ਕੜੀ ਨਾਲ ਕੜੀ ਜੋੜ ਕੇ ''ਓਕੂ'' ਪਹੁੰਚਿਆ ਗੌਂਡਰ ਤੱਕ

02/06/2018 6:11:41 AM

ਚੰਡੀਗੜ੍ਹ(ਰਮਨਜੀਤ)-ਨਾਭਾ ਜੇਲ ਬ੍ਰੇਕ ਕਾਂਡ ਤੋਂ ਬਾਅਦ ਗੌਂਡਰ ਤੇ ਸਾਥੀਆਂ ਦਾ ਪਿੱਛਾ ਕਰਨ 'ਚ ਲੱਗੇ ਹੋਏ ਸਾਬਕਾ ਐੱਸ. ਐੱਸ. ਪੀ. ਪਟਿਆਲਾ ਗੁਰਮੀਤ ਸਿੰਘ ਚੌਹਾਨ ਤੇ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਦੀ ਟੀਮ ਨੂੰ 'ਓਕੂ' ਭਾਵ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦਾ ਗਠਨ ਹੋਣ ਤੋਂ ਬਾਅਦ ਵੱਡੀ ਸਫਲਤਾ ਹਾਸਲ ਹੋਈ। 'ਓਕੂ' ਦੇ ਗਠਨ ਤੋਂ ਬਾਅਦ ਪੰਜਾਬ ਪੁਲਸ ਵਲੋਂ ਸੂਬੇ ਦੇ ਅੰਦਰ ਤੇ ਬਾਹਰ ਗ੍ਰਿਫਤਾਰ ਹੋਣ ਵਾਲੇ ਛੋਟੇ-ਵੱਡੇ ਗੈਂਗਸਟਰਾਂ ਦੀ ਇੰਟੈਰੋਗੇਸ਼ਨ ਡਿਟੇਲਜ਼ ਤੇ ਖੁਦ ਪੁੱਛਗਿੱਛ ਕਰਨ ਦੀ ਖੁੱਲ੍ਹ ਮਿਲ ਗਈ। ਇਸ ਨਾਲ ਨਾ ਸਿਰਫ ਗੈਂਗਸਟਰਾਂ ਦੇ 'ਵਹੀ-ਖਾਤਿਆਂ' ਵਿਚ ਹਰ ਛੋਟੀ-ਵੱਡੀ ਡਿਟੇਲ ਜੁੜਨ ਲੱਗੀ ਬਲਕਿ ਵੱਖ-ਵੱਖ ਬਦਮਾਸ਼ਾਂ ਦੇ ਗਿਰੋਹਾਂ ਦੇ ਆਪ੍ਰੇਸ਼ਨਲ ਏਰੀਆਜ਼ ਦਾ ਵੀ ਪਤਾ ਲੱਗ ਗਿਆ। 'ਓਕੂ' ਵਲੋਂ ਗੈਂਗਸਟਰਾਂ ਨੂੰ ਗ੍ਰੇਡ ਦੇ ਕੇ ਉਨ੍ਹਾਂ ਨੂੰ ਫੜਨ ਲਈ ਫੋਕਸਡ ਟੀਮਾਂ ਗਠਿਤ ਕੀਤੀਆਂ ਗਈਆਂ। 'ਓਕੂ' ਦੀ ਇਹੀ ਕਾਰਜਪ੍ਰਣਾਲੀ ਪੰਜਾਬ ਪੁਲਸ ਨੂੰ ਕੜੀਆਂ ਜੋੜਦੇ ਹੋਏ ਗੌਂਡਰ ਤੱਕ ਲੈ ਗਈ। ਪੁਲਸ ਸੂਤਰਾਂ ਮੁਤਾਬਿਕ ਨਾਭਾ ਜੇਲ ਬ੍ਰੇਕ ਕਾਂਡ ਤੋਂ ਬਾਅਦ ਹਾਲਾਂਕਿ ਪੁਲਸ ਨੇ ਇਕ ਤੋਂ ਬਾਅਦ ਇਕ ਕਈ ਗੈਂਗਸਟਰਾਂ ਤੇ ਅੱਤਵਾਦੀਆਂ ਨੂੰ ਧਰ ਦਬੋਚਿਆ ਸੀ ਪਰ ਵਿੱਕੀ ਗੌਂਡਰ ਪੁਲਸ ਲਈ ਬੁਝਾਰਤ ਬਣਿਆ ਰਿਹਾ। ਇਸ ਦੌਰਾਨ 'ਓਕੂ' ਦਾ ਗਠਨ ਹੋਇਆ ਤੇ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਰ ਛੋਟੀ-ਵੱਡੀ ਡਿਟੇਲ ਨੂੰ ਐਨਾਲਾਈਜ਼ ਕਰਨ ਲਈ ਸੈਂਟ੍ਰਲਾਈਜ਼ ਕੀਤਾ ਜਾਣਾ ਸ਼ੁਰੂ ਹੋਇਆ। ਹਾਸਿਲ ਹੋਈ ਹਰ ਡਿਟੇਲ ਨੂੰ ਮਾਲਾ ਦੇ ਮੋਤੀਆਂ ਦੀ ਤਰ੍ਹਾਂ ਇਕ ਤੋਂ ਬਾਅਦ ਇਕ ਪਿਰੋਂਦਿਆਂ ਵੱਡੇ ਗੈਂਗਸਟਰਾਂ ਨੂੰ ਦਬੋਚਣ ਦਾ ਕੰਮ ਸ਼ੁਰੂ ਹੋਇਆ। ਇਸੇ ਦੌਰਾਨ ਅਕਤੂਬਰ, 2017 ਵਿਚ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਦੇ ਹੱਥ ਸਟੂਡੈਂਟਸ ਲੀਡਰ ਹਰਮਨ ਵਿਰਕ ਤੇ ਅਰਮਾਨਦੀਪ ਸਿੰਘ ਚੀਮਾ ਲੱਗੇ। ਉਨ੍ਹਾਂ ਨੂੰ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਡਰੱਗਜ਼ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਡਰੱਗਜ਼ ਜੇਲ ਵਿਚ ਬੰਦ ਵਿੱਕੀ ਗੌਂਡਰ ਦੇ ਸਾਥੀ ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ ਨੂੰ ਪਹੁੰਚਾਈ ਜਾਣੀ ਸੀ। ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਨੂੰ ਡਰੱਗਜ਼ ਲਈ ਉਨ੍ਹਾਂ ਦੇ ਲਿੰਕ ਪਿੰਡ ਪੰਜਾਵਾ ਨਿਵਾਸੀ ਲਖਵਿੰਦਰ ਲੱਖਾ ਨਾਲ ਹੋਣ ਬਾਰੇ ਪਤਾ ਲੱਗਿਆ। ਜਾਂਚ-ਪੜਤਾਲ ਕਰਨ 'ਤੇ ਹੀ ਪੁਲਸ ਨੂੰ ਵਿੱਕੀ ਗੌਂਡਰ ਦੇ 'ਸੋਸ਼ਲ ਮੀਡੀਆ' ਹੈਂਡਲਰ ਇੰਦਰਜੀਤ ਸਿੰਘ ਸੰਧੂ ਦਾ ਲਿੰਕ ਹੱਥ ਲੱਗਿਆ ਤੇ ਦਸੰਬਰ, 2017 ਵਿਚ ਸੰਧੂ ਪੰਜਾਬ ਪੁਲਸ ਦੇ ਹੱਥ ਆ ਗਿਆ। ਸੰਧੂ ਵਲੋਂ ਸੋਸ਼ਲ ਮੀਡੀਆ 'ਤੇ ਸਟੇਟਸ ਪਾਉਣ ਨਾਲ ਗੌਂਡਰ ਤੱਕ ਪਹੁੰਚਣ 'ਚ ਇਸਤੇਮਾਲ ਕੀਤੇ ਜਾਂਦੇ ਇੰਟਰਨੈੱਟ ਕਾਲਿੰਗ ਨੰਬਰ ਪਤਾ ਲੱਗੇ ਤੇ ਆਖਿਰਕਾਰ ਵਿੱਕੀ ਗੌਂਡਰ ਨਾਲ ਪੰਜਾਬ ਪੁਲਸ ਦਾ ਸਾਹਮਣਾ ਵੀ ਹੋ ਗਿਆ। 
ਕੀ ਹੈ 'ਓਕੂ' 
ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਕੂ) ਦਾ ਗਠਨ ਨਾਭਾ ਜੇਲ ਬ੍ਰੇਕ ਘਟਨਾ ਤੋਂ ਬਾਅਦ ਹੋਇਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਇਸ ਨੂੰ ਐੱਸ. ਟੀ. ਐੱਫ. ਦੇ ਤੌਰ 'ਤੇ ਜਾਣਿਆ ਜਾਂਦਾ ਸੀ ਪਰ ਸੂਬੇ ਵਿਚ ਸੱਤਾ ਤਬਦੀਲੀ ਤੋਂ ਬਾਅਦ ਇਸ ਯੂਨਿਟ ਨੂੰ ਆਪਣਾ ਮੌਜੂਦਾ ਨਾਂ ਹਾਸਲ ਹੋਇਆ। ਇੰਟੈਲੀਜੈਂਸ ਵਿੰਗ ਦੇ ਅਧੀਨ ਕੰਮ ਕਰਦੇ 'ਓਕੂ' ਦੀ ਕਮਾਨ ਸੀ. ਬੀ. ਆਈ. ਵਿਚ ਕਈ ਸਾਲ ਕੰਮ ਕਰਨ ਮਗਰੋਂ ਪੰਜਾਬ ਪਰਤੇ ਨਿਲਾਪ ਕਿਸ਼ੋਰ ਕੋਲ ਹੈ। ਸੀ. ਬੀ. ਆਈ. 'ਚ ਰਹਿੰਦਿਆਂ ਮਿਲੇ ਤਜਰਬੇ ਨੂੰ ਆਪਣੀ ਪੂਰੀ ਟੀਮ ਨਾਲ ਸਾਂਝਾ ਕਰ ਕੇ ਪ੍ਰੋਫੈਸ਼ਨਲ ਤਰੀਕੇ ਨਾਲ 'ਓਕੂ' ਦਾ ਪ੍ਰਬੰਧ ਕੀਤਾ ਗਿਆ, ਜਿਸ ਦੇ ਫਲਸਰੂਪ ਏ-ਕੈਟਾਗਰੀ ਦੇ 9 ਤੇ ਬੀ-ਕੈਟਾਗਰੀ ਦੇ 12 ਗੈਂਗਸਟਰ ਜਾਂ ਤਾਂ ਫੜੇ ਜਾ ਚੁੱਕੇ ਹਨ ਜਾਂ ਉਨ੍ਹਾਂ ਦਾ ਐਨਕਾਊਂਟਰ ਹੋ ਚੁੱਕਾ ਹੈ। ਹੁਣ 'ਓਕੂ' ਨੂੰ ਏ-ਕੈਟਾਗਰੀ ਦੇ 8 ਤੇ ਬੀ-ਕੈਟਾਗਰੀ ਦੇ 9 ਗੈਂਗਸਟਰਾਂ ਦੀ ਭਾਲ ਹੈ। 


Related News