ਏਅਰਫੋਰਸ ਦੇ ਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਕੀਤਾ ਜਬਰ-ਜ਼ਨਾਹ

Friday, Jul 27, 2018 - 03:54 AM (IST)

ਏਅਰਫੋਰਸ ਦੇ ਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਕੀਤਾ ਜਬਰ-ਜ਼ਨਾਹ

ਚੰਡੀਗੜ੍ਹ,   (ਰਮੇਸ਼ ਹਾਂਡਾ)–  ਉਤਰ ਪ੍ਰਦੇਸ਼ ਦੇ ਜ਼ਿਲਾ ਚਿਤਰਕੂਟ ਦੇ ਪਿੰਡ ਤੋਂ ਇਕ ਵਿਅਕਤੀ ਗੁਆਂਢ ਦੀ ਲੜਕੀ ਨੂੰ ਬੇਟੀਆਂ ਨਾਲ ਘੁਮਾਉਣ ਬਹਾਨੇ ਲਿਆਇਆ ਅਤੇ ਦਿੱਲੀ ਰੇਲਵੇ ਸਟੇਸ਼ਨ 'ਤੇ ਆਪਣੇ ਬੇਟੇ ਦੇ ਹਵਾਲੇ ਕਰ ਕੇ ਗਾਇਬ ਹੋ ਗਿਆ। ਉਸ ਦਾ ਪੁੱਤਰ ਲੜਕੀ ਨੂੰ ਜ਼ੀਰਕਪੁਰ ਲੈ ਆਇਆ, ਜਿੱਥੇ ਦੋ ਰਾਤਾਂ ਇਕ ਹੋਟਲ 'ਚ ਗੁਜ਼ਾਰਨ ਦੇ ਬਾਅਦ ਉਸ ਨੂੰ ਬਹਿਲਾਨਾ ਲੈ ਗਿਆ। ਉਥੇ ਕਮਰਾ ਕਿਰਾਏ 'ਤੇ ਲੈ ਕੇ 10 ਦਿਨ ਤੱਕ ਲੜਕੀ ਨਾਲ ਕਈ ਵਾਰ ਰੇਪ ਕੀਤਾ। ਵਿਆਹ ਦਾ ਝਾਂਸਾ ਦੇ ਕੇ ਉਹ ਕਈ ਮਹੀਨੇ ਤੱਕ ਨਾਲ ਰਿਹਾ ਪਰ ਵਿਆਹ ਨਹੀਂ ਕੀਤਾ। ਲੜਕੀ ਨੇ ਖੁਦਕੁਸ਼ੀ ਦੀ ਧਮਕੀ ਦਿੱਤੀ ਤਾਂ ਕਮਰੇ 'ਚ ਇਕੱਲਾ ਛੱਡ ਕੇ ਫਰਾਰ ਹੋ ਗਿਆ। ਵੀਰਵਾਰ ਨੂੰ ਲੜਕੀ ਨੇ ਐੱਸ. ਐੱਸ. ਪੀ. ਚੰਡੀਗੜ੍ਹ ਨੂੰ ਪਬਲਿਕ ਵਿੰਡੋ ਦੇ ਮਾਧਿਅਮ ਰਾਹੀਂ ਸ਼ਿਕਾਇਤ ਦਿੱਤੀ।
ਸ਼ਿਮਲਾ ਘੁਮਾਉਣ ਦੀ ਗੱਲ ਕਹਿ ਕੇ ਲਿਆਏ ਸਨ
ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਹ ਚਿਤਰਕੂਟ 'ਚ ਰਹਿੰਦੀ ਹੈ, ਗੁਆਂਢ 'ਚ ਉਸ ਦੀ ਸਹੇਲੀ ਵੀ ਰਹਿੰਦੀ ਹੈ, ਜਿਸ ਦਾ ਭਰਾ ਉਸ 'ਤੇ ਗਲਤ ਨਜ਼ਰ ਰੱਖਦਾ ਸੀ, ਜਿਸ ਦੇ ਰਿਸ਼ਤੇ 'ਚ ਲੱਗਦੇ ਚਾਚੇ ਨਾਲ ਸ਼ਿਕਾਇਤਕਰਤਾ ਦਾ ਵਿਆਹ ਮਈ, 2016 'ਚ ਹੋ ਗਿਆ ਸੀ। 21 ਦਸੰਬਰ 2017 ਨੂੰ ਵਿੱਦਿਆ ਸਾਗਰ ਨਾਮਕ ਏਅਰਫੋਰਸ ਜਵਾਨ ਦਾ ਪਿਤਾ ਪ੍ਰਭਾਕਰ ਸ਼ੁਕਲਾ ਤੇ ਉਸ ਦੀਆਂ ਦੋ ਭੈਣਾਂ ਉਸ ਨੂੰ ਸ਼ਿਮਲਾ ਘੁਮਾਉਣ ਦੀ ਗੱਲ ਕਹਿ ਕੇ ਨਾਲ ਲੈ ਆਏ ਅਤੇ ਦਿੱਲੀ ਰੇਲਵੇ ਸਟੇਸ਼ਨ 'ਤੇ ਪਹਿਲਾਂ ਤੋਂ ਮੌਜੂਦ ਵਿੱਦਿਆ ਸਾਗਰ ਹਵਾਲੇ ਕਰ ਕੇ ਬਹਾਨੇ ਨਾਲ ਗਾਇਬ ਹੋ ਗਏ। ਵਿੱਦਿਆ ਸਾਗਰ ਲੜਕੀ ਨੂੰ ਲੈ ਕੇ ਜ਼ੀਰਕਪੁਰ ਪਹੁੰਚਿਆ, ਜਿੱਥੇ ਇਕ ਹੋਟਲ 'ਚ ਵਿਆਹ ਦਾ ਝਾਂਸਾ ਦੇ ਕੇ ਦੋ ਦਿਨ ਤੱਕ ਸਰੀਰਕ ਸਬੰਧ ਬਣਾਏ। ਫਿਰ ਮੁਲਜ਼ਮ ਉਸ ਨੂੰ ਬਹਿਲਾਨਾ ਲੈ ਕੇ ਆਇਆ, ਜਿੱਥੇ ਉਸ ਨੇ ਪੀੜਤਾ ਨੂੰ ਆਪਣੀ ਪਤਨੀ ਦੱਸਦੇ ਹੋਏ ਕਮਰਾ ਕਿਰਾਏ 'ਤੇ ਲਿਆ। ਲੜਕੀ ਨੂੰ ਕਮਰੇ 'ਚੋਂ ਬਾਹਰ ਨਿਕਲਣ ਜਾਂ ਕਿਸੇ ਨਾਲ ਗੱਲ ਕਰਨ ਤੋਂ ਮਨ੍ਹਾ ਕਰਦੇ ਹੋਏ ਉਸ ਦਾ ਫੋਨ ਲੈ ਲਿਆ। ਕਮਰੇ ਦੇ ਬਾਹਰ ਤਾਲਾ ਲਗਾ ਰਹਿੰਦਾ ਸੀ, ਜਿਸ ਨੂੰ ਮੁਲਜ਼ਮ ਹੀ ਡਿਊਟੀ ਤੋਂ ਆ ਕੇ ਖੋਲ੍ਹਦਾ ਸੀ। 10 ਦਿਨ ਤੱਕ ਅਜਿਹਾ ਹੀ ਚੱਲਦਾ ਰਿਹਾ। ਲੜਕੀ ਨੇ ਵਿਆਹ ਦਾ ਦਬਾਅ ਬਣਾਇਆ, ਜਿਸ ਤੋਂ ਬਾਅਦ ਕਮਰੇ 'ਚ ਹੀ ਮੁਲਜ਼ਮ ਨੇ ਉਸ ਦੀ ਮਾਂਗ ਭਰ ਦਿੱਤੀ ਅਤੇ ਛੇਤੀ ਹੀ ਕੋਰਟ ਮੈਰਿਜ ਕਰਵਾਉਣ ਦਾ ਵਾਅਦਾ ਕਰ ਕੇ ਪੰਜ ਮਹੀਨਿਆਂ ਤੱਕ ਉਸ ਨੂੰ ਨਾਲ ਰੱਖਿਆ। ਜਦੋਂ ਲੜਕੀ ਗਰਭਵਤੀ ਹੋਈ ਤਾਂ ਬਹਿਲਾ ਕੇ ਉਸ ਨੂੰ ਦਵਾਈਆਂ ਦੇ ਕੇ ਗਰਭਪਾਤ ਕਰਵਾ ਦਿੱਤਾ।

