ਲੜਕੀਆਂ ਦੇ ਸਕੂਲ 'ਚ ਨੌਜਵਾਨ ਨੇ ਦਿਨ-ਦਿਹਾੜੇ ਨਿਗਲੀ ਜ਼ਹਿਰ, ਹਾਲਤ ਗੰਭੀਰ

05/21/2022 1:14:37 AM

ਫਗਵਾੜਾ (ਮੁਨੀਸ਼ ਬਾਵਾ, ਜਲੋਟਾ) : ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਗਊਸ਼ਾਲਾ ਬਾਜ਼ਾਰ 'ਚ ਅੱਜ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਇੱਥੇ ਮੌਜੂਦ ਲੜਕੀਆਂ ਦੇ ਨਿੱਜੀ ਸਕੂਲ 'ਚ ਵੜ ਕੇ ਇਕ ਨੌਜਵਾਨ ਨੇ ਦਿਨ-ਦਿਹਾੜੇ ਸਭ ਦੇ ਸਾਹਮਣੇ ਜ਼ਹਿਰ ਨਿਗਲ ਲਈ। ਨੌਜਵਾਨ ਲੜਕੇ ਨੇ ਇਸ ਤਰ੍ਹਾਂ ਲੜਕੀਆਂ ਦੇ ਸਕੂਲ 'ਚ ਵੜ ਕੇ ਜ਼ਹਿਰ ਕਿਉਂ ਨਿਗਲੀ, ਇਹ ਮਾਮਲਾ ਭੇਤ ਭਰਿਆ ਬਣਿਆ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਸਕੂਲ 'ਚ ਨੌਜਵਾਨ ਨੇ ਜ਼ਹਿਰ ਨਿਗਲੀ, ਉੱਥੇ ਲੜਕਿਆਂ ਦੇ ਜਾਣ 'ਤੇ ਮਨਾਹੀ ਹੈ ਪਰ ਫਿਰ ਵੀ ਇਹ ਲੜਕਾ ਸਕੂਲ 'ਚ ਦਾਖਲ ਹੋ ਗਿਆ ਤੇ ਉਸ ਨੇ ਜ਼ਹਿਰ ਨਿਗਲ ਲਈ।

ਇਹ ਵੀ ਪੜ੍ਹੋ : ਫਿਲਮੀ ਸਟਾਈਲ ’ਚ ਮਨੀ ਐਕਸਚੇਂਜਰ ਦੇ ਕਰਿੰਦਿਆਂ ਕੋਲੋਂ ਖੋਹੀ ਕਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਇੰਚਾਰਜ ਮਮਤਾ ਪੁੰਜ ਨੇ ਦੱਸਿਆ ਕਿ ਦੁਪਹਿਰ 2 ਵਜੇ ਕਰੀਬ ਜਦੋਂ ਬੱਚਿਆਂ ਦਾ ਪੇਪਰ ਸ਼ੁਰੂ ਹੋਣ ਲੱਗਾ ਤਾਂ ਉਸ ਸਮੇਂ ਇਕ ਨੌਜਵਾਨ ਸਕੂਲ 'ਚ ਦਾਖਲ ਹੋਇਆ ਤੇ ਦੇਖਦੇ ਹੀ ਦੇਖਦੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਤੋਂ ਬਾਅਦ ਸਕੂਲ ਦੇ ਚੌਕੀਦਾਰ ਵੱਲੋਂ ਨੌਜਵਾਨ ਦੇ ਮੂੰਹ 'ਚੋਂ ਗੋਲੀ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਕਤ ਲੜਕਾ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਫਗਵਾੜਾ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੜਕੇ ਨੂੰ ਬੇਹੋਸ਼ੀ ਦੀ ਹਾਲਤ 'ਚ ਸਿਵਲ ਹਸਪਤਾਲ ਫਗਵਾੜਾ ਦਾਖਲ ਕਰਵਾਇਆ ਪਰ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਸਰਕਾਰੀ ਡਾਕਟਰਾਂ ਨੇ ਉਸ ਦਾ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ : ਪਤਨੀ ਨਾਲ ਝਗੜਾ ਕਰ ਬੱਚੇ ਨੂੰ ਸਟੇਸ਼ਨ ਲਿਜਾ ਜ਼ਮੀਨ ’ਤੇ ਪਟਕਿਆ, ਲੋਕਾਂ ਨੇ ਕੀਤਾ ਪੁਲਸ ਹਵਾਲੇ

ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸ.ਐੱਚ.ਓ. ਅਮਨਦੀਪ ਨਾਹਰ ਨੇ ਦੱਸਿਆ ਕਿ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਭੁਲੱਥ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਲੜਕੇ ਨੇ ਜ਼ਹਿਰੀਲਾ ਪਦਾਰਥ ਕਿਉਂ ਨਿਗਲਿਆ, ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News