ਜੀਜੇ ਦੀ ਹੱਤਿਆ ਕਰਕੇ ਗੈਂਗਸਟਰ ਤੀਰਥ ਨੇ ਰੱਖਿਆ ਸੀ ਕ੍ਰਾਈਮ ਦੀ ਦੁਨੀਆ ''ਚ ਕਦਮ
Sunday, Mar 04, 2018 - 07:17 AM (IST)
ਜਲੰਧਰ, (ਮ੍ਰਿਦੁਲ ਸ਼ਰਮਾ)- ਆਈ. ਜੀ. ਜ਼ੋਨਲ ਅਰਪਿਤ ਸ਼ੁਕਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਖੰਨਾ ਪੁਲਸ ਨੂੰ ਇਨਪੁਟ ਮਿਲਿਆ ਸੀ ਕਿ ਗੈਂਗਸਟਰ ਤੀਰਥ ਸਿੰਘ ਇੰਡੀਕਾ ਕਾਰ ਨੰਬਰ (ਪੀ ਬੀ 10 ਏ ਐੱਫ 3811) ਵਿਚ ਆ ਰਿਹਾ ਹੈ। ਜਦੋਂ ਨਾਕਾਬੰਦੀ ਕੀਤੀ ਗਈ ਤਾਂ ਕਾਰ ਵਿਚ ਤੀਰਥ ਸਿੰਘ ਨੂੰ ਸੀ. ਆਈ. ਏ. ਸਟਾਫ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਗ੍ਰਿਫਤਾਰ ਕਰਨ ਦੇ ਬਾਅਦ ਜਦੋਂ ਪੁਲਸ ਨੇ ਤੀਰਥ ਸਿੰਘ ਦੀ ਫੋਟੋ ਪੀ. ਆਈ. ਏ. ਐੱਸ. ਸਾਫਟਵੇਅਰ 'ਚ ਪਾਈ ਤਾਂ ਉਸ ਨੂੰ ਪਤਾ ਚਲਿਆ ਕਿ ਉਕਤ ਮੁਲਜ਼ਮ ਏ ਕੈਟਾਗਰੀ ਦਾ ਗੈਂਗਸਟਰ ਹੈ। ਉਸ ਦਾ ਨਾਂ ਏ ਕੈਟਾਗਰੀ ਦੇ ਗੈਂਗਸਟਰਾਂ ਦੀ ਲਿਸਟ 'ਚ ਤੀਜੇ ਨੰਬਰ 'ਤੇ ਹੈ।
ਪੁੱਛਗਿੱਛ ਵਿਚ ਮੁਲਜ਼ਮ ਨੇ ਦੱਸਿਆ ਕਿ ਸਾਲ 2010 ਵਿਚ ਕ੍ਰਾਈਮ ਦੀ ਦੁਨੀਆ ਵਿਚ ਕਦਮ ਉਦੋਂ ਰੱਖਿਆ ਜਦੋਂ ਉਸ ਨੇ ਖੁਦ ਦੇ ਜੀਜਾ ਮਨਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਾਲ 2012 ਜੁਲਾਈ ਦੇ ਮਹੀਨੇ ਦੀ 28 ਤਰੀਕ ਨੂੰ ਪੇਸ਼ੀ ਦੌਰਾਨ ਮੋਗਾ ਦੇ ਗੈਂਗਸਟਰ ਰਣਜੋਧ ਸਿੰਘ ਜੋਧਾ ਦੀ ਮਦਦ ਨਾਲ ਪੁਲਸ ਕਸਟੱਡੀ ਤੋਂ ਛੁੱਟ ਗਿਆ ਸੀ। ਫਿਰ ਨਵੰਬਰ 2012 ਵਿਚ ਜੈਪਾਲ ਨਾਲ ਮਿਲ ਕੇ ਸੁਖਦੀਪ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ ਸੀ। ਉਸ ਤੋਂ ਬਾਅਦ ਸਾਲ 2013 