ਐੱਸ. ਏ. ਐੱਸ. ਨਗਰ ਤੋਂ ਲੋੜੀਂਦਾਂ ਗੈਂਗਸਟਰ ਤੇਜਾ ਗ੍ਰਿਫ਼ਤਾਰ

Wednesday, Jun 03, 2020 - 12:43 AM (IST)

ਐੱਸ. ਏ. ਐੱਸ. ਨਗਰ ਤੋਂ ਲੋੜੀਂਦਾਂ ਗੈਂਗਸਟਰ ਤੇਜਾ ਗ੍ਰਿਫ਼ਤਾਰ

ਚੰਡੀਗੜ੍ਹ, ਜਲੰਧਰ,(ਰਮਨਜੀਤ, ਧਵਨ)- ਪੰਜਾਬ ਪੁਲਸ ਨੇ ਲੁਧਿਆਣਾ ’ਚ ਹਾਲ ਹੀ ’ਚ ਵਾਪਰੀ 2 ਕਿਲੋ ਸੋਨੇ ਦੀ ਡਕੈਤੀ ਦੇ ਦੋਸ਼ੀ ਸਰਗਣਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਲਾਂਬੂ ਲਾਉਣ ਲਈ ਖਾਲਿਸਤਾਨ ਪੱਖੀ ਏਜੰਡੇ ਦੇ ਹਿੱਸੇ ਵਜੋਂ ਮਿਥ ਕੇ ਕਤਲਾਂ ਨੂੰ ਅੰਜ਼ਾਮ ਦੇਣ ਲਈ ਫੰਡ ਇਕੱਤਰ ਕਰਨ ਦੀ ਯੋਜਨਾ ਤਿਆਰ ਕੀਤੀ ਸੀ। ਸੰਗਠਿਤ ਕ੍ਰਾਈਮ ਕੰਟਰੋਲ ਯੁਨਿਟ (ਓ. ਸੀ. ਸੀ. ਯੂ.) ਦੀ ਇਕ ਵਿਸ਼ੇਸ ਟੀਮ ਨੇ ਐੱਸ. ਏ. ਐੱਸ. ਨਗਰ ਤੋਂ ਅਤਿ ਲੋੜੀਂਦੇ ਗੈਂਗਸਟਰ-ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੀ ਪਛਾਣ ਤੇਜਿੰਦਰ ਸਿੰਘ ਉਰਫ਼ ਤੇਜਾ ਉਰਫ਼ ਜੁਝਾਰ ਸਿੰਘ ਵਾਸੀ ਮਹਿਦਪੁਰ, ਥਾਣਾ ਬਲਾਚੌਰ (ਜ਼ਿਲਾ ਐੱਸ.ਬੀ.ਐੱਸ. ਨਗਰ) ਵਜੋਂ ਹੋਈ ਹੈ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਦੋਸ਼ੀ ਤੇਜਿੰਦਰ ਕੋਲੋਂ ਪੰਜਾਬ ਪੁਲਸ ਦੀ ਵਰਦੀ ਦਾ ਇਕ ਸੈੱਟ, ਸੀਮਾ ਸੁਰੱਖਿਆ ਬਲ (ਐੱਸ. ਐੱਸ. ਬੀ.) ਜੋ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀ ਅਰਧ ਸੈਨਿਕ ਬਲ ਹੈ, ਦਾ ਇਕ ਆਈ.ਡੀ. ਕਾਰਡ ਬਰਾਮਦ ਕੀਤਾ ਗਿਆ ਸੀ, ਜੋ ਜਨਵਰੀ, 2020 'ਚ ਖਰੜ (ਨੇੜੇ ਐੱਸ. ਏ. ਐੱਸ. ਨਗਰ) ਤੋਂ ਟੋਇਟਾ ਫਾਰਚਿਊਨਰ ਖੋਹਣ ਦੀ ਇਕ ਘਟਨਾ ’ਚ ਮੁੱਖ ਮੁਲਜ਼ਮ ਵੀ ਸੀ। ਗੁਪਤਾ ਨੇ ਕਿਹਾ ਕਿ ਮੁਲਜ਼ਮ ਨੇ ਕਥਿਤ ਤੌਰ ’ਤੇ ਅੱਤਵਾਦੀ ਕਾਰਵਾਈਆਂ ਸਮੇਤ ਕਈ ਤਰ੍ਹਾਂ ਦੇ ਅਪਰਾਧਾਂ ਦੇ ਪਾਬੰਦੀ ਖੇਤਰਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਵਰਦੀ ਅਤੇ ਕਾਰਡ ਆਦਿ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਸਪੱਸ਼ਟ ਤੌਰ ’ਤੇ ਰਾਜ ਨੂੰ ਉਚ ਸੁਰੱਖਿਆ ਦਾ ਜ਼ੋਖਮ ਪਾਇਆ ਹੈ।

