‘ਅੱਜ 12 ਵਜੇ ਤੱਕ ਸਰਕਾਰ ਨੇ 108 ਐਂਬੂਲੈਂਸ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਨੈਸ਼ਨਲ ਹਾਈਵੇ ਕਰਾਂਗੇ ਜਾਮ’
Sunday, Jan 15, 2023 - 04:57 AM (IST)
ਲੁਧਿਆਣਾ (ਅਨਿਲ)-ਲਾਡੋਵਾਲ ਟੋਲ ਪਲਾਜ਼ਾ ’ਤੇ ਪਿਛਲੇ 3 ਦਿਨਾਂ ਤੋਂ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ 108 ਐਂਬੂਲੈਂਸ ਐਸੋਸੀਏਸ਼ਨ ਦੇ ਮੁਲਾਜ਼ਮਾਂ ਦੀ ਅੱਜ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਦਾ ਕੋਈ ਸੁਨੇਹਾ ਨਾ ਮਿਲਣ ਤੋਂ ਬਾਅਦ ਐਸੋਸੀਏਸ਼ਨ ਨੇ ਨੈਸ਼ਨਲ ਹਾਈਵੇ ਜਾਮ ਕਰਨ ਦਾ ਐਲਾਨ ਕਰ ਦਿੱਤਾ। ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਅੱਜ ਪ੍ਰੈੱਸ ਨੂੰ ਦੱਸਿਆ ਕਿ ਪੰਜਾਬ ਬਦਲਾਅ ਲਿਆਉਣ ਦਾ ਰਾਗ ਅਲਾਪ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਰਾਹ ’ਤੇ ਚੱਲ ਰਹੀ ਹੈ। ਸਾਡੀ ਯੂਨੀਅਨ ਪਿਛਲੇ 3 ਦਿਨਾਂ ਤੋਂ ਕੜਾਕੇ ਦੀ ਠੰਡ ’ਚ ਆਪਣੀਆਂ ਮੰਗਾਂ ਖਾਤਿਰ ਟੋਲ ਪਲਾਜ਼ਾ ’ਤੇ ਧਰਨਾ ਲਾ ਕੇ ਬੈਠੀ ਹੋਈ ਹੈ ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ, ਜੋ ਸਾਨੂੰ ਰੋਜ਼ ਲੌਲੀਪੋਪ ਦੇ ਕੇ ਧਰਨਾ ਖ਼ਤਮ ਕਰਵਾਉਣਾ ਚਾਹੁੰਦੀ ਹੈ ਪਰ ਅਸੀਂ ਉਦੋਂ ਤੱਕ ਆਪਣਾ ਧਰਨਾ ਨਹੀਂ ਚੁੱਕਾਂਗੇ, ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ’ਤੇ ਅਮਲ ਨਹੀਂ ਕਰਦੀ।
ਇਹ ਖ਼ਬਰ ਵੀ ਪੜ੍ਹੋ : ਅਜਬ-ਗਜ਼ਬ : ਬੁਆਏਫ੍ਰੈਂਡ ਹੋਣ ਦੇ ਬਾਵਜੂਦ ਔਰਤ ਨੇ ਕਰਵਾਇਆ ‘ਰਜਾਈ’ ਨਾਲ ਵਿਆਹ !
ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਐਤਵਾਰ 12 ਵਜੇ ਤੱਕ ਸਾਡੀਆਂ ਮੰਗਾਂ ’ਤੇ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਅਸੀਂ 108 ਐਂਬੂਲੈਂਸਾਂ ਦੇ ਨਾਲ ਲਾਡੋਵਾਲ ਟੋਲ ਪਲਾਜ਼ਾ ’ਤੇ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਜਾਮ ਕਰਾਂਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਪ੍ਰਧਾਨ ਨਿੱਝਰ ਨੇ ਕਿਹਾ ਕਿ 1450 ਮੁਲਾਜ਼ਮ 108 ਐਂਬੂਲੈਂਸ ’ਤੇ ਪਿਛਲੇ 11 ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ ਮੰਨਣ ਦੀ ਮੰਗ ਕਰ ਰਹੇ ਹਨ ਪਰ ਅੱਜ ਤੱਕ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪੰਜਾਬ ਸਰਕਾਰ ਦੀ ਅਜਿਹੀ ਕੀ ਮਜਬੂਰੀ ਹੈ ਕਿ ਉਹ 108 ਐਂਬੂਲੈਂਸ ਦੇ ਠੇਕੇਦਾਰ ਨੂੰ ਛੱਡਣਾ ਨਹੀਂ ਚਾਹੁੰਦੀ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਕੈਨੇਡਾ ਤੋਂ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਕਈ ਜਥੇਬੰਦੀਆਂ ਅਤੇ ਯੂਨੀਅਨਾਂ ਨੇ ਐਸੋਸੀਏਸ਼ਨ ਨੂੰ ਖੁੱਲ੍ਹ ਕੇ ਦਿੱਤੀ ਹਮਾਇਤ
ਲਾਡੋਵਾਲ ਟੋਲ ਪਲਾਜ਼ਾ ’ਤੇ ਧਰਨਾ ਲਾ ਕੇ ਬੈਠੇ 108 ਐਂਬੂਲੈਂਸ ਐਸੋਸੀਏਸ਼ਨ ਨੂੰ ਅੱਜ ਰਾਸ਼ਟਰੀ ਭਗਵਾ ਸੈਨਾ, ਵਾਲਮੀਕਿ ਧਰਮ ਸਮਾਜ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਆਲ ਐਂਬੂਲੈਂਸ ਆਪ੍ਰੇਟਰਜ਼ ਯੂਨੀਅਨ ਪੰਜਾਬ, 108, 104 ਯੂਨੀਅਨ ਰਾਜਸਥਾਨ ਨੇ ਖੁੱਲ੍ਹ ਕੇ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ, ਜੋ ਐਤਵਾਰ ਨੂੰ ਨੈਸ਼ਨਲ ਹਾਈਵੇ ਜਾਮ ਕਰਨ ’ਚ ਉਨ੍ਹਾਂ ਨਾਲ ਧਰਨਾ ਪ੍ਰਦਰਸ਼ਨ ਕਰੇਗੀ। ਆਲ ਐਂਬੂਲੈਂਸ ਆਪ੍ਰੇਟਰ ਯੂਨੀਅਨ ਨੇ ਇਹ ਐਲਾਨ ਕੀਤਾ ਕਿ ਸਾਡੀ ਪ੍ਰਾਈਵੇਟ ਐਂਬੂਲੈਂਸ ਵੀ ਪੱਕੇ ਤੌਰ ’ਤੇ ਹੜਤਾਲ ਕਰਨਗੇ, ਜਿਸ ਕਾਰਨ ਪੰਜਾਬ ’ਚ ਕੋਈ ਵੀ ਪ੍ਰਾਈਵੇਟ ਐਂਬੂਲੈਂਸ ਨਹੀਂ ਚੱਲੇਗੀ।
ਤੀਜੇ ਦਿਨ ਵੀ 108 ਐਂਬੂਲੈਂਸ ਦੇ 325 ਵਾਹਨ ਖੜ੍ਹੇ ਰਹੇ
ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਕਿਹਾ ਕਿ ਅੱਜ ਧਰਨਾ ਦਾ ਸਾਡਾ ਤੀਜਾ ਦਿਨ ਹੈ ਅਤੇ ਸਾਡੀ ਪੰਜਾਬ ਦੀਆਂ ਸਾਰੀਆਂ 108 ਐਂਬੂਲੈਂਸ ਦੇ 325 ਵਾਹਨ ਟੋਲ ਪਲਾਜ਼ਾ ’ਤੇ ਸਾਡੇ ਨਾਲ ਖੜ੍ਹੀਆਂ ਹੋਈਆਂ ਹਨ ਅਤੇ ਇਹ ਸਾਰੀਆਂ ਐਂਬੂਲੈਂਸ ਉਦੋਂ ਤੱਕ ਇੱਥੇ ਖੜ੍ਹੀਆਂ ਰਹਿਣਗੀਆਂ, ਜਦੋਂ ਤੱਕ ਸਾਡੀਆਂ ਮੰਗਾਂ ਸਰਕਾਰ ਮੰਨ ਨਹੀਂ ਲੈਂਦੀ।