'ਚ ਦਸੰਬਰ ਵਿਚ ਵਿੱਕੀ ਗੌਂਡਰ, ਗੁਰਪ੍ਰੀਤ ਸਿੰਘ ਸੇਖੋਂ, ਜੋਧਾ, ਸੀਰਾ ਸਿਧਾਣਾ ਦੇ ਨਾਲ ਗੈਂਗਸਟਰ ਲੱਖਾ ਸਿਧਾਣਾ 'ਤੇ ਹਮਲਾ ਕੀਤਾ ਸੀ। ਹਮਲੇ ਦੌਰਾਨ ਲੱਖਾ ਦੇ ਸਾਥੀ ਜੱਸਾ ਕਾਲਾ ਦੀ ਮੌਤ ਹੋ ਗਈ ਸੀ। ਵਾਰਦਾਤ ਦੌਰਾਨ ਲੱਖਾ ਦੀ .12 ਬੋਰ ਦੀ ਰਾਈਫਲ ਲੈ ਗਏ ਸੀ।

ਗੈਂਗਸਟਰ ਵਿੱਕੀ ਗੌਂਡਰ, ਰੋਮੀ ਮਸਾਨਾ, ਪ੍ਰੇਮਾ ਲਾਹੌਰੀਆ, ਨੀਟਾ ਦਿਓਲ ਅਤੇ ਗੁਰਪ੍ਰੀਤ ਸੇਖੋਂ ਦੇ ਨਾਲ ਮਿਲ ਕੇ ਸੁੱਖਾ ਕਾਹਲਵਾਂ ਦਾ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹਿਮਾਚਲ ਵਿਚ ਰਾਕੀ ਫਾਜ਼ਿਲਕਾ ਦਾ ਕਤਲ ਕੀਤਾ ਸੀ। ਜਿਥੇ ਗੈਂਗਸਟਰ ਪ੍ਰੇਮਾ ਲਾਹੌਰੀਆ, ਨਵੀ ਬਠਿੰਡਾ ਅਤੇ ਇਕ ਅਣਪਛਾਤੇ ਗੈਂਗਸਟਰ ਦੇ ਨਾਲ ਮਿਲ ਕੇ ਨਾਭਾ ਹਸਪਤਾਲ ਤੋਂ ਪਰਮਿੰਦਰ ਪਿੰਦਾ ਨੂੰ ਭਜਾ ਕੇ ਲੈ ਗਏ ਸੀ। ਪਿੰਦਾ ਨੇ ਨਾਭਾ ਜੇਲ ਬ੍ਰੇਕ ਦੌਰਾਨ ਵਿੱਕੀ ਗੌਂਡਰ ਦੀ ਕਾਫੀ ਮਦਦ ਕੀਤੀ ਸੀ।
ਜੈਪਾਲ, ਚੰਦੂ, ਵਿੱਕੀ ਗੌਂਡਰ ਅਤੇ ਪਿੰਡ ਗੱਡਰ ਦੇ ਇਕ ਮਾਸਟਰ ਨਾਲ ਮਿਲ ਕੇ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਮੁਲਾਜ਼ਮ ਤੋਂ 57 ਲੱਖ ਰੁਪਏ ਦੀ ਨਕਦੀ ਵੀ ਲੁੱਟੀ ਸੀ।
ਹੁਣ ਤੱਕ ਕੁਲ 20 ਕਾਰਾਂ ਲੁੱਟ ਚੁੱਕਾ ਹੈ ਲੁਟੇਰਾ
ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਤੀਰਥ ਸਿੰਘ ਰਾਜਸਥਾਨ, ਮੁਕਤਸਰ ਸਾਹਿਬ, ਮੋਗਾ, ਖਰੜ, ਲੁਧਿਆਣਾ, ਬਠਿੰਡਾ ਤੋਂ ਇੰਡੈਵਰ, ਸਵਿਫਟ, ਸੰਨੀ, ਵੈਂਟੋ, ਫਾਰਚੂਨਰ, ਹੋਂਡਾ, ਮਹਿੰਦਰਾ ਐਕਸ. ਯੂ. ਵੀ. ਅਤੇ ਇਕ ਟਰੱਕ ਸਮੇਤ ਕਈ ਹੋਰ ਕਾਰਾਂ ਲੁੱਟ ਚੁੱਕਾ ਹੈ।
