ਚੰਡੀਗੜ੍ਹ 'ਚ ਮਾਂ ਬਣੀ 10 ਸਾਲਾ ਬੱਚੀ ਦੇ ਮਾਮਲੇ 'ਚ ਨਵਾਂ ਮੋੜ, ਡੀ. ਐੱਨ. ਏ. ਰਿਪੋਰਟ ਨੇ ਉਡਾਏ ਸਭ ਦੇ ਹੋਸ਼ (ਵੀਡੀਓ)

Wednesday, Sep 13, 2017 - 07:23 PM (IST)

ਚੰਡੀਗੜ੍ਹ (ਸੁਸ਼ੀਲ) : 10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਦੋਸ਼ੀ ਮਾਮੇ ਕੁਲਬਹਾਦਰ ਦੀ ਡੀ. ਐੱਨ. ਏ. ਰਿਪੋਰਟ ਪੈਦਾ ਹੋਈ ਬੱਚੀ ਨਾਲ ਮੈਚ ਨਾ ਹੋਈ। ਹੁਣ ਸਵਾਲ ਇਹ ਉੱਠਦਾ ਹੈ ਕਿ ਨਵਜੰਮੇ ਬੱਚੇ ਦਾ ਪਿਤਾ ਕੌਣ ਹੈ? ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੀੜਤਾ ਨਾਲ ਸਿਰਫ ਕੁਲਬਹਾਦਰ ਨੇ ਹੀ ਨਹੀਂ, ਕਿਸੇ ਹੋਰ ਨੇ ਵੀ ਜਬਰ-ਜ਼ਨਾਹ ਕੀਤਾ ਹੈ। ਇਸ ਕੇਸ 'ਚ ਹੁਣ ਅਦਾਲਤ ਦੇ ਨਾਲ ਹੀ ਪੁਲਸ ਲਈ ਵੀ ਇਹ ਸੁਲਗਦਾ ਸਵਾਲ ਬਣ ਗਿਆ ਹੈ ਕਿ ਆਖਿਰ ਬੱਚੀ ਦਾ ਪਿਤਾ ਕੌਣ ਹੈ ਤੇ ਉਸ ਨਾਲ ਕਿਸਨੇ ਜਬਰ-ਜ਼ਨਾਹ ਕੀਤਾ ਹੈ, ਮਹਿਲਾ ਅਪਰਾਧ ਦੇ ਮਾਮਲਿਆਂ ਦੀ ਸੁਣਵਾਈ ਲਈ ਗਠਿਤ ਵਿਸ਼ੇਸ਼ ਕੋਰਟ ਨੇ ਯੂ. ਟੀ. ਪੁਲਸ ਦੀ ਐੱਸ. ਐੱਸ. ਪੀ. ਨੂੰ ਕੇਸ ਦੀ ਅਗਲੀ ਜਾਂਚ ਲਈ ਪੱਤਰ ਲਿਖਿਆ ਹੈ।
ਰਿਪੋਰਟ ਨੂੰ ਰੱਖਿਆ ਗਿਆ ਸੀ ਗੁਪਤ
ਸ਼ੁੱਕਰਵਾਰ ਨੂੰ ਡੀ. ਐੱਨ. ਏ. ਰਿਪੋਰਟ ਅਦਾਲਤ 'ਚ ਸੌਂਪੀ ਗਈ ਸੀ। ਸੂਤਰਾਂ ਅਨੁਸਾਰ ਅਦਾਲਤ 'ਚ ਗੁਪਤ ਰੂਪ 'ਚ ਸੌਂਪੀ ਗਈ ਰਿਪੋਰਟ ਨੂੰ ਖੋਲ੍ਹਣ ਸਮੇਂ ਅਦਾਲਤ 'ਚ ਸਿਰਫ ਚੋਣਵੇਂ ਲੋਕ ਹੀ ਸਨ। ਜਿਸ ਸਮੇਂ ਰਿਪੋਰਟ ਖੋਲ੍ਹੀ ਗਈ, ਉਸ ਸਮੇਂ ਅਦਾਲਤ 'ਚ ਮੌਜੂਦ ਪੁਲਸ ਸਟਾਫ ਨੂੰ ਵੀ ਬਾਹਰ ਭੇਜ ਦਿੱਤਾ ਗਿਆ ਸੀ, ਉਥੇ ਹੀ ਡੀ. ਐੱਨ. ਏ. ਮਾਹਿਰ ਦੀ ਗਵਾਹੀ ਤੋਂ ਬਾਅਦ ਇਸਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ।
