ਚੰਡੀਗੜ੍ਹ : ਗੈਂਗਸਟਰਾਂ ਵਲੋਂ ਹਾਈਕੋਰਟ 'ਚ ਬੰਦੇ ਮਾਰਨ ਦੀ ਧਮਕੀ, ਪੁਲਸ ਹਾਈ ਅਲਰਟ 'ਤੇ (ਵੀਡੀਓ)

04/23/2018 1:34:29 PM

ਚੰਡੀਗੜ੍ਹ (ਰਿਸ਼ੂ) : ਪੰਜਾਬ 'ਚ ਗੈਂਗਸਟਰਾਂ ਨੇ ਹਰ ਥਾਂ 'ਤੇ ਆਤੰਕ ਮਚਾਇਆ ਹੋਇਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੁਲਸ ਵੀ ਇਨ੍ਹਾਂ ਗੈਂਗਸਟਰਾਂ 'ਤੇ ਨੱਥ ਪਾਉਣ 'ਚ ਅਸਫਲ ਰਹੀ ਹੈ। ਇਸੇ ਲਈ ਤਾਂ ਗੈਂਗਸਟਰਾਂ ਵਲੋਂ ਖੁੱਲ੍ਹੇਆਮ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜਾ ਮਾਮਲੇ 'ਚ ਗੈਂਗਸਟਰਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਕੰਮ ਕਰਦੇ 4-5 ਬੰਦੇ ਮਾਰਨ ਦੀ ਧਮਕੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਸ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ। ਹਾਈਕੋਰਟ ਦੇ ਬਾਹਰ ਸਿੰਗਰ ਪਰਮੀਸ਼ ਵਰਮਾ 'ਤੇ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਦਾਹਨ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਐਤਵਾਰ ਰਾਤ 100 ਨੰਬਰ 'ਤੇ ਕਾਲ ਕਰਕੇ ਪੁਲਸ ਨੂੰ ਧਮਕੀ ਦਿੱਤੀ ਗਈ ਹੈ ਕਿ ਸੋਮਵਾਰ ਨੂੰ ਹਾਈਕੋਰਟ 'ਚ 4-5 ਲੋਕਾਂ ਦਾ ਕਤਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪੁਲਸ 'ਚ ਹੜਕੰਪ ਮਚਿਆ ਹੋਇਆ ਹੈ। ਇਸ ਧਮਕੀ ਤੋਂ ਬਾਅਦ ਹਾਈਕੋਰਟ ਦੇ ਚੱਪੇ-ਚੱਪੇ 'ਤੇ ਸੁਰੱਖਿਆ ਦਾ ਸਖਤ ਪਹਿਰਾ ਲਾਇਆ ਗਿਆ ਹੈ। 
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਿੰਗਰ ਪਰਮੀਸ਼ ਵਰਮਾ 'ਤੇ ਮੋਹਾਲੀ ਦੇ ਸੈਕਟਰ-91 'ਚ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦੀ ਜ਼ਿੰਮੇਵਾਰੀ ਫੇਸਬੁੱਕ 'ਤੇ ਦਿਲਪ੍ਰੀਤ ਬਾਬਾ ਨੇ ਲਈ ਸੀ। ਹਾਈਕੋਰਟ ਦੇ ਬਾਹਰ ਵੀ ਬਾਬਾ ਸਮੇਤ ਇਕ ਹੋਰ ਗੈਂਗਸਟਰ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ।  


Related News