ਕਸਟਮ ਅਧਿਕਾਰੀਆਂ ਨੇ ਯਾਤਰੀ ਤੋਂ ਸਵਾ 47 ਲੱਖ ਦਾ ਸੋਨਾ ਫੜਿਆ
Saturday, Mar 24, 2018 - 07:21 AM (IST)

ਲੁਧਿਆਣਾ (ਬਹਿਲ) - ਬੈਂਕਾਕ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਏਅਰ ਇੰਡੀਆ ਦੀ ਫਲਾਈਟ ਨੰ. ਏ-1-337 ਤੋਂ ਪਹੁੰਚੇ ਇਕ ਵਿਅਕਤੀ ਨੂੰ ਕਸਟਮ ਅਧਿਕਾਰੀਆਂ ਨੇ 1500 ਗ੍ਰਾਮ ਸੋਨੇ ਨਾਲ ਗ੍ਰਿਫਤਾਰ ਕੀਤਾ ਹੈ।
ਕਸਟਮ ਕਮਿਸ਼ਨਰ ਏ. ਐੱਸ. ਰੰਗਾ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੈਂਕਾਕ ਤੋਂ 9.15 ਵਜੇ ਚੰਡੀਗੜ੍ਹ ਪਹੁੰਚੀ ਫਲਾਈਟ 'ਚੋਂ ਉਤਰੇ ਇਸ ਵਿਅਕਤੀ ਨੇ ਆਪਣੇ ਲੱਕ ਨਾਲ ਬੰਨ੍ਹੀ ਪੋਟਲੀ 'ਚ ਇਸ ਸੋਨੇ ਨੂੰ ਛੁਪਾਇਆ ਹੋਇਆ ਸੀ। ਗ੍ਰੀਨ ਚੈਨਲ ਪਾਰ ਕਰਨ 'ਤੇ ਅਧਿਕਾਰੀਆਂ ਨੇ ਪੋਟਲੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂਂ 1500 ਗ੍ਰਾਮ ਵਜ਼ਨ ਦੀ 24 ਕੈਰਿਟ ਦੀ ਇੱਟ ਬਰਾਮਦ ਹੋਈ, ਜਿਸ ਦੀ ਕੀਮਤ 47 ਲੱਖ 25 ਹਜ਼ਾਰ ਰੁਪਏ ਬਣਦੀ ਹੈ। ਇਸ ਸੋਨੇ ਨੂੰ ਕਸਟਮ ਕਾਨੂੰਨ ਤਹਿਤ ਜ਼ਬਤ ਕਰ ਲਿਆ ਗਿਆ ਹੈ ਅਤੇ ਯਾਤਰੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।