ਗ੍ਰਿਫਤਾਰ ਮਾਂ ਨੂੰ ਬੇਟਿਆਂ ਨੇ ਦੱਸਿਆ ਬੇਕਸੂਰ
Wednesday, Jul 11, 2018 - 07:14 AM (IST)

ਨਵਾਂਸ਼ਹਿਰ (ਮਨੋਰੰਜਨ) - ਪੰਜਾਬ ਤੇ ਚੰਡੀਗੜ੍ਹ ਪੁਲਸ ਦੇ ਮੋਸਟ ਵਾਂਟਿਡ ਗੈਂਗਸਟਰ ਦਿਲਪ੍ਰੀਤ ਸਿੰਘ (ਬਾਬਾ) ਦੀ ਗ੍ਰਿਫਤਾਰੀ ਦੇ ਬਾਅਦ ਕਾਬੂ ਕੀਤੀ ਗਈ ਉਸ ਦੀ ਮਹਿਲਾ ਸਾਥੀ ਰੁਪਿੰਦਰ ਕੌਰ ਤੇ ਉਸ ਦੀ ਭੈਣ ਹਰਪ੍ਰੀਤ ਕੌਰ ਦੇ ਨਵਾਂਸ਼ਹਿਰ ਘਰ ਤੋਂ ਹੋਈ ਬਰਾਮਦਗੀ 'ਤੇ ਉਸ ਦੇ ਬੇਟਿਆਂ ਨੇ ਸਵਾਲ ਉਠਾਏ ਹਨ। ਮੰਗਲਵਾਰ ਨੂੰ ਆਪਣੇ ਘਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪ੍ਰੀਤ ਕੌਰ ਦੇ ਬੇਟੇ ਸੁਖਮਿੰਦਰ ਸਿੰਘ ਤੇ ਅਰਸ਼ਪ੍ਰੀਤ ਸਿੰਘ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਨਵਾਂਸ਼ਹਿਰ ਉਨ੍ਹਾਂ ਦੇ ਘਰ ਤੋਂ ਪੁਲਸ ਨੇ ਕਿਸੇ ਤਰ੍ਹਾਂ ਦੀ ਨਸ਼ੇ ਦੀ ਖੇਪ ਜਾਂ ਹਥਿਆਰ ਬਰਾਮਦ ਨਹੀਂ ਕੀਤੇ ਹਨ।
ਉਨ੍ਹਾਂ ਪੁਲਸ 'ਤੇ ਦੋਸ਼ ਲਾਇਆ ਕਿ ਇਹ ਸਾਰੀ ਬਰਾਮਦਗੀ ਪੁਲਸ ਨੇ ਆਪਣੇ ਵੱਲੋਂ ਪਾਈ ਹੈ। ਉਨ੍ਹਾਂ ਦੀ ਮਾਂ ਦਾ ਦਿਲਪ੍ਰੀਤ ਸਿੰਘ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਰਿਸ਼ਤਾ ਨਹੀਂ ਹੈ। ਦੋਵੇਂ ਭਰਾਵਾਂ ਨੇ ਮੰਨਿਆ ਕਿ ਕਰੀਬ 10 ਦਿਨ ਪਹਿਲਾਂ ਉਨ੍ਹਾਂ ਦੀ ਗ੍ਰਿਫਤਾਰ ਮਾਸੀ ਰੁਪਿੰਦਰ ਕੌਰ ਆਪਣੇ ਮਾਤਾ-ਪਿਤਾ ਨਾਲ ਉਨ੍ਹਾਂ ਦੇ ਨਵਾਂਸ਼ਹਿਰ ਸਥਿਤ ਘਰ 'ਚ ਆਈ ਸੀ। ਕੁਝ ਘੰਟੇ ਰੁਕਣ ਦੇ ਬਾਅਦ ਉਹ ਉਨ੍ਹਾਂ ਦੇ ਘਰੋਂ ਚਲੇ ਗਏ ਸੀ। ਦੋਵੇਂ ਭਰਾਵਾਂ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਪੂਰੇ ਮਾਮਲੇ 'ਚ ਸੱਚਾਈ ਸਾਹਮਣੇ ਆ ਸਕੇ।