ਸਰਕਾਰੀ ਹਸਪਤਾਲਾਂ ''ਚ ਨਹੀਂ ਕੁੱਤੇ ਦੇ ਵੱਢੇ ਦਾ ਇਲਾਜ, ਮਰੀਜ਼ਾਂ ਨੂੰ ਬਾਹਰੋਂ ਖਰੀਦਣਾ ਪੈ ਰਿਹਾ ਟੀਕਾ

07/22/2019 10:07:39 AM

ਪਟਿਆਲਾ—ਪੰਜਾਬ 'ਚ ਕੁੱਤਿਆਂ ਵਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਨਿੱਤ ਦਿਨ ਵਾਪਰ ਰਹੀਆਂ ਹਨ। ਪਿਛਲੇ ਡੇਢ ਸਾਲ ਦੌਰਾਨ ਸੂਬੇ ਵਿਚ 1.63 ਲੱਖ ਵਿਅਕਤੀਆਂ ਨੂੰ ਕੁੱਤਿਆਂ ਨੇ ਵੱਢਿਆ ਸਰਕਾਰੀ ਹਸਪਤਾਲਾਂ ਵਿਚ ਕੁੱਤੇ ਦੇ ਵੱਢਣ 'ਤੇ ਮਰੀਜ਼ਾਂ ਦਾ ਇਲਾਜ ਮੁਫ਼ਤ ਹੁੰਦਾ ਹੈ ਪਰ ਅਸਲ 'ਚ ਅਜਿਹਾ ਨਹੀਂ ਹੈ। ਕੁੱਤੇ ਵਲੋਂ ਸਿਰਫ਼ ਨਹੁੰਦਰਾਂ ਮਾਰੀਆਂ ਹੋਣ ਜਾਂ ਘੱਟ ਜ਼ਖ਼ਮ ਹੋਵੇ ਤਾਂ ਇਨ੍ਹਾਂ ਹਸਪਤਾਲਾਂ 'ਚ ਟੀਕੇ ਮੁਫ਼ਤ ਲੱਗ ਜਾਂਦੇ ਹਨ ਪਰ ਡੂੰਘਾ ਜ਼ਖਮ ਹੋਣ 'ਤੇ 'ਐਂਟੀ ਰੇਬੀਜ਼ ਸਿਰਮ' ਦੀ ਲੋੜ ਪੈਂਦੀ ਹੈ, ਜਿਸ ਦਾ ਪ੍ਰਬੰਧ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਨਹੀਂ ਹੈ। ਇਹ ਮਰੀਜ਼ਾਂ ਨੂੰ ਖੁਦ ਬਾਜ਼ਾਰੋਂ ਟੀਕੇ ਖਰੀਦਣੇ ਪੈਂਦੇ ਹਨ ਤੇ ਇਨ੍ਹਾਂ ਟੀਕਿਆਂ 'ਤੇ ਪੰਜ ਤੋਂ 25 ਹਜ਼ਾਰ ਰੁਪਏ ਤਕ ਖਰਚਾ ਆਉਂਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਜੇ ਕੁੱਤੇ ਵੱਲੋਂ ਸਿਰਫ਼ ਨਹੁੰਦਰ ਮਾਰੀ ਹੋਵੇ ਜਾਂ ਜ਼ਖਮ ਬਹੁਤਾ ਨਾ ਹੋਵੇ ਤਾਂ ਐਂਟੀ ਰੇਬੀਜ਼ ਦਵਾਈ 'ਤੇ ਆਧਾਰਿਤ 3 ਤੋਂ 5 ਟੀਕੇ ਲੱਗਦੇ ਹਨ ਤੇ ਇਹ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਲੱਗਦੇ ਹਨ ਪਰ ਜੇ ਜ਼ਖਮ ਜ਼ਿਆਦਾ ਹੋ ਜਾਵੇ ਤਾਂ 'ਐਂਟੀ ਰੇਬੀਜ਼ ਸਿਰਮ' 'ਤੇ ਆਧਾਰਿਤ 'ਈਮਿਓੂਨੋ ਗਲੋਬਲਿਨ ਵੈਕਸੀਨ' ਦੀ ਲੋੜ ਪੈਂਦੀ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਹਨ। ਮਨੁੱਖੀ ਸਿਰਮ (ਖੂਨ ਵਿਚਲਾ ਤੱਤ) ਤੋਂ ਬਣੇ ਇਸ ਟੀਕੇ ਦੀ ਕੀਮਤ 25 ਹਜ਼ਾਰ ਰੁਪਏ ਹੈ। ਅਜਿਹਾ ਹੀ ਟੀਕਾ ਘੋੜੇ ਦੇ ਸਿਰਮ ਤੋਂ ਵੀ ਤਿਆਰ ਕੀਤਾ ਜਾਂਦਾ ਹੈ, ਜਿਸ ਦੀ ਕੀਮਤ ਕਰੀਬ 1500 ਹੈ। ਅਜਿਹੇ ਟੀਕੇ ਖੁਦ ਖਰੀਦਣ ਦੀ ਸਮਰੱਥਾ ਨਾ ਰੱਖਣ ਵਾਲੇ ਮਰੀਜ਼ ਅਜਿਹੇ ਟੀਕੇ ਲਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਸਾਧਾਰਨ ਟੀਕੇ ਲਵਾ ਕੇ ਹੀ ਸਾਰ ਲੈਂਦੇ ਹਨ।


Shyna

Content Editor

Related News