ਹੁਣ ਕੁੜੀਆਂ ਹੀ ਕਰਨਗੀਆਂ ਕੁੜੀਆਂ ਦੇ ਟੂਰਨਾਮੈਂਟਾਂ ''ਚ ਰੈਫਰੀ ਤੇ ਜੱਜਮੈਂਟ

Monday, Jul 01, 2019 - 10:12 AM (IST)

ਚੰਡੀਗੜ੍ਹ (ਅਸ਼ਵਨੀ) : ਇਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ, ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵਲੋਂ ਲੜਕੀਆਂ ਨੂੰ ਰੈਫਰੀ ਵਜੋਂ ਸਿਖਲਾਈ ਦੇਣ ਲਈ ਲਾਏ 2 ਰੋਜ਼ਾ ਕੈਂਪ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਨੈਸ਼ਨਲ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਲੜਕੀਆਂ ਦਾ ਤੀਜਾ ਮਾਈ ਭਾਗੋ ਗੱਤਕਾ ਕੱਪ ਸਤੰਬਰ ਮਹੀਨੇ ਕਰਵਾਇਆ ਜਾਵੇਗਾ, ਜਿਸ 'ਚ ਰੈਫਰੀ ਅਤੇ ਜੱਜਮੈਂਟ ਲਈ ਲੜਕੀਆਂ ਹੀ ਡਿਊਟੀ ਨਿਭਾਉਣਗੀਆਂ। ਗੱਤਕੇ ਨੂੰ ਵੱਡੀ ਪੱਧਰ 'ਤੇ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਲੜਕੀਆਂ ਨੂੰ ਇਸ ਇਸ ਖੇਡ ਪ੍ਰਤੀ ਹੋਰ ਆਕਰਸ਼ਿਤ ਕਰਨ ਲਈ ਗਰੇਵਾਲ ਨੇ ਆਖਿਆ ਕਿ ਗੱਤਕਾ ਟੂਰਨਾਮੈਂਟਾਂ ਅਤੇ ਸਿਖਲਾਈ ਕੈਪਾਂ 'ਚ ਲੜਕੀਆਂ ਦੀ ਸ਼ਮੂਲੀਅਤ ਹੋਰ ਵਧਾਈ ਜਾਵੇਗੀ ਅਤੇ ਲੜਕੇ ਅਤੇ ਲੜਕੀਆਂ ਦੇ ਵੱਖੋ-ਵੱਖਰੇ ਟੂਰਨਾਮੈਂਟ ਕਰਵਾਏ ਜਾਇਆ ਕਰਨਗੇ।

ਵਿਰਾਸਤੀ ਗੱਤਕੇ ਅਤੇ ਸ਼ਸਤਰ ਕਲਾ ਪ੍ਰਦਰਸ਼ਨੀ ਦੀ ਪ੍ਰਫੁੱਲਤਾ ਲਈ ਉਨ੍ਹਾਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਮੂਹ ਜ਼ਿਲਾ ਕੁਆਰਡੀਨੇਟਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਸਾਲ ਆਪੋ-ਆਪਣੇ ਜ਼ਿਲੇ 'ਚ ਲੜਕੀਆਂ ਲਈ ਵੱਖਰੇ ਟ੍ਰੇਨਿੰਗ ਕੈਂਪ ਲਾਉਣ। ਇਸਮਾ ਦੇ ਚੇਅਰਮੈਨ ਗਰੇਵਾਲ ਨੇ ਇਸ ਮੌਕੇ ਬਲਜਿੰਦਰ ਕੌਰ ਮੋਰਿੰਡਾ ਨੂੰ ਪੰਜਾਬ ਲਈ ਇਸਮਾ ਦੇ ਲੜਕੀਆਂ ਦੇ ਵਿੰਗ ਦੀ ਕੁਆਰਡੀਨੇਟਰ ਵਜੋਂ ਨਾਮਜ਼ਦ ਕਰਨ ਦਾ ਐਲਾਨ ਵੀ ਕੀਤਾ।
ਜ਼ਿਲਾ ਗੱਤਕਾ ਐਸੋਸੀਏਸਨ ਦੇ ਜਥੇਬੰਦਕ ਸਕੱਤਰ ਭੁਪਿੰਦਰ ਸਿੰਘ ਖਰੜ ਨੇ ਐਲਾਨ ਕੀਤਾ ਕਿ ਰੈਫਰੀ ਕੈਂਪ 'ਚ ਸ਼ਾਮਲ ਸਮੂਹ ਲੜਕੀਆਂ ਲਈ ਉਨ੍ਹਾਂ ਵਲੋਂ ਟੀ-ਸ਼ਰਟਾਂ ਅਤੇ ਟਰੈਕ ਸੂਟ ਮੁਫਤ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਸੰਤ ਬਾਬਾ ਕਪੂਰ ਸਿੰਘ ਸਨੇਰਾਂ ਵਾਲਿਆਂ ਨੇ ਸਮੂਹ ਲੜਕੀਆਂ ਨੂੰ ਕੈਂਪ ਵਿਚ ਸਿਖਲਾਈ ਲੈਣ ਲਈ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਗੱਤਕਾ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਅਮਰਜੀਤ ਸਿੰਘ ਸੈਣੀ, ਜ਼ਿਲਾ ਗੱਤਕਾ ਐਸੋਸੀਏਸਨ ਐੱਸ.ਏ.ਐੱਸ. ਨਗਰ ਦੇ ਪ੍ਰਧਾਨ ਕੰਵਰ ਹਰਵੀਰ ਸਿੰਘ ਢੀਂਡਸਾ, ਜਨਰਲ ਮੈਨੇਜਰ ਸਨਅਤ ਵਿਭਾਗ ਹਰਜਿੰਦਰ ਸਿੰਘ ਪੰਨੂੰ, ਪ੍ਰਭਜੋਤ ਸਿੰਘ ਬਾਬੇ ਕੇ, ਗੁਰਦਿਆਲ ਸਿੰਘ ਭੁੱਲਾਰਾਈ, ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਕੋਆਰਡੀਨੇਟਰ ਹਰਕਿਰਨਜੀਤ ਸਿੰਘ ਫਾਜ਼ਿਲਕਾ, ਮੁਖਤਿਆਰ ਸਿੰਘ ਪਟਿਆਲਾ ਆਦਿ ਵੀ ਹਾਜ਼ਰ ਸਨ।


Babita

Content Editor

Related News