ਪੁਲਸ ਨੇ ਤੇਜਿੰਦਰ ਦੇ ਕਬਜ਼ੇ ’ਚੋਂ ਇਕ 30 ਬੋਰ ਦਾ ਚੀਨੀ ਪਿਸਤੌਲ, 10 ਕਾਰਤੂਸ ਅਤੇ ਇਕ ਸ਼ੈਵਰਲੇਟ ਆਪਟਰਾ ਕਾਰ ਵੀ ਬਰਾਮਦ ਕੀਤੀ ਹੈ। ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਹੋਰ ਨਕਲੀ ਆਈ. ਡੀ. ਕਾਰਡ ਜਿਵੇਂ ਕਿ ਆਧਾਰ ਕਾਰਡ, ਨੋਇਡਾ (ਯੂ.ਪੀ.) ਤੋਂ ਡਰਾਈਵਿੰਗ ਲਾਇਸੈਂਸ ਵੀ ਤਿਆਰ ਕੀਤੇ ਸਨ। ਡੀ. ਜੀ. ਪੀ. ਨੇ ਕਿਹਾ ਕਿ ਭਗੌੜਾ ਹੋਣ ਪਿਛੋਂ ਉਹ ਦਿੱਲੀ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵੱਖ-ਵੱਖ ਥਾਵਾਂ 'ਤੇ ਲੁਕਿਆ ਰਿਹਾ। ਤੇਜਾ ਪਹਿਲਾਂ ਵੀ ਕਤਲ, ਕਤਲ ਦੀ ਕੋਸ਼ਿਸ਼, ਕਾਰ ਖੋਹਣ, ਡਕੈਤੀ ਆਦਿ 25 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹੋਣ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਹੋਰ ਖੁਲਾਸਾ ਕੀਤਾ ਕਿ ਉਹ ਕੱਟੜਪੰਥੀ ਸੀ ਅਤੇ ਕੁਝ ਕੱਟੜ ਅੱਤਵਾਦੀਆਂ ਵਲੋਂ ਮਿਥ ਕੇ ਕਤਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਸੰਪਰਕ 'ਚ ਉਹ ਵੱਖ-ਵੱਖ ਜੇਲਾਂ ’ਚ ਬੰਦੀ ਦੇ ਦੌਰਾਨ ਆਇਆ ਸੀ। ਮੁੱਢਲੀ ਪੁੱਛਗਿੱਛ ਦੌਰਾਨ ਤੇਜਿੰਦਰ ਸਿੰਘ ਉਰਫ਼ ਤੇਜਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਅਤੇ ਉਸ ਦਾ ਨਜਦੀਕੀ ਸਾਥੀ ਰਛਪਾਲ ਸਿੰਘ ਉਰਫ਼ ਦੌਲਾ ਵਾਸੀ ਪਿੰਡ ਭੁੱਚਰ ਕਲਾਂ (ਜ਼ਿਲਾ ਤਰਨਤਾਰਨ) ਮੌੜ ਅਤੇ ਤਲਵੰਡੀ ਸਾਬੋ ’ਚ ਐੱਸ. ਬੀ. ਆਈ. ਦੀਆਂ ਮੁੱਖ ਸ਼ਾਖਾਵਾਂ ਤੋਂ ਕਰੰਸੀ ਲੈਣ ਲਈ ਵਰਤੀ ਜਾਂਦੀ ਇਕ ਬੈਂਕ ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਇਸ ਬਾਰੇ ਰਸਤਾ ਵੀ ਚੈੱਕ ਕਰ ਲਿਆ ਸੀ ਅਤੇ ਹੋਰ ਜਾਂਚ ਵੀ ਕੀਤੀ ਸੀ।

ਦਸੰਬਰ, 2019 ’ਚ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਅਤੇ ਰਛਪਾਲ ਸਿੰਘ ਉਰਫ਼ ਦੌਲਾ, ਜੋ ਪਹਿਲਾਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ’ਚ ਸ਼ਾਮਲ ਹੋਣ ਕਰਕੇ ਜੇਲ ’ਚ ਸਨ, ਨੇ ਸਰਹੱਦ ਪਾਰੋਂ ਅਤਿ ਆਧੁਨਿਕ ਹਥਿਆਰ ਪ੍ਰਾਪਤ ਕੀਤੇ। ਇਹ ਹੁਣ ਜ਼ਿਲਾ ਤਰਨਤਾਰਨ ’ਚ ਕਤਲ ਦੇ ਇਕ ਤਾਜ਼ਾ ਮਾਮਲੇ 'ਚ ਫਰਾਰ ਸੀ। ਡੀ. ਜੀ. ਪੀ. ਨੇ ਕਿਹਾ ਕਿ ਉਹ ਆਟੋਮੈਟਿਕ ਹਥਿਆਰਾਂ/ਨਸ਼ਿਆਂ ਦੀ ਨਵੀਂ ਖੇਪ ਦੀ ਵੀ ਉਮੀਦ ਕਰ ਰਹੇ ਸਨ। ਤੇਜਿੰਦਰ ਸਿੰਘ ਉਰਫ਼ ਤੇਜਾ ਅਤੇ ਉਸਦੇ ਸਾਥੀਆਂ ਖਿਲਾਫ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਐੱਸ. ਏ. ਐੱਸ. ਨਗਰ ਵਿਖੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ ਦੀਆਂ ਹੋਰ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਇਸ ਬਾਰੇ ਹੋਰ ਅਗਲੇਰੀ ਪੜਤਾਲ ਜਾਰੀ ਹੈ।


author

Bharat Thapa

Content Editor

Related News