ਅੰਮ੍ਰਿਤਸਰ ਜਾ ਰਹੀ ਬੱਸ ਨੂੰ ਗੱਡੀ ਨੇ ਮਾਰੀ ਟੱਕਰ! ਅੰਦਰੋਂ ਮਿਲੀ ਸ਼ੈਅ ਨੇ ਉਡਾਏ ਹੋਸ਼
Monday, Apr 13, 2026 - 03:03 PM (IST)
ਮੋਗਾ (ਆਜ਼ਾਦ)- ਮੋਗਾ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਦੌਲੇਵਾਲਾ ਇਲਾਕੇ ਵਿਚ ਇਕ ਹਾਦਸਾਗ੍ਰਸਤ ਕਾਰ ਵਿਚੋਂ ਢਾਈ ਕਿੱਲੋ ਹੈਰੋਇਨ ਬਰਾਮਦ ਹੋਈ। ਇਸ ਸਬੰਧ ਵਿਚ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਇਸ ਮਾਮਲੇ ’ਚ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ, ਜਦਕਿ ਦੂਜਾ ਹਸਪਤਾਲ ਵਿਚ ਇਲਾਜ ਅਧੀਨ ਹੈ।
ਇਸ ਸਬੰਧੀ ਡੀ. ਐੱਸ. ਪੀ. ਧਰਮਕੋਟ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਕੋਟ ਈਸੇ ਖਾਂ ਦੇ ਜੀ. ਆਰ. ਮੈਰਿਜ ਪੈਲੇਸ ਕੋਲ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਅੰਮ੍ਰਿਤਸਰ ਸਾਹਿਬ ਜਾ ਰਹੀ ਇਕ ਬੱਸ ਨਾਲ ਟਕਰਾ ਗਈ ਸੀ। ਇਸ ਹਾਦਸੇ ਵਿਚ ਕਾਰ ਵਿਚ ਸਵਾਰ ਦੋਵੇਂ ਨੌਜਵਾਨ ਚਾਲਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਰੱਤੋਕੇ (ਤਰਨਤਾਰਨ) ਅਤੇ ਦਰਸ਼ਨ ਸਿੰਘ ਵਾਸੀ ਪਿੰਡ ਭਿੱਖੀਵਿੰਡ (ਤਰਨਤਾਰਨ) ਗੰਭੀਰ ਜ਼ਖਮੀ ਹੋ ਗਏ ਅਤੇ ਬੱਸ ਵਿਚ ਬੈਠੀਆਂ ਸਵਾਰੀਆਂ ਨੂੰ ਵੀ ਨੁਕਸ਼ਾਨ ਝੱਲਣਾ ਪਿਆ।

ਹਾਦਸੇ ਦੀ ਸੂਚਨਾ ਮਿਲਣ ’ਤੇ ਦੌਲੇਵਾਲਾ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ ਦੋਵੇਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਜਦੋਂ ਬੱਸ ਚਾਲਕ ਬਲਦੇਵ ਸਿੰਘ ਵਾਸੀ ਪਿੰਡ ਸੰਘੇ (ਤਰਨਤਾਰਨ) ਆਪਣੀ ਬੱਸ ਰੋਕ ਕੇ ਕਾਰ ਵਿਚੋਂ ਜ਼ਖਮੀਆਂ ਨੂੰ ਬਾਹਰ ਕੱਢ ਰਿਹਾ ਸੀ, ਤਾਂ ਉਸ ਨੂੰ ਕਾਰ ਵਿਚ ਇਕ ਪਾਰਦਰਸ਼ੀ ਲਿਫਾਫਾ ਪਿਆ ਨਜ਼ਰ ਆਇਆ। ਇਸ ਬਾਰੇ ਉਸ ਨੇ ਤੁਰੰਤ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਨੂੰ ਸੂਚਿਤ ਕੀਤਾ। ਜਦੋਂ ਪੁਲਸ ਨੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ। ਪੁਲਸ ਨੇ ਹਾਦਸਾਗ੍ਰਸਤ ਕਾਰ ਅਤੇ ਹੈਰੋਇਨ ਨੂੰ ਕਬਜ਼ੇ ਵਿਚ ਲੈ ਲਿਆ।
ਦੌਲੇਵਾਲਾ ਪੁਲਸ ਚੌਕੀ ਦੇ ਇੰਚਾਰਜ ਜਗਮੋਹਨ ਸਿੰਘ ਨੇ ਦੱਸਿਆ ਕਿ ਜ਼ਖਮੀ ਗੁਰਪ੍ਰੀਤ ਸਿੰਘ ਅਤੇ ਦਰਸ਼ਨ ਸਿੰਘ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਦਰਸ਼ਨ ਸਿੰਘ ਦੀ ਹਾਲਤ ਠੀਕ ਹੋਣ ’ਤੇ ਉਸ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ, ਜਦਕਿ ਗੁਰਪ੍ਰੀਤ ਸਿੰਘ ਦਾ ਇਲਾਜ ਜਾਰੀ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਸਿੰਘ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਗੁਰਪ੍ਰੀਤ ਸਿੰਘ ਦੇ ਜ਼ਿਆਦਾ ਜ਼ਖਮੀ ਹੋਣ ਕਰ ਕੇ ਉਸ ਦੇ ਬਿਆਨ ਦਰਜ ਨਹੀਂ ਹੋ ਸਕੇ, ਜਿਸ ਨੂੰ ਠੀਕ ਹੋਣ ਉਪਰੰਤ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਦੋਵੇਂ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
