ਸਿੰਗਾਪੁਰ ਭੇਜਣ ਦਾ ਕਹਿ ਮਸਕਟ ’ਚ ਵੇਚ ਦਿੱਤੀ ਪੰਜਾਬਣ ਕੁੜੀ, ਵੀਡੀਓ ਜ਼ਰੀਏ ਦੱਸੀ ਦੁੱਖ਼ ਭਰੀ ਕਹਾਣੀ
Saturday, Aug 27, 2022 - 01:57 PM (IST)
ਗੋਰਾਇਆ (ਜ.ਬ.)- ਆਪਣੇ ਪਰਿਵਾਰ ਅਤੇ ਆਪਣੇ ਵਧੀਆ ਭਵਿੱਖ ਲਈ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਜਾਣ ਵਾਲੀ ਇਕ ਕੁੜੀ ਇਨ੍ਹੀਂ ਦਿਨੀਂ ਮਸਕਟ ’ਚ ਫਸੀ ਹੋਈ ਹੈ, ਜਿਸ ਨੇ ਆਪਣੇ ਪਰਿਵਾਰ ਨੂੰ ਵੀਡੀਓ ਭੇਜ ਕੇ ਵਾਪਸ ਇੰਡੀਆ ਮੰਗਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੋਸ਼ ਲਾਇਆ ਜਾ ਰਿਹਾ ਹੈ ਕਿ ਉਸ ਨੂੰ ਇਥੇ ਵੇਚ ਦਿੱਤਾ ਗਿਆ ਹੈ।
ਇਸ ਸਬੰਧੀ ਪਿੰਡ ਧੁਲੇਤਾ ਦੀ ਰਹਿਣ ਵਾਲੀ ਕਸ਼ਮੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਜਸਵੰਤ ਕੌਰ ਉਰਫ਼ ਜੱਸੀ 9 ਅਗਸਤ ਨੂੰ ਇਥੋਂ ਸਿੰਗਾਪੁਰ ਲਈ ਗਈ ਸੀ। ਉਨ੍ਹਾਂ ਨੇ 3 ਲੱਖ ਰੁਪਏ ਵਿਆਜ ’ਤੇ ਫੜ ਕੇ ਆਪਣੀ ਕੁੜੀ ਨੂੰ ਭੇਜਿਆ ਸੀ ਪਰ ਉਸ ਨੂੰ ਏਜੰਟ ਨੇ ਸਿੰਗਾਪੁਰ ਦੀ ਜਗ੍ਹਾ ਮਸਕਟ ’ਚ ਭੇਜ ਦਿੱਤਾ, ਜੋ ਹੁਣ ਉੱਥੇ ਫਸੀ ਹੋਈ ਹੈ, ਜਿਸ ਨੇ ਆਪਣੀ ਵੀਡੀਓ ਭੇਜ ਕੇ ਕਿਹਾ ਕਿ ਉਸ ਨੂੰ ਇਥੇ 70 ਹਜ਼ਾਰ ਰੁਪਏ ’ਚ ਵੇਚ ਦਿੱਤਾ ਗਿਆ ਹੈ। ਪਿੰਡ ਦੇ ਸਰਪੰਚ ਹਰਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਬੜਾ ਗ਼ਰੀਬ ਹੈ ਨੂਰਮਹਿਲ ਦੇ ਪਿੰਡ ਦੀ ਏਜੰਟ ਨੇ ਉਸ ਨੂੰ ਸਿੰਗਾਪੁਰ ਦਾ ਕਹਿ ਕੇ ਮਸਕਟ ’ਚ ਭੇਜ ਦਿੱਤਾ ਹੈ, ਜਿੱਥੇ ਹੁਣ ਕੁੜੀ ਵੀਡੀਓ ’ਚ ਦੱਸ ਰਹੀ ਹੈ ਕਿ ਉਸ ’ਤੇ ਤਸ਼ੱਦਦ ਕੀਤੇ ਜਾ ਰਹੇ ਹਨ। ਸਰਪੰਚ ਨੇ ਕਿਹਾ ਕਿ ਏਜੰਟ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹ ਵਾਪਸ ਕੁੜੀ ਨੂੰ ਮੰਗਵਾਉਣ ਲਈ ਹੋਰ ਰੁਪਇਆਂ ਦੀ ਮੰਗ ਕਰ ਰਹੀ ਹੈ ਅਤੇ ਧਮਕੀਆਂ ਵੀ ਦੇ ਰਹੀ ਹੈ।
ਇਹ ਵੀ ਪੜ੍ਹੋ: ਲੋਹੀਆਂ ਖ਼ਾਸ ਵਿਖੇ 100 ਸਾਲਾ ਬੀਬੀ ਨੂੰ ਦਫ਼ਨਾਉਣ ਲਈ ਨਹੀਂ ਮਿਲੀ 2 ਗਜ਼ ਜ਼ਮੀਨ, ਵਜ੍ਹਾ ਜਾਣ ਹੋਵੋਗੇ ਹੈਰਾਨ
ਉਨ੍ਹਾਂ ਕਿਹਾ ਕਿ ਇਸ ਸਬੰਧੀ ਕੁੜੀ ਦੇ ਭਰਾ ਵੱਲੋਂ ਡੀ. ਐੱਸ. ਪੀ. ਫਿਲੌਰ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਸੀ ਅਤੇ 18 ਅਗਸਤ ਦੀ ਡੀ. ਐੱਸ. ਪੀ. ਫਿਲੌਰ ਜਗਦੀਸ਼ ਰਾਜ ਵੱਲੋਂ ਥਾਣਾ ਗੋਰਾਇਆ ਨੂੰ ਸ਼ਿਕਾਇਤ ਮਾਰਕ ਕਰਕੇ ਭੇਜੀ ਹੋਈ ਹੈ ਪਰ ਗੋਰਾਇਆ ਪੁਲਸ ਨੇ ਇਕ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਸ਼ੁਰੂ ਕੀਤੀ। ਪਰਿਵਾਰ ਨੂੰ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਉਨ੍ਹਾਂ ਦਾ ਨਹੀਂ ਬਣਦਾ। ਇਸ ਸਬੰਧੀ ਐੱਸ. ਐੱਚ. ਓ. ਗੁਰਾਇਆ ਹਰਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮਾਮਲਾ ਹਿਊਮਨ ਟਰੈਫਿਕ ਤੇ ਟਰੈਵਲ ਏਜੰਟ ਦਾ ਬਣਦਾ ਹੈ, ਜਿਸ ਦੀ ਇਨਕੁਆਰੀ ਡੀ. ਐੱਸ. ਪੀ. ਰੈਂਕ ਦੇ ਅਫ਼ਸਰ ਕਰਦੇ ਹਨ, ਜੇਕਰ ਕੋਈ ਵੀ ਕਾਰਵਾਈ ਇਹ ਕਰਵਾਉਣਾ ਚਾਹੁੰਦੇ ਹਨ ਤਾਂ ਤਫ਼ਤੀਸ਼ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ, ਜਦੋਂ ਉਨ੍ਹਾਂ ਤੋਂ 1 ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਾ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਛੁੱਟੀ ’ਤੇ ਜਾਣ ਦਾ ਕਹਿ ਕੇ ਪੱਲਾ ਝਾੜ ਦਿੱਤਾ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ 'ਚ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