਮ ਦੀ ਗਰਭਵਤੀ ਪਤਨੀ ਰੇਸ਼ਮਾ ਨੇ ਬੀਤੀ ਰਾਤ ਖੁੱਲ੍ਹੇ ਆਸਮਾਨ ਹੇਠ ਸੜ੍ਹਕ ਦੇ ਕਿਨਾਰੇ ਬਣੇ ਫੜ੍ਹਾਂ 'ਤੇ ਹੀ ਇਕ ਨੰਨ੍ਹੀ ਛਾਂ (ਬੱਚੀ) ਨੂੰ ਜਨਮ ਦਿੱਤਾ। ਨੰਨੀ ਛਾਂ ਨੂੰ ਜਨਮ ਦੇਣ ਤੋਂ ਬਾਅਦ ਮਾਂ ਅਤੇ ਉਸਦੀ ਬੱਚੀ ਕਈ ਘੰਟੇ ਲਗਾਤਾਰ ਸੜਕ ਕਿਨਾਰੇ ਬਣੇ ਫੜ੍ਹਾਂ ਉਪਰ ਜ਼ਮੀਨ ਤੇ ਹੀ ਪਏ ਰਹੇ। ਜਦੋਂ ਇਸ ਸਬੰਧੀ ਸਬਜ਼ੀ ਮੰਡੀ ਦੇ ਵਾਈਸ ਪ੍ਰਧਾਨ ਮੋਹਣ ਲਾਲ ਸ਼ਰਮਾ ਨੇ ਬੱਚੀ ਦੀ ਮਾਂ ਨੂੰ ਬੁਖਾਰ ਕਾਰਨ ਤੜਫਦੀ ਹੋਈ ਵੇਖਿਆ ਤਾਂ ਉਸ ਵਲੋਂ ਸਮਾਜ ਸੇਵੀ ਕਾਕਾ ਉਪਲ ਸਰਦੂਲਗੜ੍ਹ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਸਮਾਜ ਸੇਵੀ ਕਾਕਾ ਉਪਲ ਵਲੋਂ ਤਰੁੰਤ ਐਂਬੂਲੈਂਸ ਲੈ ਕੇ ਬੱਚੀ ਸਮੇਤ ਉਸਦੀ ਮਾਂ ਨੂੰ ਸਰਦੂਲਗੜ੍ਹ ਦੇ ਸਿਵਲ ਹਸਪਤਾਲ 'ਚ ਇਲਾਜ ਅਧੀਨ ਲਿਆਂਦਾ ਗਿਆ। ਇਸ ਸਬੰਧੀ 'ਜਗ ਬਾਣੀ' ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਨੰਨ੍ਹੀ ਛਾਂ ਦੇ ਪਿਤਾ ਅਮਨ ਰਾਮ ਨੇ ਦੱਸਿਆ ਕਿ ਉਸ ਕੋਲੋਂ ਬਾਜ਼ਾਰ 'ਚੋਂ ਟੀਕਾ ਮੰਗਵਾਉਣ ਦੇ ਬਾਵਜੂਦ ਵੀ 2 ਘੰਟੇ ਬੀਤ ਜਾਣ ਤੇ ਵੀ ਟੀਕਾ ਨਹੀਂ ਲਗਾਇਆ ਗਿਆ।