ਡੀ. ਐੱਨ. ਏ. ਰਿਪੋਰਟ ਦਾ ਅਸਰ ਨਹੀਂ ਪਵੇਗਾ
ਕਾਨੂੰਨ ਦੇ ਮਾਹਿਰਾਂ ਨੇ ਦੱਸਿਆ ਕਿ ਕੇਸ 'ਤੇ ਇਸ ਮੈਡੀਕਲ ਸਬੂਤ (ਡੀ. ਐੱਨ. ਏ. ਰਿਪੋਰਟ) ਦਾ ਅਸਰ ਨਹੀਂ ਪਵੇਗਾ ਕਿਉਂਕਿ ਅਦਾਲਤ 'ਚ ਪੀੜਤ ਬੱਚੀ ਮੁਲਜ਼ਮ ਦੀ ਪਛਾਣ ਕਰ ਚੁੱਕੀ ਹੈ ਤੇ ਅਦਾਲਤ 'ਚ ਬਿਆਨ ਦਰਜ ਕਰਵਾ ਚੁੱਕੀ ਹੈ ਕਿ ਮੁਲਜ਼ਮ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਅਦਾਲਤ 'ਚ ਹੁਣ ਤਕ 15 ਗਵਾਹਾਂ ਦੇ ਬਿਆਨ ਦਰਜ ਹੋ ਚੁੱਕੇ ਹਨ। ਮੰਗਲਵਾਰ ਨੂੰ ਸੈਕਟਰ-39 ਥਾਣੇ ਦੇ ਮਾਲਖਾਨਾ ਮੁਨਸ਼ੀ ਹੈੱਡ ਕਾਂਸਟੇਬਲ ਹਰਬੰਸ ਸਿੰਘ ਦੇ ਬਿਆਨ ਹੋਏ। ਉਨ੍ਹਾਂ ਨੇ ਅਦਾਲਤ ਸਾਹਮਣੇ ਰਿਕਾਰਡ ਦੀ ਪੁਸ਼ਟੀ ਕੀਤੀ, ਉਥੇ ਹੀ ਅਦਾਲਤ ਨੇ ਕੇਸ ਦੀ ਜਾਂਚ ਅਧਿਕਾਰੀ ਨੂੰ 15 ਸਤੰਬਰ ਲਈ ਸੰਮਨ ਜਾਰੀ ਕੀਤੇ ਹਨ। ਉਸ ਦਿਨ ਜਾਂਚ ਅਧਿਕਾਰੀ ਦੇ ਬਿਆਨ ਦਰਜ ਕੀਤੇ ਜਾਣਗੇ।
ਜਾਂਚ ਅਧਿਕਾਰੀ ਗਈ ਸੀ ਪੀੜਤਾ ਦੇ ਘਰ
ਡੀ. ਐੱਨ. ਏ. ਰਿਪੋਰਟ ਮੈਚ ਨਾ ਹੋਣ ਤੋਂ ਬਾਅਦ ਜਾਂਚ ਅਧਿਕਾਰੀ ਪੀੜਤ ਬੱਚੀ ਦੇ ਘਰ ਪੁਲਸ ਟੀਮ ਨਾਲ ਗਈ ਸੀ ਪਰ ਘਰ ਨੂੰ ਤਾਲਾ ਲੱਗਾ ਸੀ। ਮਾਮਲੇ ਦੀ ਜਾਂਚ ਅਧਿਕਾਰੀ ਹੁਣ ਪੀੜਤਾ ਤੋਂ ਪਤਾ ਕਰੇਗੀ ਕਿ ਉਸ ਨਾਲ ਮਾਮੇ ਤੋਂ ਇਲਾਵਾ ਹੋਰ ਕਿਸਨੇ ਜਬਰ-ਜ਼ਨਾਹ ਕੀਤਾ ਸੀ। ਚੰਡੀਗੜ੍ਹ ਪੁਲਸ ਹੁਣ ਕੇਸ ਸਾਬਿਤ ਕਰਨ ਲਈ ਅਹਿਮ ਸਬੂਤ ਇਕੱਠੇ ਕਰਨ 'ਚ ਲੱਗੀ ਹੈ।


Related News