ਸਾਲ-2020 : ਗੈਂਗਸਟਰਾਂ ਵੱਲੋਂ ਕੀਤੀਆਂ ਕੁੱਝ ਅਜਿਹੀਆਂ ਵਾਰਦਾਤਾਂ, ਜੋ ਚਾਹੁੰਦੇ ਹੋਏ ਵੀ ਭੁੱਲ ਨਾ ਸਕਣਗੇ 'ਲੁਧਿਆਣਵੀ'

12/31/2020 12:44:36 PM

ਲੁਧਿਆਣਾ (ਰਿਸ਼ੀ) : ਸਾਲ 2020 'ਚ ਸ਼ਹਿਰ 'ਚ ਗੈਂਗਸਟਰਾਂ ਵੱਲੋਂ ਕਈ ਅਜਿਹੀਆਂ ਵਾਰਦਾਤਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਚਾਹੁੰਦੇ ਹੋਏ ਵੀ ਲੁਧਿਆਣਵੀ ਭੁੱਲ ਨਹੀਂ ਸਕਣਗੇ ਅਤੇ ਸਾਰੀਆਂ ਵਾਰਦਾਤਾਂ ਦੇ ਗਵਾਹ ਬਣੇ।

  • ਸਾਲ-2020 'ਚ ਸ਼ਹਿਰ 'ਚ ਸਭ ਤੋਂ ਪਹਿਲਾਂ ਗੈਂਗਸਟਰਾਂ ਵੱਲੋਂ ਜਵਾਹਰ ਨਗਰ ਕੈਂਪ 'ਚ ਕਤਲ, ਫਿਰ ਦਿਨ ਦਿਹਾੜੇ ਇਕ ਤੋਂ ਬਾਅਦ ਇਕ 3 ਗੋਲਡ ਲੋਨ ਦੇਣ ਵਾਲੀਆਂ ਕੰਪਨੀਆਂ 'ਚ ਲੁੱਟ ਦੀਆਂ ਵਾਰਦਾਤਾਂ ਕਰ ਦਿੱਤੀਆਂ। ਨਾਲ ਹੀ ਇਕ ਅਪਰਾਧੀ ਡਰਾਈਵਰ ਵੱਲੋਂ ਪੈਸਿਆਂ ਦੇ ਲਾਲਚ 'ਚ ਹੋਟਲ ਮਾਲਕ ਦੇ ਬੇਟੇ ਨੂੰ ਅਗਵਾ ਕਰਕੇ ਫਿਰੌਤੀ ਮੰਗੀ ਗਈ।
  • 23 ਜਨਵਰੀ ਨੂੰ ਗੈਂਗਸਟਰ ਸੁਖਵਿੰਦਰ ਸਿੰਘ ਮੋਨੀ ਵੱਲੋਂ ਜਵਾਹਰ ਨਗਰ ਕੈਂਪ ਦੇ ਰਹਿਣ ਵਾਲੇ ਫਾਈਨਾਂਸਰ ਹਰਜਿੰਦਰ ਸਿੰਘ ਜਿੰਦੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੈਂਗਸਟਰ ਮੋਨੀ ਕੋਚਰ ਮਾਰਕੀਟ 'ਚ ਇਕ ਬੈਂਕ ਡਕੈਤੀ ਦਾ ਮਾਸਟਰ ਮਾਈਂਡ ਸੀ, ਜਦੋਂ ਕਿ ਪੱਖੋਵਾਲ ਰੋਡ ’ਤੇ ਆਪਣੇ ਸਾਥੀਆਂ ਸਮੇਤ ਇਕ ਏ. ਟੀ. ਐੱਮ. ਪੁੱਟ ਕੇ ਲੈ ਗਿਆ ਸੀ। 2 ਫਰਵਰੀ ਨੂੰ ਹਰਿਦੁਆਰ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
  • 29 ਜਨਵਰੀ ਨੂੰ ਦਿਨ-ਦਿਹਾੜੇ ਘੁਮਾਰ ਮੰਡੀ ਸਥਿਤ ਵੀ. ਕੇ. ਜਿਊਲਰ ਦੇ ਮਾਲਕ ਵਿਨੇ ਜੈਨ ਅਤੇ ਨੌਕਰ ਤੋਂ ਗੰਨ ਪੁਆਇੰਟ ’ਤੇ ਗੈਂਗਸਟਰ 80 ਲੱਖ ਦੀ ਕੀਮਤ ਦਾ 2 ਕਿਲੋ ਸੋਨਾ ਲੁੱਟ ਕੇ ਲੈ ਗਏ। ਖੰਨਾ ਪੁਲਸ ਨੇ ਮਈ ਮਹੀਨੇ 'ਚ ਇਕ ਮੁਲਜ਼ਮ ਸੈਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ  ਮਾਸਟਰ ਮਾਈਂਡ ਗੈਂਗਸਟਰ ਤਜਿੰਦਰ ਸਿੰਘ ਤੇਜਾ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਮਾਛੀਵਾੜਾ ਦੇ ਇਲਾਹਾਬਾਦ ਬੈਂਕ 'ਚ ਲੱਗੀ ਭਿਆਨਕ ਅੱਗ, ਇਮਾਰਤ ਨੂੰ ਭਾਰੀ ਨੁਕਸਾਨ

