2011 ਤੋਂ ਪਹਿਲਾਂ ਰਜਿਸਟਰਡ ਵਾਹਨਾਂ ’ਤੇ ਹਾਈ-ਸਕਿਓਰਿਟੀ ਨੰਬਰ ਪਲੇਟ ਲਗਵਾਉਣਾ ਲੰਬੀ ਪ੍ਰਕਿਰਿਆ
Wednesday, Jul 05, 2023 - 01:39 PM (IST)
ਲੁਧਿਆਣਾ (ਸੰਨੀ) : ਜਿਨ੍ਹਾਂ ਲੋਕਾਂ ਦੇ ਵਾਹਨ ਸਾਲ 2011 ਤੋਂ ਪਹਿਲਾਂ ਦੇ ਟ੍ਰਾਂਸਪੋਰਟ ਵਿਭਾਗ ਕੋਲ ਰਜਿਸਟਰਡ ਹਨ, ਉਨ੍ਹਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣਾ ਇਕ ਲੰਬੀ ਪ੍ਰਕਿਰਿਆ ਬਣ ਚੁੱਕਾ ਹੈ। ਅਜਿਹੇ ਵਾਹਨਾਂ ਦਾ ਰਿਕਾਰਡ ਪਹਿਲਾਂ ਟ੍ਰਾਂਸਪੋਰਟ ਵਿਭਾਗ ਕੋਲ ਆਨਲਾਈਨ ਕਰਵਾਉਣਾ ਪਵੇਗਾ, ਜਿਸ ਨੂੰ ਬੈਕਲਾਗ ਦਾ ਨਾਂ ਦਿੱਤਾ ਗਿਆ ਹੈ। ਵਾਹਨ ਦਾ ਰਿਕਾਰਡ ਆਨਲਾਈਨ ਹੋਣ ਤੋਂ ਬਾਅਦ ਹੀ ਅਜਿਹੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲੱਗ ਸਕੇਗੀ। ਹਾਲਾਂਕਿ ਵਾਹਨਾਂ ਦਾ ਰਿਕਾਰਡ ਆਨਲਾਈਨ ਕਰਨ ਦਾ ਜ਼ਿੰਮਾ ਟ੍ਰਾਂਸਪੋਰਟ ਵਿਭਾਗ ਦਾ ਹੈ ਪਰ ਵਿਭਾਗ ਨੇ ਇਸ ਪ੍ਰਕਿਰਿਆ ਨੂੰ ਇੰਨਾ ਗੁੰਝਲਦਾਰ ਬਣਾ ਦਿੱਤਾ ਹੈ ਕਿ ਬੈਕਲਾਗ ਐਂਟਰੀ ਇਕ-ਇਕ ਮਹੀਨੇ ਤੱਕ ਮਨਜ਼ੂਰ ਨਹੀਂ ਹੁੰਦੀ, ਜਿਸ ਕਾਰਨ ਵੀ ਪੁਰਾਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲੱਗ ਪਾ ਰਹੀ। ਦੱਸ ਦੇਈਏ ਕਿ ਵਿਭਾਗ ਰਜਿਸਟ੍ਰੇਸ਼ਨ ਦਾ ਕੰਪਿਊਟਰੀਕਰਨ ਸਾਲ 2011 ’ਚ ਹੋਇਆ ਸੀ। ਸਾਲ 2011 ਤੋਂ ਬਾਅਦ ਦੇ ਰਜਿਸਟਰਡ ਵਾਹਨਾਂ ਦਾ ਡਾਟਾ ਆਨਲਾਈਨ ਹੈ ਪਰ ਉਸ ਤੋਂ ਪਹਿਲਾਂ ਦਾ ਸਾਰਾ ਰਿਕਾਰਡ ਰਜਿਸਟਰਾਂ ’ਚ ਦਰਜ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੂੰ ਮਿਲੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵੈਟ ਦੀਆਂ ਪੈਂਡਿੰਗ ਰਿਟਰਨਾਂ ਦਾ ਮਾਮਲਾ ਉਠਾਇਆ
