ਪੁਲਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾ ਕੇ ਜਨਾਨੀ ਨੇ ਪੀਤੀ ਫਿਨਾਈਲ
Tuesday, Dec 01, 2020 - 12:04 PM (IST)
ਲੁਧਿਆਣਾ (ਰਾਜ) : ਗੋਬਿੰਦਗੜ੍ਹ ਦੀ ਰਹਿਣ ਵਾਲੀ ਇਕ ਜਨਾਨੀ ਨੇ ਫਿਨਾਈਲ ਨਿਗਲ ਲਿਆ। ਉਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹੁਣ ਉਸ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ। ਜਨਾਨੀ ਦਾ ਦੋਸ਼ ਹੈ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰ ਕੇ ਚਲਾ ਗਿਆ ਸੀ। ਉਸ ਨੇ ਥਾਣਾ ਫੋਕਲ ਪੁਆਇੰਟ ਤਹਿਤ ਚੌਂਕੀ ਈਸ਼ਵਰ ਨਗਰ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਕੋਈ ਸੁਣਵਾਈ ਨਹੀਂ ਕਰ ਰਹੀ ਸੀ। ਇਸੇ ਤੋਂ ਤੰਗ ਹੋ ਕੇ ਉਸ ਨੇ ਫਿਨਾਈਲ ਪੀ ਲਈ। ਜਨਾਨੀ ਨੇ ਦੋਸ਼ ਲਾਇਆ ਕਿ ਡੇਢ ਮਹੀਨਾ ਪਹਿਲਾਂ ਉਸ ਦਾ ਵਿਆਹ ਹੁਸ਼ਿਆਰਪੁਰ ਦੇ ਨੌਜਵਾਨ ਨਾਲ ਹੋਇਆ ਸੀ।
ਸਹੁਰਾ ਧਿਰ ਉਸ ਦੇ ਨਾਲ ਕੁੱਟਮਾਰ ਕਰਦੀ ਅਤੇ ਤੰਗ ਕਰਨ ਲੱਗੀ। ਇਸ ਲਈ ਵਿਆਹ ਤੋਂ 6 ਮਹੀਨਿਆਂ ਬਾਅਦ ਹੀ ਉਹ ਪਤੀ ਦੇ ਨਾਲੋਂ ਵੱਖ ਹੋ ਗਈ ਅਤੇ ਲੁਧਿਆਣਾ ਆ ਕੇ ਰਹਿਣ ਲੱਗੀ ਸੀ ਪਰ ਉਸ ਦਾ ਪਤੀ ਆਪਣੇ ਪਰਿਵਾਰ ਦੇ ਕਹਿਣੇ ’ਚ ਸੀ। 13 ਨਵੰਬਰ ਨੂੰ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰ ਕੇ ਚਲਾ ਗਿਆ ਸੀ। ਉਸ ਨੇ ਚੌਂਕੀ ਈਸ਼ਰਵ ਨਗਰ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਪਹਿਲਾਂ ਪੁਲਸ ਨੇ ਉਸ ਦੀ ਸ਼ਿਕਾਇਤ ਗੁੰਮ ਕਰ ਦਿੱਤੀ, ਫਿਰ ਉਸ ਨੂੰ ਹੁਸ਼ਿਆਰਪੁਰ ਜਾ ਕੇ ਸ਼ਿਕਾਇਤ ਦੇਣ ਲਈ ਕਿਹਾ।
ਉਹ ਹੁਸ਼ਿਆਰਪੁਰ ਵੀ ਗਈ ਪਰ ਉੱਥੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਉਹ ਫਿਰ ਚੌਂਕੀ ਈਸ਼ਰਵ ਨਗਰ ਦੀ ਪੁਲਸ ਕੋਲ ਗਈ ਪਰ ਉਸ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਉਸ ਨੇ ਫਿਨਾਈਲ ਪੀ ਲਈ ਸੀ। ਉਧਰ, ਚੌਂਕੀ ਇੰਚਾਰਜ ਕੁਲਜੀਤ ਕੌਰ ਦਾ ਕਹਿਣਾ ਹੈ ਕਿ ਕੁੜੀ ਦਾ ਇਹ ਦੂਜਾ ਵਿਆਹ ਸੀ। ਕੁੜੀ ਦਾ ਪਤੀ ਉਸ ਦੇ ਨਾਲ ਕੁੱਟਮਾਰ ਕਰ ਕੇ ਚਲਾ ਗਿਆ ਸੀ। ਪਹਿਲਾਂ ਕੁੜੀ ਖੁਦ ਹੁਸ਼ਿਆਰਪੁਰ ਆਪਣੇ ਸਹੁਰੇ ਨੇੜੇ ਸਥਿਤ ਪੁਲਸ ਥਾਣੇ ਗਈ ਸੀ। ਉੱਥੇ ਉਸ ਦੀ ਸੁਣਵਾਈ ਨਹੀਂ ਹੋਈ। ਮੇਰੀ ਚੌਂਕੀ 'ਚ ਕੁੜੀ ਨੇ ਚਾਰ ਦਿਨ ਪਹਿਲਾਂ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਉਸ ਦੇ ਸਹੁਰੇ ਵਾਲਿਆਂ ਨੂੰ ਕਾਲ ਕਰ ਕੇ ਬੁਲਾਇਆ ਸੀ, ਜਿਨ੍ਹਾਂ ਨੇ 5 ਦਸੰਬਰ ਨੂੰ ਆਉਣ ਦਾ ਸਮਾਂ ਲਿਆ ਸੀ। ਪੁਲਸ ਵੱਲੋਂ ਸੁਣਵਾਈ ਨਾ ਹੋਣ ਦੀ ਕੋਈ ਗੱਲ ਨਹੀਂ ਹੈ। ਕੁੜੀ ਝੂਠੇ ਦੋਸ਼ ਲਗਾ ਰਹੀ ਹੈ। ਹਾਲ ਦੀ ਘੜੀ ਉਸ ਦਾ ਬਿਆਨ ਲਿਆ ਗਿਆ ਹੈ। ਉੱਚ ਅਧਿਕਾਰੀਆਂ ਨਾਲ ਗੱਲ ਕਰ ਕੇ ਜੋ ਕਾਰਵਾਈ ਬਣਦੀ ਹੈ, ਕੀਤੀ ਜਾਵੇਗੀ।