ਚੰਡੀਗੜ੍ਹ ਦੇ ਲੋਕਾਂ ਲਈ ਚੰਗੀ ਖ਼ਬਰ, ਸਵੱਛ ਹਵਾ ਸਰਵੇਖਣ ਮਾਮਲੇ ''ਚ ਮਿਲਿਆ 8ਵਾਂ ਸਥਾਨ
Wednesday, Sep 10, 2025 - 02:23 PM (IST)

ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਨੇ ਸਵੱਛ ਹਵਾ ਸਰਵੇਖਣ 2025 ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਭਰ ’ਚ 8ਵਾਂ ਸਥਾਨ ਹਾਸਲ ਕੀਤਾ ਹੈ। ਇਹ ਪ੍ਰਾਪਤੀ ਹਵਾ ਦੀ ਗੁਣਵਤਾ ’ਚ ਮਿਸਾਲੀ ਸੁਧਾਰ ਕਰਨ ਤੋਂ ਬਾਅਦ ਮਿਲੀ ਹੈ। ਪਿਛਲੇ ਸਾਲ ਸਰਵੇ ’ਚ 27ਵੇਂ ਸਥਾਨ ‘ਤੇ ਸ਼ਹਿਰ ਨੂੰ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਕਈ ਸੁਧਾਰ ਕਰਦਿਆਂ 8ਵਾਂ ਸਥਾਨ ਹਾਸਲ ਕੀਤਾ। ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ ਤਹਿਤ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਹਰ ਸਾਲ ਸਵੱਛ ਹਵਾ ਸਰਵੇ ਕਰਦਾ ਹੈ, ਜਿਸ ’ਚ ਸ਼ਹਿਰਾਂ ਦਾ ਮੁਲਾਂਕਣ ਨਿਰੰਤਰ ਯਤਨਾਂ ਤੇ ਹਵਾ ਦੀ ਗੁਣਵੱਤਾ ’ਚ ਸੁਧਾਰ ਵੱਲ ਪ੍ਰਗਤੀ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਨਗਰ ਨਿਗਮ, ਟ੍ਰੈਫਿਕ ਪੁਲਸ, ਟਰਾਂਸਪੋਰਟ ਵਿਭਾਗ, ਰਾਜ ਆਵਾਜਾਈ ਵਿਭਾਗ ਤੇ ਪ੍ਰਦੂਸ਼ਣ ਨਿਯੰਤਰਣ ਕਮੇਟੀ ਦੇ ਸਾਂਝੇ ਯਤਨਾਂ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਡਾਇਰੈਕਟਰ ਵਾਤਾਵਰਨ ਕਮ ਮੈਂਬਰ ਸਕੱਤਰ ਸੌਰਭ ਕੁਮਾਰ ਨੇ ਕਿਹਾ ਕਿ ਇਹ ਪ੍ਰਾਪਤੀ ਚੰਡੀਗੜ੍ਹ ਦੇ ਲੋਕਾਂ ਲਈ ਸਾਫ਼ ਹਵਾ ਯਕੀਨੀ ਬਣਾਉਣ ਲਈ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ। ਨੀਤੀ ਨਿਰਮਾਤਾਵਾਂ ਤੋਂ ਲੈ ਕੇ ਨਾਗਰਿਕਾਂ ਤੱਕ ਸਾਰਿਆਂ ਦੇ ਸਮੂਹਿਕ ਯਤਨਾਂ ਨੇ ਵਧੀਆ ਰੈਂਕ ਨੂੰ ਸੰਭਵ ਬਣਾਇਆ ਹੈ। ਸਿਹਤਮੰਦ ਤੇ ਹਰੇ ਸ਼ਹਿਰ ਵੱਲ ਕੰਮ ਇਸ ਤਰ੍ਹਾਂ ਹੀ ਜਾਰੀ ਰਹਿਣਗੇ।
ਇਹ ਕੰਮਾ ਕਾਰਨ ਹੋਇਆ ਬਦਲਾਅ
1. ਸ਼ਹਿਰੀ ਜੰਗਲਾਤ ਤੇ ਰੁੱਖ ਲਾਉਣ ਦੀਆਂ ਮੁਹਿੰਮਾਂ ਰਾਹੀਂ ਹਰਿਆਲੀ ਵਾਲੇ ਖੇਤਰ ਦਾ ਵਿਸਥਾਰ।
2. ਨਿਰਮਾਣ ਸਥਾਨਾਂ ’ਤੇ ਧੂੜ-ਘੱਟਾ ਘਟਾਉਣ ਲਈ ਜ਼ਰੂਰੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ।
3. ਜਨਤਕ ਆਵਾਜਾਈ ’ਚ ਈ-ਵਾਹਨਾਂ ਦੀ ਸ਼ੁਰੂਆਤ ਤੇ ਇਲੈਕਟ੍ਰਿਕ ਵਾਹਨ ਚਾਰਜਿੰਗ ਬੁਨਿਆਦੀ ਢਾਂਚੇ ਦਾ ਵਿਸਥਾਰ।
4. ਵਿਰਾਸਤੀ ਰਹਿੰਦ-ਖੂੰਹਦ ਦਾ ਵਿਗਿਆਨਕ ਨਿਪਟਾਰਾ।
5. ਵਿਸਤ੍ਰਿਤ ਗ਼ੈਰ-ਮਸ਼ੀਨੀਕ੍ਰਿਤ ਆਵਾਜਾਈ ਨੈੱਟਵਰਕ ਦਾ ਵਿਕਾਸ।
6. ਉਸਾਰੀ ਤੇ ਢਾਹੁਣ ਰਹਿੰਦ-ਖੂੰਹਦ ਦਾ ਸਹੀ ਪ੍ਰਬੰਧਨ।
7. ਭੀੜ-ਭੜੱਕੇ ਤੇ ਵਾਹਨਾਂ ਦੇ ਨਿਕਾਸ ਨੂੰ ਘਟਾਉਣ ਲਈ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ ਕਰਨਾ।
8. ਸੜਕਾਂ ’ਤੇ ਧੂੜ ਨੂੰ ਘਟਾਉਣ ਲਈ ਸਵੈਚਾਲਿਤ ਸਫਾਈ ਤੇ ਪਾਣੀ ਦਾ ਛਿੜਕਾਅ।
9. ਸਾਮਾਜਿਕ ਜਾਗਰੂਕਤਾ ਮੁਹਿੰਮਾਂ ਜੋ ਵਿਵਹਾਰਕ ਤਬਦੀਲੀ ਤੇ ਨਾਗਰਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੀਆਂ ਹਨ।
ਮੁੱਖ ਮਾਪਦੰਡ : ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸੜਕ ਧੂੜ ਨਿਯੰਤਰਣ, ਨਿਰਮਾਣ ਅਤੇ ਢਾਹੁਣ ਦਾ ਰਹਿੰਦ-ਖੂੰਹਦ ਪ੍ਰਬੰਧਨ, ਵਾਹਨ ਨਿਕਾਸ ਨਿਯੰਤਰਣ, ਉਦਯੋਗਿਕ ਨਿਕਾਸ ਦੀ ਸਖਤ ਨਿਗਰਾਨੀ, ਹੋਰ ਨਿਕਾਸ ਦਾ ਨਿਯੰਤਰਣ, ਜਨਤਕ ਜਾਗਰੂਕਤਾ ਮੁਹਿੰਮਾਂ ਤੇ ਕਣਾਂ ਨੂੰ ਘਟਾਉਣ ਦਾ ਰੁਝਾਨ।