ਪੁਲਸ ਨੇ ਲੜਕੀ ''ਤੇ ਲਾਇਆ ਬਦਸਲੂਕੀ ਦਾ ਦੋਸ਼, ਬੇਹੋਸ਼ ਹੋ ਕੇ ਸੜਕ ''ਤੇ ਡਿਗੀ

Sunday, May 24, 2020 - 01:10 PM (IST)

ਪੁਲਸ ਨੇ ਲੜਕੀ ''ਤੇ ਲਾਇਆ ਬਦਸਲੂਕੀ ਦਾ ਦੋਸ਼, ਬੇਹੋਸ਼ ਹੋ ਕੇ ਸੜਕ ''ਤੇ ਡਿਗੀ

ਲੁਧਿਆਣਾ (ਤਰੁਣ) : ਪੁਰਾਣੀ ਸਬਜ਼ੀ ਮੰਡੀ 'ਚ ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਦਾ ਨਾਕਾ ਲੱਗਾ ਹੋਇਆ ਸੀ। ਸ਼ੁੱਕਰਵਾਰ ਦੁਪਹਿਰ ਕਰੀਬ ਡੇਢ ਵਜੇ ਕੋਮਲ ਨਾਮੀ ਲੜਕੀ ਆਪਣੀ ਮਾਂ ਦੇ ਨਾਲ ਦਵਾਈ ਲੈਣ ਲਈ ਕਾਲੀ ਸੜਕ ਸਥਿਤ ਘਰੋਂ ਨਿਕਲੀ। ਇਸ ਦੌਰਾਨ ਕੋਮਲ ਨੇ ਆਪਣੀ ਮਾਂ ਨਾਲ ਕੁੱਝ ਖਰੀਦਦਾਰੀ ਵੀ ਕੀਤੀ। ਸਬਜ਼ੀ ਮੰਡੀ ਨੇੜੇ ਦੁਕਾਨ ਕੋਲ ਇਕ ਵਲੰਟੀਅਰ ਨੇ ਕੋਮਲ ਦੀ ਐਕਟਿਵਾ ਨੂੰ ਰੋਕਿਆ। ਵਲੰਟੀਅਰ ਨੇ ਕੋਮਲ ਨੂੰ ਕਾਗਜ਼ ਦਿਖਾਉਣ ਲਈ ਕਿਹਾ ਅਤੇ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਜ਼ਿਆਦਾ ਸਮਾਂ ਲਗਾਉਣ ’ਤੇ ਕੋਮਲ ਨੇ ਵਲੰਟੀਅਰ ਤੋਂ ਜਾਣ ਦੀ ਇਜਾਜ਼ਤ ਮੰਗੀ ਪਰ ਵਲੰਟੀਅਰ ਨੇ ਕੋਮਲ ਨੂੰ ਥਾਣਾ ਡਵੀਜ਼ਨ ਨੰਬਰ-4 ਦੀ ਸਬ-ਇੰਸਪੈਕਟਰ ਮੰਜੂ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਸਬ-ਇੰਸਪੈਕਟਰ ਮੰਜੂ ਚੌਧਰੀ ਅਤੇ ਕੋਮਲ 'ਚ ਤਿੱਖੀ ਨੋਕ-ਝੋਕ ਹੋਈ।