  • 17 ਫਰਵਰੀ ਨੂੰ ਗੈਂਗਸਟਰ ਜੈਪਾਲ ਭੁੱਲਰ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਗਿੱਲ ਰੋਡ ‘ਤੇ ਗੋਲਡ ਲੋਨ ਦੇਣ ਵਾਲੀ ਕੰਪਨੀ ਆਈ. ਆਈ. ਐੱਫ. ਐੱਲ. ਦੇ ਦਫ਼ਤਰ 'ਚ ਗੰਨ ਪੁਆਇੰਟ ‘ਤੇ 30 ਕਿੱਲੋ ਸੋਨਾ ਲੁੱਟਿਆ ਗਿਆ। ਡਕੈਤੀ ਨੇ ਪੂਰੇ ਪੰਜਾਬ ਦੀ ਪੁਲਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਾਰੇ ਮੁਲਜ਼ਮ ਇਕ ਹੀ ਰੰਗ ਦੇ ਕੱਪੜੇ ਪਹਿਨ ਕੇ ਆਏ ਸਨ। ਓਕੂ ਵੱਲੋਂ ਇਸ ਕੇਸ 'ਚ 6 ਮੁਲਜ਼ਮਾਂ 'ਚੋਂ ਪੰਜ ਗਗਨ ਜੱਜ, ਅੰਮ੍ਰਿਤਪਾਲ ਭੁੱਲਰ, ਗੁਰਸੇਵਕ ਸਿੰਘ, ਪ੍ਰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦੋਂ ਕਿ ਗੈਂਗਸਟਰ ਜੈਪਾਲ ਪੁਲਸ ਦੇ ਹੱਥ ਹੁਣ ਤੱਕ ਨਹੀਂ ਲਗ ਸਕਿਆ।
  • 16 ਅਕਤੂਬਰ ਸਵੇਰ ਚੌਂਕੀ ਆਤਮ ਪਾਰਕ ਤੋਂ ਚੰਦ ਕਦਮ ਦੂਰ ਸਥਿਤ ਮੁਥੂਟ ਫਾਈਨਾਂਸ ਦੇ ਦਫ਼ਤਰ 'ਚ 6 ਲੁਟੇਰੇ ਦਾਖ਼ਲ ਹੋਏ ਪਰ ਵਾਰਦਾਤ ਕਰਕੇ ਫਰਾਰ ਹੋਣ ਤੋਂ ਪਹਿਲਾਂ ਦਬੋਚੇ ਗਏ। ਲੁਟੇਰਿਆਂ ਵੱਲੋਂ 30 ਕਿਲੋ ਸੋਨਾ ਅਤੇ 2.75 ਲੱਖ ਰੁਪਏ ਬੈਂਗਾਂ 'ਚ ਭਰ ਲਏ ਗਏ ਸਨ। ਫਰਾਰ ਹੁੰਦੇ ਸਮੇਂ 20 ਤੋਂ ਜ਼ਿਆਦਾ ਫਾਇਰ ਵੀ ਕੀਤੇ ਗਏ, ਜਿਸ ਕਾਰਨ ਕਈ ਰਾਹਗੀਰ ਜ਼ਖਮੀਂ ਹੋਏ ਸਨ। ਪੁਲਸ ਨੇ 3 ਲੁਟੇਰਿਆਂ ਨੂੰ ਫੜ੍ਹ ਕੇ ਸੋਨਾ ਬਰਾਮਦ ਕਰ ਲਿਆ ਸੀ।