ਸ਼ਿਕਾਇਤ ਦੇਣ ਲਈ ਲਾਉਂਦੀ ਰਹੀ ਥਾਣਿਆਂ ਦੇ ਚੱਕਰ
ਡਿਊਟੀ 'ਤੇ ਜਾਣ ਤੋਂ ਬਾਅਦ ਦੋ ਦਿਨ ਤੱਕ ਜਦੋਂ ਮੁਲਜ਼ਮ ਘਰ ਨਾ ਆਇਆ ਤਾਂ ਪੀੜਤਾ ਏਅਰਫੋਰਸ ਸਟੇਸ਼ਨ ਚਲੀ ਗਈ, ਉਥੇ ਰੌਲਾ ਵੇਖ ਕੇ ਅਧਿਕਾਰੀਆਂ ਨੇ ਪੁਲਸ ਸੱਦ ਲਈ। ਪੁਲਸ ਦੋਹਾਂ ਨੂੰ ਥਾਣੇ ਲੈ ਆਈ। ਪੀੜਤਾ ਨੇ ਉਥੇ ਸ਼ਿਕਾਇਤ ਦਿੱਤੀ ਤਾਂ ਮੁਲਜ਼ਮ ਦਾ ਪਿਤਾ ਥਾਣੇ ਪਹੁੰਚ ਗਿਆ। ਉਨ੍ਹਾਂ ਨੇ ਵਿੱਦਿਆ ਸਾਗਰ ਤੇ ਉਸ ਦਾ ਵਿਆਹ ਕਰਵਾਉਣ ਦਾ ਭਰੋਸਾ ਦਿਵਾਇਆ ਅਤੇ ਸ਼ਿਕਾਇਤ ਵਾਪਸ ਕਰਵਾ ਲਈ। ਘਰ ਜਾ ਕੇ ਮੁਲਜ਼ਮ ਦਾ ਪਿਤਾ ਪਿੰਡੋਂ ਪੈਸੇ ਲੈ ਕੇ ਆਉਣ ਦੀ ਗੱਲ ਕਹਿ ਕੇ ਉਸ ਨੂੰ ਕਮਰੇ 'ਚ ਹੀ ਛੱਡ ਕੇ ਚਲਾ ਗਿਆ। ਜਦੋਂ ਕਈ ਦਿਨ ਤੱਕ ਉਹ ਨਾ ਪਰਤੇ ਤਾਂ ਲੜਕੀ ਫਿਰ ਏਅਰਫੋਰਸ ਸਟੇਸ਼ਨ ਪਹੁੰਚ ਗਈ। ਇੱਥੇ ਅਫਸਰਾਂ ਨੇ ਉਸ ਨੂੰ ਅੰਦਰ ਨਹੀਂ ਆਉਣ ਦਿੱਤਾ। ਪੀੜਤਾ ਫਿਰ ਪੁਲਸ ਥਾਣੇ ਗਈ, ਜਿੱਥੋਂ ਉਸ ਨੂੰ ਨਾਰੀ ਨਿਕੇਤਨ ਭੇਜਣ ਦੀ ਗੱਲ ਕਹੀ ਗਈ। ਉਸ ਨੂੰ ਕਿਹਾ ਗਿਆ ਕਿ ਹਾਲਾਂਕਿ ਉਸ ਨੂੰ ਚਿਤਰਕੂਟ ਤੋਂ ਲਿਆਂਦਾ ਗਿਆ ਸੀ, ਇਸ ਲਈ ਮਾਮਲਾ ਉਥੇ ਹੀ ਦਰਜ ਹੋਵੇਗਾ। ਲੜਕੀ ਨੇ ਚਿਤਰਕੂਟ ਜਾ ਕੇ ਥਾਣਿਆਂ ਅਤੇ ਡੀ. ਐੱਮ. ਦਫ਼ਤਰ 'ਚ ਇਨਸਾਫ ਦੀ ਮੰਗ ਕੀਤੀ ਪਰ ਗੱਲ ਨਹੀਂ ਬਣੀ। ਇਸ ਤੋਂ ਬਾਅਦ ਉਸ ਨੇ ਕੋਰਟ 'ਚ ਦਫਾ 156/3 ਤਹਿਤ ਸ਼ਿਕਾਇਤ ਦਿੱਤੀ, ਜਿੱਥੇ ਉਸ ਨੂੰ ਚੰਡੀਗੜ੍ਹ ਜਾ ਕੇ ਸ਼ਿਕਾਇਤ ਕਰਨ ਨੂੰ ਕਿਹਾ ਗਿਆ ਤੇ ਮਾਮਲੇ ਦੀ ਜਾਂਚ ਕੋਰਟ ਨੇ ਉਥੋਂ ਦੇ ਸਬੰਧਤ ਥਾਣੇ ਨੂੰ ਸੌਂਪੀ ਹੈ। ਪੀੜਤਾ ਫਿਰ ਚੰਡੀਗੜ੍ਹ ਆਈ ਅਤੇ ਵੀਰਵਾਰ ਨੂੰ ਮਨੁੱਖੀ ਅਧਿਕਾਰ ਸੰਗਠਨ ਦੀ ਮਦਦ ਨਾਲ ਐੱਸ. ਐੱਸ. ਪੀ. ਨੂੰ ਪਬਲਿਕ ਵਿੰਡੋ ਰਾਹੀਂ ਸ਼ਿਕਾਇਤ ਦਿੱਤੀ।

