ਪੋਤੀ ਨੂੰ ਧੁੱਪੇ ਬੰਨ੍ਹਣ ਦੇ ਮਾਮਲੇ ''ਚ ਮਨੁੱਖੀ ਅਧਿਕਾਰ ਕਮਿਸ਼ਨ ਨੇ SSP ਤੋਂ ਮੰਗੀ ਰਿਪੋਰਟ

Thursday, Apr 16, 2026 - 06:01 PM (IST)

ਪੋਤੀ ਨੂੰ ਧੁੱਪੇ ਬੰਨ੍ਹਣ ਦੇ ਮਾਮਲੇ ''ਚ ਮਨੁੱਖੀ ਅਧਿਕਾਰ ਕਮਿਸ਼ਨ ਨੇ SSP ਤੋਂ ਮੰਗੀ ਰਿਪੋਰਟ

ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਰਾਜ ਅਤੇ ਚੰਡੀਗੜ੍ਹ (ਯੂਟੀ) ਮਨੁੱਖੀ ਅਧਿਕਾਰ ਕਮਿਸ਼ਨ ਨੇ ਫਰੀਦਕੋਟ ਦੀ ਡੋਗਰ ਬਸਤੀ ਵਿਚ ਇਕ ਮਹਿਲਾ ਅਸਿਸਟੈਂਟ ਸਬ-ਇੰਸਪੈਕਟਰ (ਏ.ਐਸ.ਆਈ) ਵੱਲੋਂ ਆਪਣੀ 5 ਸਾਲਾ ਪੋਤੀ ਨੂੰ ਕੜਾਕੇ ਦੀ ਧੁੱਪ ਵਿਚ ਗੇਟ ਨਾਲ ਬੰਨ੍ਹਣ ਦੀ ਅਣਮਨੁੱਖੀ ਘਟਨਾ ਦਾ ਸੂਓ-ਮੋਟੋ ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਫਰੀਦਕੋਟ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਸ (ਐੱਸਐੱਸਪੀ) ਤੋਂ ਰਿਪੋਰਟ ਤਲਬ ਕੀਤੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਮੁਲਜ਼ਮ ਮਹਿਲਾ ਏਐੱਸਆਈ ਸਰਬਜੀਤ ਕੌਰ ਨੇ ਕਥਿਤ ਤੌਰ 'ਤੇ ਆਪਣੀ ਪੋਤੀ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਕਈ ਘੰਟਿਆਂ ਤੱਕ ਘਰ ਦੇ ਬਾਹਰ ਧੁੱਪ ਵਿਚ ਛੱਡ ਦਿੱਤਾ ਸੀ। ਮੁਲਜ਼ਮ ਏਐੱਸਆਈ ਥਾਣਾ ਸਦਰ ਵਿਖੇ ਮਹਿਲਾ ਮਿੱਤਰ ਵਜੋਂ ਤਾਇਨਾਤ ਸੀ ਅਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵੱਲੋਂ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਪੁਲਸ ਅਨੁਸਾਰ ਬੱਚੀ ਦੇ ਮਾਤਾ-ਪਿਤਾ ਪੁਰਤਗਾਲ ਵਿਚ ਰਹਿੰਦੇ ਹਨ, ਜਿਸ ਕਾਰਨ ਬੱਚੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸ ਦੀ ਦਾਦੀ ਕੋਲ ਸੀ। ਅਖ਼ਬਾਰਾਂ ਵਿਚ ਪ੍ਰਕਾਸ਼ਿਤ ਖ਼ਬਰਾਂ ਦਾ ਨੋਟਿਸ ਲੈਂਦਿਆਂ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼, ਮੈਂਬਰ ਜਸਟਿਸ ਗੁਰਬੀਰ ਸਿੰਘ ਅਤੇ ਮੈਂਬਰ ਜਤਿੰਦਰ ਸਿੰਘ ਸ਼ੰਟੀ (ਪਦਮ ਸ਼੍ਰੀ) ਦੀ ਸ਼ਮੂਲੀਅਤ ਵਾਲੇ ਬੈਂਚ ਨੇ ਸ਼ਿਕਾਇਤ ਨੰਬਰ 3892/3/2026 ਤਹਿਤ ਕਾਰਵਾਈ ਸ਼ੁਰੂ ਕੀਤੀ ਹੈ। ਕਮਿਸ਼ਨ ਵੱਲੋਂ ਐੱਸਐੱਸਪੀ ਫਰੀਦਕੋਟ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਮਾਮਲੇ ਦੀ ਅਗਲੀ ਸੁਣਵਾਈ 22 ਮਈ 2026 ਤੋਂ ਇਕ ਹਫ਼ਤਾ ਪਹਿਲਾਂ ਆਪਣੀ ਮੁਕੰਮਲ ਰਿਪੋਰਟ ਪੇਸ਼ ਕਰਨ। ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਮਿਸ਼ਨ ਵੱਲੋਂ ਨਿਰਦੇਸ਼ਾਂ ਅਤੇ ਖ਼ਬਰ ਦੀ ਕਾਪੀ ਐੱਸਐੱਸਪੀ ਫਰੀਦਕੋਟ ਨੂੰ ਈ-ਮੇਲ ਅਤੇ ਡਾਕ ਰਾਹੀਂ ਭੇਜ ਦਿੱਤੀ ਗਈ ਹੈ। 


author

Gurminder Singh

Content Editor

Related News