ਇਹ ਵੀ ਪੜ੍ਹੋ : ਨਾਭਾ 'ਚ ਸਿਆਸੀ ਭੂਚਾਲ, ਇੰਕਾ ਵਿਧਾਇਕ ਰਣਦੀਪ ਸਿੰਘ ਦਾ ਭਰਾ 'ਆਪ' 'ਚ ਸ਼ਾਮਲ

  • 17 ਜਨਵਰੀ ਰਾਤ 11.45 ਵਜੇ ਬਾਈਕ ਸਵਾਰ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਚੌਂਕੀ ਮਿਲਰਗੰਜ ਦੇ ਇਲਾਕੇ ਵਿਜੇ ਨਗਰ 'ਚ ਗੰਨ ਪੁਆਇੰਟ ’ਤੇ ਲੋਹਾ ਕਾਰੋਬਾਰੀ ਸ਼ੈਲੇਸ਼ ਤਿਵਾੜੀ ਤੋਂ 10 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਾਰੋਬਾਰੀ ਘਰ ਜਾਣ ਲਈ ਆਪਣੀ ਕਾਰ ਵੱਲ ਪੈਦਲ ਜਾ ਰਿਹਾ ਸੀ।
  • 12 ਜੂਨ ਨੂੰ ਸਭ ਤੋਂ ਵਿਅਸਤ ਇਲਾਕੇ ਗਿੱਲ ਰੋਡ ’ਤੇ ਲੋਹਾ ਕਾਰੋਬਾਰੀ ਹੈਪੀ ਗੁਪਤਾ ਦੇ ਦਫ਼ਤਰ 'ਚ ਗੰਨ ਪੁਆਇੰਟ ’ਤੇ ਵਾਰਦਾਤ ਕੀਤੀ ਅਤੇ ਸਟਾਫ਼ ਦੇ ਤੇਜਵੰਤ ਸਿੰਘ, ਬਹਾਦਰ ਸਿੰਘ ਅਤੇ ਇਕ ਹੋਰ ਨਿਰਮਲ ਸਿੰਘ ਨੂੰ ਬੰਦੀ ਬਣਾ ਕੇ ਲਗਭਗ 6 ਲੱਖ ਰੁਪਏ ਲੈ ਕੇ ਬਾਈਕਾਂ ’ਤੇ ਫਰਾਰ ਹੋ ਗਏ।
  • 6 ਜੁਲਾਈ ਨੂੰ ਗੈਸ ਏਜੰਸੀ ਦੇ ਮੁਲਾਜ਼ਮ ਪਵਨਦੀਪ ਸਿੰਘ ਤੋਂ 3 ਲੁਟੇਰਿਆਂ ਵੱਲੋਂ 11 ਲੱਖ ਦੀ ਨਕਦੀ ਖੋਹੀ ਗਈ। ਵਾਰਦਾਤ ਦੇ ਸਮੇਂ ਮੁਲਾਜ਼ਮ ਗਿੱਲ ਰੋਡ ’ਤੇ ਪੈਸੇ ਜਮ੍ਹਾਂ ਕਰਵਾਉਣ ਜਾ ਰਿਹਾ ਸੀ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਪੁੱਜੇ ਸੁਖਬੀਰ ਨੂੰ ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ, ਹੱਥੋਪਾਈ ਦੌਰਾਨ ਉਤਰੀਆਂ ਪੱਗਾਂ

  • 14 ਅਗਸਤ ਨੂੰ ਲੁਟੇਰਿਆਂ ਵੱਲੋਂ ਬਸੰਤ ਐਵੇਨਿਊ 'ਚ ਇਕ ਫਾਰਮ ਹਾਊਸ 'ਚ ਚੱਲ ਰਹੇ ਜੂਏ ਨੂੰ ਲੁੱਟਿਆ। ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਤੇ 14 ਲੱਖ ਤੋਂ ਜ਼ਿਆਦਾ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਗਏ। ਡਰ ਕਾਰਨ ਕਿਸੇ ਨੇ ਪਹਿਲਾਂ ਪੁਲਸ ਨੂੰ ਸ਼ਿਕਾਇਤ ਨਹੀਂ ਕੀਤੀ ਪਰ ਬਾਅਦ 'ਚ ਫਤਹਿਗੜ੍ਹ ਸਾਹਿਬ ਪੁਲਸ ਨੇ ਪੁਨੀਤ ਬੈਂਸ ਅਤੇ ਉਸ ਦੇ ਸਾਥੀਆਂ ਨੂੰ ਦਬੋਚ ਲਿਆ ਸੀ।

ਹੋਟਲ ਮਾਲਿਕ ਦੇ ਬੇਟੇ ਨੂੰ ਅਗਵਾ ਕਰਕੇ ਫਿਰੌਤੀ ਮੰਗੀ
ਬੀ. ਆਰ. ਐੱਸ. ਨਗਰ 'ਚ ਇਕ ਹੋਟਲ ਮਾਲਕ ਪੰਕਜ ਗੁਪਤਾ ਦੇ ਢਾਈ ਸਾਲ ਦੇ ਬੇਟੇ ਨੂੰ 2 ਸਾਲ ਪਹਿਲਾਂ ਰੱਖੇ ਡਰਾਈਵਰ ਹਰਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਗਵਾ ਕਰ ਲਿਆ ਅਤੇ 4 ਕਰੋੜ ਰੁਪਏ ਦੀ ਫਿਰੌਤੀ ਮੰਗੀ ਪਰ 15 ਘੰਟੇ 'ਚ ਪੁਲਸ ਨੇ ਕੇਸ ਹੱਲ ਕਰਕੇ ਡਰਾਈਵਰ ਅਤੇ ਉਸ ਦਾ ਸਾਥ ਦੇਣ ਵਾਲੇ ਕਈ ਬਦਮਾਸ਼ਾਂ ਸਾਬਕਾ ਸਰਪੰਚ ਸਮੇਤ ਇਕ ਜਨਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਨੋਟ : ਗੈਂਗਸਟਰਾਂ ਵੱਲੋਂ ਕੀਤੀਆਂ ਵਾਰਦਾਤਾਂ ਬਾਰੇ ਕੁਮੈਂਟ ਬਾਕਸ 'ਚ ਦਿਓ ਰਾਏ


Babita

Content Editor

Related News