ਗੈਸ ਏਜੰਸੀ ਦੇ ਕਰਿੰਦੇ ਨੇ ਗੁਦਾਮ ਅੰਦਰ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Thursday, Aug 01, 2024 - 04:06 PM (IST)

ਝਬਾਲ (ਨਰਿੰਦਰ) : ਭਾਰਤ ਗੈਸ ਏਜੰਸੀ ਝਬਾਲ ਦੇ ਕਰਿੰਦੇ ਸੁਖਦੇਵ ਸਿੰਘ ਵਾਸੀ ਝਬਾਲ ਵੱਲੋਂ ਗੈਸ ਏਜੰਸੀ ਦੇ ਗੁਦਾਮ ਅੰਦਰ ਅੱਜ ਸਵੇਰੇ ਗਾਡਰ ਨਾਲ ਰੱਸਾ ਬੰਨ੍ਹ ਕੇ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਖਦੇਵ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਝਬਾਲ ਦੇ ਭਰਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਖਦੇਵ ਸਿੰਘ ਪਿਛਲੇ ਕਈ ਸਾਲਾਂ ਤੋਂ ਇਸ ਏਜੰਸੀ ਵਿਚ ਕੰਮ ਕਰ ਰਿਹਾ ਸੀ ਪਰੰਤੂ ਹੁਣ ਪਿਛਲੇ ਕੁਝ ਦਿਨਾਂ ਤੋਂ ਗੈਸ ਏਜੰਸੀ ਦੀ ਮਾਲਕ ਬੀਬੀ ਦਵਿੰਦਰ ਕੌਰ ਦਾ ਇਕ ਨਜ਼ਦੀਕੀ ਜੋ ਆਪਣੇ ਆਪ ਨੂੰ ਮਾਲਕ ਦਵਿੰਦਰ ਕੌਰ ਦਾ ਦਿਓਰ ਦੱਸਦਾ ਹੈ ਵੱਲੋਂ ਸੁਖਦੇਵ ਸਿੰਘ ਨੂੰ ਬਹੁਤ ਜ਼ਿਆਦਾ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਸੁਖਦੇਵ ਸਿੰਘ ਨੇ ਅੱਜ ਮਨਜੀਤ ਸਿੰਘ ਜੋ ਗੈਸ ਏਜੰਸੀ ਦੀ ਮਾਲਕ ਦਾ ਨਜ਼ਦੀਕੀ ਰਿਸ਼ਤੇਦਾਰ ਹੈ ਤੋਂ ਦੁਖੀ ਹੋ ਕੇ ਅੱਜ ਸਵੇਰੇ ਗੈਸ ਏਜੰਸੀ ਦੇ ਗੁਦਾਮਾਂ ਅੰਦਰ ਜਾ ਕੇ ਗਾਡਰ ਨਾਲ ਰੱਸਾ ਬੰਨ੍ਹ ਕੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਸਬੰਧੀ ਪਤਾ ਲੱਗਣ 'ਤੇ ਉਸ ਵੱਲੋਂ ਗੈਸ ਏਜੰਸੀ ਦੇ ਗੋਦਾਮ ਵਿਚ ਜਾ ਕੇ ਵੇਖਿਆ ਤਾਂ ਉਸਦਾ ਭਰਾ ਰੱਸੇ ਨਾਲ ਲਟਕ ਰਿਹਾ ਸੀ ਜਿਸ ਨੂੰ ਹੇਠਾਂ ਲਾਉਣ 'ਤੇ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਡੀਐੱਸਪੀ ਤੇ ਤਰਸੇਮ ਮਸੀਹ ਸਮੇਤ ਥਾਣਾ ਝਬਾਲ ਤੋਂ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ। ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੇ ਭਰਾ ਲਵਪ੍ਰੀਤ ਸਿੰਘ ਦੇ ਬਿਆਨਾਂ ਦੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਮ੍ਰਿਤਕ ਸੁਖਦੇਵ ਸਿੰਘ ਆਪਣੇ ਪਿੱਛੇ ਪਤਨੀ ਸਿਮਰਨ ਕੌਰ ਅਤੇ ਚਾਰ ਬੱਚੇ ਛੱਡ ਗਿਆ ਹੈ। ਦੂਸਰੇ ਪਾਸੇ ਇਸ ਸਬੰਧੀ ਜਦੋਂ ਗੈਸ ਏਜੰਸੀ ਦੀ ਮਾਲਕ ਦੇ ਨਜ਼ਦੀਕੀ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਵੱਲੋਂ ਆਪਣੇ ਆਪ ਨੂੰ ਮਾਲਕ ਦਵਿੰਦਰ ਕੌਰ ਦਾ ਦਿਓਰ ਦੱਸਦਿਆਂ ਕਿਹਾ ਕਿ ਉਸ ਉੱਪਰ ਮ੍ਰਿਤਕ ਦੇ ਪਰਿਵਾਰ ਵੱਲੋਂ ਸੁਖਦੇਵ ਸਿੰਘ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ਾਂ ਦਾ ਖੰਡਨ ਕੀਤਾ ਗਿਆ, ਉਕਤ ਨੇ ਕਿਹਾ ਕਿ ਉਸ ਵੱਲੋਂ ਨਾ ਤਾਂ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਧਮਕੀ ਦਿੱਤੀ ਗਈ ਹੈ। ਡੀ. ਐੱਸ. ਪੀ ਤਰਸੇਮ ਮਸੀਹ ਅਨੁਸਾਰ ਮ੍ਰਿਤਕ ਦੇ ਪੋਸਟਮਾਰਟਮ ਕਰਾਉਣ ਉਪਰੰਤ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


Gurminder Singh

Content Editor

Related News