ਸਬ-ਇੰਸਪੈਕਟਰ ਨੇ ਕੋਮਲ ਨੂੰ ਮੁਆਫੀ ਮੰਗਣ ਲਈ ਕਿਹਾ ਪਰ ਕੋਮਲ ਨੇ ਪੁੱਛਿਆ ਕਿ ਉਹ ਕਿਸ ਗੱਲ ਦੀ ਮੁਆਫੀ ਮੰਗੇ। ਗੱਲ ਵਧਣ ’ਤੇ ਕੋਮਲ ਦੀ ਐਕਟਿਵਾ ਦਾ ਚਲਾਨ ਕੱਟਦੇ ਹੋਏ ਧਾਰਾ-207 ਤਹਿਤ ਐਕਟਿਵਾ ਬੰਦ ਕਰ ਦਿੱਤੀ ਗਈ। ਕੋਮਲ ਦੀ ਬੇਇੱਜ਼ਤੀ ਹੋਣ ’ਤੇ ਉਹ ਬੇਹੋਸ਼ ਹੋ ਕੇ ਡਿੱਗ ਗਈ, ਜਿਸ ਤੋਂ ਬਾਅਦ ਪੁਲਸ ਨਾਕਾ ਉਥੋਂ ਗਾਇਬ ਹੋ ਗਿਆ। ਕੋਮਲ ਕਰੀਬ 25 ਮਿੰਟ ਸੜਕ ’ਤੇ ਪਈ ਰਹੀ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-4 ਦੇ ਮੁਖੀ ਸਤਵੰਤ ਸਿੰਘ ਨੇ ਕਿਹਾ ਕਿ ਲੜਕੀ ਅਤੇ ਉਸ ਦੀ ਮਾਂ 'ਚ ਤੂੰ-ਤੂੰ ਮੈਂ-ਮੈਂ ਹੋਈ ਸੀ। ਸਬ ਇੰਸਪੈਕਟਰ ਮੰਜੂ ਚੌਧਰੀ ਨੇ ਕਾਨੂੰਨ ਤਹਿਤ ਜੋ ਧਾਰਾ ਬਣਦੀ ਹੈ, ਉਸ ਦੇ ਤਹਿਤ ਕੋਮਲ ਦਾ ਚਲਾਨ ਕੱਟ ਕੇ ਐਕਟਿਵਾ ਬੰਦ ਕੀਤੀ ਹੈ।
ਪੁਲਸ ਦੇ ਨਾਲ ਕੀਤਾ ਮਿਸਬਿਹੇਵ : ਮੰਜੂ ਚੌਧਰੀ
ਇਸ ਸਬੰਧੀ ਸਬ ਇੰਸਪੈਕਟਰ ਮੰਜੂ ਚੌਧਰੀ ਦਾ ਕਹਿਣਾ ਹੈ ਕਿ ਨਾਕੇ ’ਤੇ ਉਸ ਨੇ ਕੋਮਲ ਨੂੰ ਰੋਕਿਆ। ਕੋਮਲ ਦੇ ਕੋਲ ਨਾ ਲਾਈਸੈਂਸ ਸੀ ਅਤੇ ਨਾ ਹੀ ਦੋਪਹੀਆ ਵਾਹਨ ਦੇ ਕਾਗਜ਼ ਸਨ। ਇਸ ਤੋਂ ਇਲਾਵਾ ਉਸ ਨੇ ਉਸ ਦੇ ਨਾਲ ਮਾੜਾ ਵਰਤਾਅ ਕਰਨਾ ਸ਼ੁਰੂ ਕਰ ਦਿੱਤਾ। ਕੋਮਲ ਨੇ ਉਸ ਨੂੰ ਧਮਕਾਉਣ ਅਤੇ ਉੱਚੀ ਪਹੁੰਚ ਦਾ ਰੌਅਬ ਦਿਖਾਇਆ ਪਰ ਉਸ ਨੇ ਹਿੰਮਤ ਨਾਲ ਜੋ ਵੀ ਕਾਨੂੰਨ ਤਹਿਤ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤਹਿਤ ਆਉਂਦੀ ਧਾਰਾ ਦੇ ਨਾਲ ਐਕਟਿਵਾ ਦਾ ਚਲਾਨ ਕੀਤਾ। ਉਸ ਨੇ ਪੁਲਸ ਦੇ ਨਾਲ ਮਾੜਾ ਵਰਤਾਅ ਕਰਨ ਦੀ ਧਾਰਾ ਵੀ ਜੋੜ ਦਿੱਤੀ, ਜਿਸ ਤੋਂ ਬਾਅਦ ਕੋਮਲ ਅਤੇ ਉਸ ਦੀ ਮਾਂ ਸੜਕ 'ਤੇ ਆਪਸ 'ਚ ਲੜ ਪਈਆਂ। ਦੋਵਾਂ ਨੇ ਇਕ-ਦੂਜੇ ਨੂੰ ਥੱਪੜ ਜੜ੍ਹ ਦਿੱਤੇ, ਜਿਸ ਤੋਂ ਬਾਅਦ ਦੋਵਾਂ 'ਚ ਕਾਫੀ ਲੜਾਈ ਹੋਈ, ਜਿਸ ਨੂੰ ਪੁਲਸ ਨੇ ਕਾਬੂ ਕਰਨ ਦਾ ਯਤਨ ਵੀ ਕੀਤਾ ਅਤੇ ਦੋਵਾਂ ਨੂੰ ਸਮਝਾਇਆ। ਸਬ-ਇੰਸਪੈਕਟਰ ਮੰਜੂ ਚੌਧਰੀ ਨੇ ਕੋਮਲ ਨੂੰ ਮੁਆਫੀ ਮੰਗਵਾਉਣ ਦੀ ਗੱਲ ਨੂੰ ਸਿਰਿਓਂ ਨਕਾਰ ਦਿੱਤੀ।
 


author

Babita

Content Editor

Related News