ਮਹਿਲਾ ਪੱਤਰਕਾਰਾਂ ਲਈ ‘ਆਪ’ ਸਰਕਾਰ ਨੇ ਲਿਆ ਅਹਿਮ ਫ਼ੈਸਲਾ

Friday, Jun 02, 2023 - 02:46 AM (IST)

ਮਹਿਲਾ ਪੱਤਰਕਾਰਾਂ ਲਈ ‘ਆਪ’ ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਨੂੰ ਬਣਦਾ ਦਰਜਾ ਅਤੇ ਸਨਮਾਨ ਦੇਣ ਲਈ ਵਚਨਬੱਧ ਹੈ। ਇਸੇ ਮੰਤਵ ਦੀ ਦਿਸ਼ਾ ਵੱਲ ਵਧਦਿਆਂ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ, ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਮਹਿਲਾ ਪੱਤਰਕਾਰ ਹਰਦੀਪ ਕੌਰ ਦੀ ਅਗਵਾਈ ਵਾਲੇ ਦਿਸ਼ਾ ਫ਼ਾਊਂਡੇਸ਼ਨ ਵੱਲੋਂ ਕਰਵਾਈ ਗਈ ਰਾਸ਼ਟਰੀ ਮਹਿਲਾ ਪੱਤਰਕਾਰ ਕਾਨਫਰੰਸ ’ਚ ਸ਼ਿਰਕਤ ਕੀਤੀ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਮਾਜ ਔਰਤਾਂ ਬਿਨਾਂ ਅਧੂਰਾ ਹੈ। ਇਸ ਸਮਾਗਮ ਦਾ ਉਦੇਸ਼ ਮੌਜੂਦਾ ਸਮੇਂ ਵਿਚ ਪੱਤਰਕਾਰੀ ਖੇਤਰਾਂ ’ਚ ਸਫ਼ਲਤਾਪੂਰਵਕ ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਵਿਚ ਹਿੰਮਤ ਅਤੇ ਉਤਸ਼ਾਹ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪੱਤਰਕਾਰਾਂ ਲਈ ਸੂਬਾ ਪੱਧਰੀ ਸਮਾਗਮ ਅਗਲੇ ਸਾਲ ਪਟਿਆਲਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ ਮਹਿਲਾ ਪੱਤਰਕਾਰਾਂ ਲਈ ਉਨ੍ਹਾਂ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇਕ ਪਲੇਟਫਾਰਮ ਤਿਆਰ ਕਰਨਾ ਹੈ, ਜੋ ਉਨ੍ਹਾਂ ਨੂੰ ਆਪਣੇ ਪੇਸ਼ੇ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਹੱਲ ਲਈ ਅਨੁਕੂਲ ਵਾਤਾਵਰਣ ਨੂੰ ਉਤਸ਼ਾਹਿਤ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਡਕੈਤੀ ਮਾਮਲਾ, AGTF ਨੇ ਮੁਕਾਬਲੇ ਮਗਰੋਂ ਹਥਿਆਰਾਂ ਸਣੇ ਦੋ ਮੁਲਜ਼ਮ ਕੀਤੇ ਕਾਬੂ

ਲੋਕ ਸੰਪਰਕ ਮੰਤਰੀ ਜੌੜਾਮਾਜਰਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿਚ ਔਰਤ ਦਾ ਦਰਜਾ ਬਹੁਤ ਵੱਡਾ ਹੈ। ਸਮਾਜ ਵਿਚ ਇਸਤਰੀ ਦੀ ਭੂਮਿਕਾ ਇਕ ਮਾਂ, ਭੈਣ ਤੇ ਪਤਨੀ ਦੀ ਹੈ। ਇਸਤਰੀ ਤੋਂ ਬਿਨਾਂ ਸਮਾਜ ਦਾ ਵਿਕਾਸ ਸੰਭਵ ਨਹੀਂ ਹੈ। ਇਸ ਲਈ ਉਨ੍ਹਾਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਔਰਤਾਂ ਦਾ ਸਨਮਾਨ ਕਰੀਏ। ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਹ ਵੀ ਕਿਹਾ ਕਿ ਉਸ ਦੇ ਸਮੇਤ ਅੱਜ ਹਰ ਪਿਓ ਆਪਣੀ ਧੀ ਨੂੰ ਫਿਰ ਭਾਵੇਂ ਉਹ ਪੁਲਸ ਵਿਚ ਹੀ ਕਿਉਂ ਨਾ ਹੋਵੇ, ਰਾਤ ਵੇਲੇ ਭੇਜਣ ਲਈ ਅਸੁਰੱਖਿਅਤ ਮਹਿਸੂਸ ਕਰਦਾ ਹੈ, ਉਨ੍ਹਾਂ ਕਿਹਾ ਕਿ ਇਹ ਸਭ ਕੁਝ ਅਜਿਹੇ ਲੋਕ ਹੀ ਕਰਦੇ ਹਨ, ਜਿਨ੍ਹਾਂ ਨੂੰ ਧੀ ਭੈਣ ਦੀ ਇੱਜ਼ਤ ਬਾਰੇ ਬਿਲਕੁਲ ਵੀ ਪ੍ਰਵਾਹ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਔਰਤਾਂ ਦੀ ਸੁਰਖਿਆ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅੱਜ ਦਾ ਯੁੱਗ ਮਰਦ ਪ੍ਰਧਾਨ ਯੁੱਗ ਨਹੀਂ ਰਿਹਾ ਬਲਕਿ ਔਰਤਾਂ ਹਰ ਖੇਤਰ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।

ਅੱਜ ਦੇ ਯੁੱਗ ਵਿਚ ਹਰ ਔਰਤ ਚਾਹੇ ਉਹ ਘਰ ਜਾਂ ਬਾਹਰ ਕੋਈ ਵੀ ਕੰਮ ਕਰ ਰਹੀ ਹੈ, ਉਨ੍ਹਾਂ ਵੱਲੋਂ ਕੀਤੇ ਜਾ ਰਿਹਾ ਹਰ ਕੰਮ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਔਰਤਾਂ ਲਈ ਚਹੁੰ-ਪੱਖੀ ਵਿਕਾਸ ਕਰਨ ਦਾ ਮੌਕਾ ਹੈ। ਉਨ੍ਹਾਂ ਮਹਿਲਾ ਪੱਤਰਕਾਰਾਂ ਨੂੰ ਹਿੰਮਤ ਦਿੰਦਿਆਂ ਕਿਹਾ ਕਿ ਔਰਤਾਂ ਵਿੱਚ ਹਰ ਤਰ੍ਹਾਂ ਦਾ ਹੁਨਰ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਵੱਧ ਤੋਂ ਵੱਧ ਅੱਗੇ ਆਉਣ ਅਤੇ ਸਮਾਜ ਵਿੱਚ ਆਪਣਾ ਨਾਂ ਰੌਸ਼ਨ ਕਰਨ। ਇਸ ਮੌਕੇ ਮਹਿਲਾ ਪੱਤਰਕਾਰਾਂ ਨੇ ਆਪਣੇ ਖੇਤਰ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਮੰਗ ਪੱਤਰ ਸੌਪਿਆ। ਮੰਤਰੀ ਵੱਲੋਂ ਜਾਇਜ਼ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਤੇਲੰਗਾਨਾ, ਦਿੱਲੀ ਅਤੇ ਉਡੀਸਾ ਤੋਂ ਆਈਆਂ ਮਹਿਲਾ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ।
 


author

Manoj

Content Editor

Related News