ਇਕ ਅੰਦਾਜੇ ਮੁਤਾਬਕ ਲੁਧਿਆਣਾ ਵਿਚ ਪੀ. ਬੀ. 10 ਜ਼ੈੱਡ ਸੀਰੀਜ਼ ਤੋਂ ਪਹਿਲਾਂ ਦਾ ਸਾਰਾ ਰਿਕਾਰਡ ਆਫਲਾਈਨ ਹੈ ਅਤੇ ਲੋਕਾਂ ਨੂੰ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣ ਦਾ ਡਾਟਾ ਪਹਿਲਾਂ ਹੀ ਗੱਡੀ ਟ੍ਰਾਂਸਫਰ ਕਰਨ, ਇੰਸ਼ੋਰੈਂਸ, ਪੋਲਿਊਸ਼ਨ ਸਰਟੀਫਿਕੇਟ ਆਦਿ ਲਈ ਆਨਲਾਈਨ ਕਰਵਾ ਚੁੱਕੇ ਹਨ। ਜੇਕਰ ਕਿਸੇ ਨੇ ਪੁਰਾਣੇ ਵਾਹਨ ਜੋ 2011 ਤੋਂ ਪਹਿਲਾਂ ਦਰਜ ਹਨ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣੀ ਹੈ ਤਾਂ ਵਾਹਨ ਦਾ ਡਾਟਾ ਆਨਲਾਈਨ ਕਰਵਾਉਣਾ ਜ਼ਰੂਰੀ ਹੈ, ਜਿਸ ਦੇ ਲਈ ਵਾਹਨ ਦੀ ਆਰ. ਸੀ. ਇੰਸ਼ੋਰੈਂਸ, ਰਜਿਸਟਰਡ ਮਾਲਕ ਦਾ ਆਧਾਰ ਕਾਰਡ, ਪੂਰਾ ਚੈਸੀ ਨੰਬਰ ਆਦਿ ਵਿਭਾਗ ਕੋਲ ਆਨਲਾਈਨ ਤਰੀਕੇ ਨਾਲ ਜਮ੍ਹਾ ਕਰਵਾਉਣਾ ਪੈਂਦਾ ਹੈ, ਜਿਸ ਤੋਂ ਬਾਅਦ ਕਲਰਕ ਅਤੇ ਅਧਿਕਾਰੀ ਵਲੋਂ ਅਪਰੂਵ ਕਰਨ ਤੋਂ ਬਾਅਦ ਹੀ ਵਾਹਨ ਦਾ ਡਾਟਾ ਆਨਲਾਈਨ ਹੰਦਾ ਹੈ।
ਇਹ ਵੀ ਪੜ੍ਹੋ : ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲਾ ਲੈਣ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ, ਵਿਭਾਗ ਵੱਲੋਂ ਜਾਰੀ ਹੋਇਆ ਨੋਟਿਸ
ਟ੍ਰੈਫਿਕ ਪੁਲਸ ਦੀ ਕਾਰਵਾਈ ਜਾਰੀ
ਉੱਧਰ, ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਹਨਾਂ ਖਿਲਾਫ ਟ੍ਰੈਫਿਕ ਪੁਲਸ ਦੀ ਲਗਾਤਾਰ ਕਾਰਵਾਈ ਜਾਰੀ ਹੈ। ਟ੍ਰੈਫਿਕ ਪੁਲਸ ਵਲੋਂ ਰੁਟੀਨ ਤੋਂ ਇਲਾਵਾ 6 ਸਪੈਸ਼ਲ ਨਾਕੇ ਵੀ ਲਗਾਏ ਜਾ ਰਹੇ ਹਨ, ਜਿੱਥੇ ਅਜਿਹੇ ਵਾਹਨਾਂ ਦੇ ਚਲਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲੱਗੀ। ਏ. ਸੀ. ਪੀ. ਗੁਰਪ੍ਰੀਤ ਸਿੰਘ ਨੇ ਖੁਦ ਗਿੱਲ ਨਹਿਰ ਪੁਲ ’ਤੇ ਜਾ ਕੇ ਸਾਰੀ ਕਾਰਵਾਈ ਦੀ ਕਮਾਨ ਸੰਭਾਲੀ। ਪੁਲਸ ਵਲੋਂ ਮੰਗਲਵਾਰ ਨੂੰ 250 ਦੇ ਕਰੀਬ ਅਜਿਹੇ ਵਾਹਨਾਂ ਦੇ ਚਲਾਨ ਕੀਤੇ ਹਨ, ਜੋ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਦੇ ਸੜਕਾਂ ’ਤੇ ਦੌੜ ਰਹੇ ਸਨ।
ਇਹ ਵੀ ਪੜ੍ਹੋ : ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨਾਂ ’ਤੇ ਟ੍ਰੈਫਿਕ ਪੁਲਸ ਦੀ ਵੱਡੀ ਕਾਰਵਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।