23 ਸਾਲਾ ਕੁੜੀ ਨੂੰ ਮਿਲੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ, ਲਾਸ਼ ਦੇਖ ਪੁਲਸ ਵੀ ਹੈਰਾਨ

Tuesday, Mar 03, 2020 - 07:15 PM (IST)

ਹੁਸ਼ਿਆਰਪੁਰ (ਅਮਰਿੰਦਰ)— ਪਿੰਡ ਅਰਗੋਵਾਲ ਦੇ ਗੁੱਜਰ ਪਰਿਵਾਰ ਦੀ 4 ਮਹੀਨਿਆਂ ਤੋਂ ਲਾਪਤਾ ਲੜਕੀ ਦੀ ਲਾਸ਼ ਖੇਤ 'ਚੋਂ ਦੋ ਹਿੱਸਿਆਂ 'ਚ ਬਰਾਮਦ ਕੀਤੀ ਗਈ ਪਰ ਹੱਥ-ਪੈਰ ਗਾਇਬ ਮਿਲੇ। ਮਾਨਸਿਕ ਰੂਪ ਨਾਲ ਪਰੇਸ਼ਾਨ ਲੜਕੀ ਦੀ ਹੱਤਿਆ ਕੀਤੀ ਗਈ ਹੈ ਅਤੇ ਉਸ ਦੀ ਲਾਸ਼ ਨੂੰ ਗੜ੍ਹਦੀਵਾਲਾ ਥਾਣੇ ਅਧੀਨ ਆਉਂਦੇ ਪਿੰਡ ਬਡਿਆਲ-ਕਾਲੜਾ ਵਿਚਕਾਰ ਖੇਤਾਂ 'ਚ ਸੁੱਟ ਦਿੱਤਾ ਗਿਆ ਸੀ। ਕੁੱਤਿਆਂ ਦੇ ਖੋਦ ਕੇ ਖਾਣ ਨਾਲ ਹੱਤਿਆ ਦਾ ਖੁਲਾਸਾ ਹੋ ਗਿਆ। ਬੀਤੇ ਦਿਨ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਗੜ੍ਹਦੀਵਾਲਾ ਪੁਲਸ ਅਨੁਸਾਰ ਲਾਸ਼ ਦੀ ਹਾਲਤ ਖਰਾਬ ਹੋਣ ਕਾਰਨ ਪਰਿਵਾਰਕ ਮੈਂਬਰਾਂ ਦੇ ਕਹਿਣ 'ਤੇ ਮੈਡੀਕਲ ਬੋਰਡ ਦੀ ਦੇਖ-ਰੇਖ 'ਚ ਪੋਸਟਮਾਰਟਮ ਕੀਤਾ।

ਦੂਜੇ ਪਾਸੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸ਼ਫਾ ਦੀ ਹੱਤਿਆ ਕੀਤੀ ਗਈ ਹੈ। ਪੁਲਸ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪਹਿਲਾਂ ਹੀ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

