ਮੇਲੇ 'ਚ ਨੌਜਵਾਨ ਵਲੋਂ ਮੰਦਾ-ਚੰਗਾ ਬੋਲਣ 'ਤੇ ਲੜਕੀ ਨੇ ਲਿਆ ਫਾਹਾ

06/25/2019 8:12:00 PM

ਲੁਧਿਆਣਾ (ਅਨਿਲ)— ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਮਾਂਗਟ 'ਚ ਬੀਤੀ ਰਾਤ ਇਕ 18 ਸਾਲਾ ਲੜਕੀ ਨੇ ਨੌਜਵਾਨ ਤੋਂ ਤੰਗ ਆ ਕੇ ਆਪਣੇ ਘਰ ਵਿਚ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ, ਜਿਸ ਤੋਂ ਬਾਅਦ ਮੌਕੇ 'ਤੇ ਥਾਣਾ ਮਿਹਰਬਾਨ ਦੀ ਪੁਲਸ ਪੁੱਜੀ।
ਥਾਣਾ ਮੁਖੀ ਜਗਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਪਿੰਡ ਤੋਂ ਫੋਨ 'ਤੇ ਸੂਚਨਾ ਮਿਲੀ ਕਿ ਇਕ ਲੜਕੀ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪੁੱਜ ਕੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਅÎਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਰਜਨੀ (18) ਪੁੱਤਰੀ ਜਸਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਮ੍ਰਿਤਕ ਲੜਕੀ ਦੀ ਵੱਡੀ ਭੈਣ ਕੰਚਨ ਦੇਵੀ ਨੇ ਦੱਸਿਆ ਕਿ ਸੋਮਵਾਰ ਪਿੰਡ ਵਿਚ ਮੇਲਾ ਚੱਲ ਰਿਹਾ ਸੀ ਅਤੇ ਉਹ ਆਪਣੀ ਭੈਣ ਰਜਨੀ ਦੇ ਨਾਲ ਮੱਥਾ ਟੇਕਣ ਜਾ ਰਹੀ ਸੀ ਕਿ ਰਸਤੇ 'ਚ ਉਸੇ ਪਿੰਡ ਦਾ ਨੌਜਵਾਨ ਸੁਖਦੇਵ ਸਿੰਘ ਪੁੱਤਰ ਮਲਕੀਤ ਚੰਦ ਖੜ੍ਹਾ ਹੋਇਆ ਸੀ, ਜੋ ਉਸ ਦੀ ਭੈਣ ਰਜਨੀ ਦੇ ਨਾਲ ਬਦਤਮੀਜ਼ੀ ਕਰਨ ਲੱਗ ਗਿਆ ਅਤੇ ਉਸ ਨੂੰ ਬੁਰਾ ਭਲਾ ਬੋਲਣ ਲੱਗ ਗਿਆ, ਜਿਸ ਤੋਂ ਬਾਅਦ ਉਹ ਦੋਵੇਂ ਵਾਪਸ ਆ ਗਈਆਂ। ਰਜਨੀ ਆਪਣੇ ਘਰ ਦੇ ਅੰਦਰ ਚਲੀ ਗਈ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਉਸ ਦਾ 14 ਸਾਲ ਦਾ ਛੋਟਾ ਭਰਾ ਮੇਲੇ ਤੋਂ ਹੋ ਕੇ ਜਦੋਂ ਘਰ ਦੇ ਅੰਦਰ ਗਿਆ ਤਾਂ ਘਰ ਦੇ ਅੰਦਰ ਰਜਨੀ ਫਾਹ ਲੈ ਕੇ ਲਟਕ ਰਹੀ ਸੀ, ਜਿਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਘਰਾਂ ਤੋਂ ਲੋਕ ਨਿਕਲ ਕੇ ਜਦੋਂ ਤਕ ਉਸ ਦੇ ਘਰ ਦੇ ਅੰਦਰ ਆਏ, ਉਦੋਂ ਤਕ ਰਜਨੀ ਦੀ ਮੌਤ ਹੋ ਚੁੱਕੀ ਸੀ। ਲੋਕਾਂ ਨੇ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮ੍ਰਿਤਕ ਰਜਨੀ ਦੀ ਮਾਤਾ ਪਿੰਡ ਸੀੜਾ ਦੀ ਇਕ ਫੈਕਟਰੀ ਵਿਚ ਕੰਮ ਕਰਨ ਗਈ ਹੋਈ ਸੀ ਅਤੇ ਪਿਤਾ ਬਾਹਰ ਕੰਮ 'ਤੇ ਗਿਆ ਹੋਇਆ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭਿਜਵਾ ਦਿੱਤੀ ਹੈ, ਜਿਥੇ ਤਿੰਨ ਡਾਕਟਰਾਂ ਦਾ ਬੋਰਡ ਮ੍ਰਿਤਕ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰੇਗਾ। ਹਾਲ ਦੀ ਘੜੀ ਪੁਲਸ ਨੇ ਮ੍ਰਿਤਕ ਦੀ ਵੱਡੀ ਭੈਣ ਕੰਚਨ ਦੇਵੀ ਪਤਨੀ ਗੁਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀ ਨੌਜਵਾਨ ਸੁਖਦੇਵ ਸਿੰਘ ਪੁੱਤਰ ਮਲਕੀਤ ਚੰਦ ਵਾਸੀ ਮਾਂਗਟ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕਰ ਕੇ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News