ਲੜਕੀ ਸ਼ਿਕਾਇਤ ਲੈ ਕੇ ਆਈ ਸੀ ਪਰ ਜਦੋਂ ਪਤਾ ਲਗਾ ਕਿ ਉਹ ਪਹਿਲਾਂ ਤੋਂ ਹੀ ਵਿਆਹੁਤਾ ਹੈ ਅਤੇ ਖੁਦ ਦੀ ਮਰਜ਼ੀ ਨਾਲ ਆਈ ਹੈ ਤਾਂ ਮਾਮਲਾ ਅਡਲਟਰੀ ਦਾ ਨਿਕਲਿਆ। ਇਸ ਕਾਰਨ ਜਵਾਨ 'ਤੇ ਮਾਮਲਾ ਨਹੀਂ ਬਣਦਾ ਸੀ। ਅਸੀਂ ਰਿਪੋਰਟ ਸਬਮਿਟ ਕਰ ਦਿੱਤੀ ਸੀ।
-ਗੁਰਜੀਤ ਕੌਰ, ਐੱਸ. ਐੱਚ. ਓ. ਸੈਕਟਰ 31 ਪੁਲਸ ਥਾਣਾ

ਅਸੀਂ ਉਸ ਨੂੰ ਲੈ ਕੇ ਨਹੀਂ ਗਏ ਸੀ। ਬੇਟੇ ਨਾਲ ਵਿਆਹ ਕਰਵਾਉਣ ਦੀ ਗੱਲ ਕਹੀ ਸੀ ਪਰ ਪੁੱਤਰ ਨਹੀਂ ਚਾਹੁੰਦਾ। ਕਮਰੇ 'ਚ ਇਸ ਲਈ ਰੱਖਿਆ ਕਿਉਂਕਿ ਇਕ ਹੀ ਪਿੰਡ ਦੀ ਹੈ ਤੇ ਧੀ ਦੀ ਸਹੇਲੀ ਹੈ। ਹੁਣ ਉਸ ਨੇ ਚਿਤਰਕੂਟ ਦੀ ਕੋਰਟ 'ਚ ਕੇਸ ਕੀਤਾ ਹੈ, ਜਿਸ ਦੀ ਜਾਂਚ ਲਈ ਕੋਰਟ ਨੇ ਪੁਲਸ ਨੂੰ ਕਹਿ ਦਿੱਤਾ ਹੈ। ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ।
-ਪ੍ਰਭਾਕਰ ਸ਼ੁਕਲਾ, ਦੋਸ਼ੀ ਵਿੱਦਿਆ ਸਾਗਰ ਦਾ ਪਿਤਾ

 


Related News