PunjabKesari

7 ਨਵੰਬਰ ਨੂੰ ਘਰੋਂ ਹੋਈ ਸੀ ਲਾਪਤਾ
ਸਿਵਲ ਹਸਪਤਾਲ ਵਿਖੇ ਮ੍ਰਿਤਕਾ ਸ਼ਫਾ (23) ਵਾਸੀ ਪਿੰਡ ਅਰਗੋਵਾਲ ਦੇ ਪਰਿਵਾਰਕ ਮੈਂਬਰ ਭਰਾ ਸੁਰਮੁਦੀਨ ਅਤੇ ਮੱਖਨਦੀਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕੋਲ ਚੋਅ 'ਚ ਡੇਰਾ ਹੈ। ਉਨ੍ਹਾਂ ਦੀ ਭੈਣ ਸ਼ਫਾ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ। ਸ਼ਫਾ ਦੀ ਮਾਂ ਕੀਆਂ ਪਤਨੀ ਬਰਕਤ ਅਲੀ ਵਾਸੀ ਗੜ੍ਹਦੀਵਾਲ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ 7 ਨਵੰਬਰ 2019 ਘਰੋਂ ਨੂੰ ਪਸ਼ੂਆਂ ਲਈ ਚਾਰਾ ਲੈਣ ਗਈ ਸੀ ਪਰ ਵਾਪਸ ਨਹੀਂ ਆਈ। ਐਤਵਾਰ ਨੂੰ ਸਵੇਰੇ ਸਵਾ 7 ਵਜੇ ਦੇ ਕਰੀਬ ਭਤੀਜੇ ਭੋਲੂਦੀਨ ਦਾ ਫੋਨ ਆਇਆ ਕਿ ਬਡਿਆਲ-ਕਾਲੜਾ ਪਿੰਡਾਂ ਵਿਚਕਾਰ ਖੇਤਾਂ 'ਚੋਂ ਇਕ ਲੜਕੀ ਦੀ ਲਾਸ਼ ਮਿਲੀ ਹੈ ਤਾਂ ਅਸੀਂ ਉਥੇ ਪਹੁੰਚੇ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਚਿਹਰਾ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ ਸੀ। ਸਿਰ ਦੀ ਖੋਪੜੀ ਵੱਖ ਸੀ। ਇਸ ਦੇ ਬਾਵਜੂਦ ਉਸ ਦੇ ਕੱਪੜਿਆਂ ਅਤੇ ਸਿਰ 'ਤੇ ਲੱਗੇ ਕਲਿੱਪ ਤੋਂ ਅਸੀਂ ਉਸ ਦੀ ਪਛਾਣ ਸ਼ਫਾ ਵਜੋਂ ਕੀਤੀ।

ਤਲਾਕਸ਼ੁਦਾ ਸੀ ਲੜਕੀ
ਭਰਾਵਾਂ ਨੇ ਦੱਸਿਆ ਕਿ ਸਫਾ ਦਾ ਵਿਆਹ ਹੋ ਚੁੱਕਾ ਸੀ ਅਤੇ ਉਹ ਬਚਪਨ ਤੋਂ ਹੀ ਮਾਨਸਿਕ ਤੌਰ 'ਤੇ ਕਮਜ਼ੋਰ ਸੀ। ਉਸ ਦਾ ਗੁੱਜਰ ਪੰਚਾਇਤ 'ਚ ਤਲਾਕ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ। ਪੀੜਤ ਪਰਿਵਾਰ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਸ਼ਫਾ ਦੇ ਕਾਤਲਾਂ ਦਾ ਪਤਾ ਲਗਾ ਕੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

PunjabKesari

ਲੜਕੀ ਦੇ ਹੱਥ ਅਤੇ ਪੈਰਾਂ ਦੀ ਪੁਲਸ ਕਰ ਰਹੀ ਭਾਲ
ਪੁਲਸ ਨੂੰ ਸਿਰਫ ਖੋਪੜੀ, ਕੰਕਾਲ ਅਤੇ ਮੂੰਹ ਦਾ ਜਬੜਾ ਹੀ ਬਰਾਮਦ ਹੋਇਆ ਹੈ। ਹੱਥ, ਪੈਰ ਸਣੇ ਬਾਕੀ ਅੰਗ ਗਾਇਬ ਮਿਲੇ ਹਨ।

ਪੁਲਸ ਨੂੰ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ : ਥਾਣਾ ਮੁਖੀ
ਇਸ ਸਬੰਧ 'ਚ ਥਾਣਾ ਗੜ੍ਹਦੀਵਾਲਾ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕਾ ਕਿਸੇ ਬੀਮਾਰੀ ਤੋਂ ਵੀ ਪੀੜਤ ਸੀ। ਲਾਸ਼ ਦੀ ਜੋ ਹਾਲਤ ਹੈ, ਉਸ ਨੂੰ ਦੇਖ ਕੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪੁਲਸ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ, ਜਿਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮਾਮਲਾ ਹੱਤਿਆ ਦਾ ਹੈ ਜਾਂ ਹਾਦਸੇ ਦਾ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪੁਲਸ ਨੇ ਹੱਤਿਆ ਦੇ ਦੋਸ਼ 'ਚ ਧਾਰਾ 302, 201 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News