ਨਹੀਂ ਰੁਕ ਰਹੀਆਂ ਪੇਸ਼ੀ ''ਤੇ ਜਾਣ ਵਾਲੇ ਖਤਰਨਾਕ ਅਪਰਾਧੀਆਂ ਦੀਆਂ ਫਰਾਰ ਹੋਣ ਦੀਆਂ ਘਟਨਾਵਾਂ

09/03/2017 5:23:18 AM

ਲੁਧਿਆਣਾ(ਪੰਕਜ)-ਅੰਮ੍ਰਿਤਸਰ ਦੇ ਰਈਆ ਬੱਸ ਅੱਡੇ ਤੋਂ ਹਥਿਆਰਬੰਦ ਮੁਲਜ਼ਮਾਂ ਵੱਲੋਂ ਪੁਲਸ ਹਿਰਾਸਤ ਵਿਚ ਪੇਸ਼ੀ 'ਤੇ ਲਿਜਾਏ ਜਾ ਰਹੇ ਖਤਰਨਾਕ ਗੈਂਗਸਟਰ ਸ਼ੁੱਭਮ ਨੂੰ ਛੁਡਾ ਕੇ ਲਿਜਾਣ ਦੀ ਘਟਨਾ ਕੋਈ ਪਹਿਲਾ ਕੇਸ ਨਹੀਂ ਹੈ। ਜੇਲਾਂ ਵਿਚ ਬੰਦ ਆਪਣੇ ਸਾਥੀਆਂ ਨੂੰ ਮੌਕਾ ਮਿਲਦੇ ਹੀ ਭਜਾ ਕੇ ਲਿਜਾਣ ਦੀਆਂ ਦਰਜਨਾਂ ਘਟਨਾਵਾਂ ਤੋਂ ਬਾਅਦ ਵੀ ਪੁਲਸ ਪ੍ਰਸ਼ਾਸਨ ਸਬਕ ਨਹੀਂ ਲੈ ਰਿਹਾ।
ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਤਲ, ਕਤਲ ਦਾ ਯਤਨ, ਡਕੈਤੀ, ਅਗਵਾ ਅਤੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਦਾ ਮਾਹੌਲ ਬਣਾਉਣ ਵਾਲੇ ਖਤਰਨਾਕ ਗੈਂਗਸਟਰਾਂ ਨੂੰ ਫੜਨ ਲਈ ਜਾਨ ਖਤਰੇ ਵਿਚ ਪਾਉਣ ਵਾਲੇ ਜਾਂਬਾਜ਼ ਪੁਲਸ ਕਰਮਚਾਰੀਆਂ ਦੀ ਮਿਹਨਤ 'ਤੇ ਸਿਸਟਮ ਦੀ ਕਮਜ਼ੋਰੀ ਕਾਰਨ ਇਸ ਤਰ੍ਹਾਂ ਪਾਣੀ ਫਿਰ ਜਾਣਾ ਗਲਤ ਹੈ। ਅਸਲ ਵਿਚ ਖਤਰਨਾਕ ਮੁਲਜ਼ਮਾਂ ਜਾਂ ਗੈਂਗਸਟਰਾਂ ਨੂੰ ਦੂਜੇ ਸ਼ਹਿਰਾਂ ਵਿਚ ਪੇਸ਼ੀ 'ਤੇ ਲਿਜਾਣ ਵਾਲੇ ਗਾਰਦ ਮੁਲਜ਼ਮਾਂ ਦੀ ਹਿਸਟਰੀ ਦਾ ਪਤਾ ਨਾ ਹੋਣਾ ਅਤੇ ਬੱਸਾਂ ਜਾਂ ਹੋਰਨਾਂ ਪ੍ਰਾਈਵੇਟ ਵਾਹਨਾਂ ਵਿਚ ਉਨ੍ਹਾਂ ਨੂੰ ਪੇਸ਼ੀ 'ਤੇ ਲਿਜਾਣਾ ਅਜਿਹੀਆਂ ਘਟਨਾਵਾਂ ਦੀ ਮੁੱਖ ਵਜ੍ਹਾ ਹੈ। ਜਿਨ੍ਹਾਂ ਮੁਲਜ਼ਮਾਂ ਦੇ ਸਿਰ 'ਤੇ ਦਰਜਨਾਂ ਕੇਸ ਦਰਜ ਹੁੰਦੇ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਕੁਝ ਕਰਮਚਾਰੀਆਂ ਦੀ ਗਾਰਦ ਦੇ ਨਾਲ ਜੇਲਾਂ ਤੋਂ ਬਾਹਰ ਭੇਜਣਾ ਨਾ ਸਿਰਫ ਉਨ੍ਹਾਂ ਨੂੰ ਫਰਾਰ ਹੋਣ ਦਾ ਮੌਕਾ ਦੇਣ ਵਰਗਾ ਹੈ ਬਲਕਿ ਉਨ੍ਹਾਂ ਨਾਲ ਤਾਇਨਾਤ ਜਵਾਨਾਂ ਦੀਆਂ ਜਾਨਾਂ ਨੂੰ ਵੀ ਖਤਰੇ ਵਿਚ ਪਾਉਣ ਵਰਗਾ ਹੈ। ਅਸਲ ਵਿਚ ਜੇਲਾਂ ਵਿਚ ਬੰਦ ਆਪਣੇ ਬੌਸ ਜਾਂ ਗੈਂਗਸਟਰ ਮੈਂਬਰਾਂ ਨੂੰ ਕਿਥੇ ਅਤੇ ਕਦੋਂ ਛੁਡਾਉਣਾ ਹੈ, ਇਸ ਦੀ ਪਲਾਨਿੰਗ ਮੁਲਜ਼ਮ ਪਹਿਲਾਂ ਹੀ ਤਿਆਰ ਕਰ ਲੈਂਦੇ ਹਨ।
ਸ਼ੁੱਭਮ ਨੂੰ ਭਜਾ ਕੇ ਲਿਜਾਣ ਦਾ ਕੇਸ ਕੋਈ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਦਰਜਨਾਂ ਵਾਰੀ ਖਤਰਨਾਕ ਅਪਰਾਧੀ ਪੇਸ਼ੀ 'ਤੇ ਜਾਂਦੇ ਸਮੇਂ ਫਰਾਰ ਹੋ ਚੁੱਕੇ ਹਨ। ਨਾਭਾ ਜੇਲ ਬ੍ਰੇਕ ਕਾਂਡ ਤੋਂ ਲੈ ਕੇ ਖਤਰਨਾਕ ਅਪਰਾਧੀ ਰਾਜੀਵ ਰਾਜਾ, ਅਨਿਲ ਕੁਮਾਰ ਲੱਲਾ ਦੇ ਕਾਤਲ ਰਮਨ ਰਾਣਾ, ਗੌਂਡਰ ਗੈਂਗ ਦੇ ਹੱਥੋਂ ਮਾਰੇ ਜਾ ਚੁੱਕੇ ਸ਼ਾਰਪਸ਼ੂਟਰ ਸੁੱਖਾ ਕਾਹਲਵਾਂ ਸਮੇਤ ਕਈ ਨਾਮੀ ਗੈਂਗਸਟਰ ਇਸੇ ਤਰ੍ਹਾਂ ਪੇਸ਼ੀ 'ਤੇ ਜਾਂਦੇ ਸਮੇਂ ਗਾਰਦ ਨੂੰ ਧੋਖਾ ਦੇ ਕੇ ਜਾਂ ਸਾਥੀਆਂ ਦੀ ਮਦਦ ਨਾਲ ਫਰਾਰ ਹੋ ਗਏ ਸਨ। ਫਿਰ ਵੀ ਪ੍ਰਸ਼ਾਸਨ ਸਿਸਟਮ ਨੂੰ ਸੁਧਾਰਨ ਲਈ ਤਿਆਰ ਨਜ਼ਰ ਨਹੀਂ ਆਉਂਦਾ।
ਜੇਲ ਵਿਚ ਵੀਡੀਓ ਕਾਨਫਰੰਸ ਸਭ ਤੋਂ ਕਾਰਗਰ
ਜੇਕਰ ਪੁਲਸ ਪ੍ਰਸ਼ਾਸਨ ਗੰਭੀਰਤਾ ਨਾਲ ਅਜਿਹੀਆਂ ਵਾਰਦਾਤਾਂ 'ਤੇ ਰੋਕ ਲਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਪੰਜਾਬ ਭਰ ਦੀਆਂ ਜੇਲਾਂ ਵਿਚ ਬੰਦ ਵੱਖ-ਵੱਖ ਅਪਰਾਧਿਕ ਵਾਰਦਾਤਾਂ ਵਿਚ ਸ਼ਾਮਲ ਖਤਰਨਾਕ ਮੁਲਜ਼ਮਾਂ ਨੂੰ ਅਦਾਲਤਾਂ ਵਿਚ ਪੇਸ਼ੀ 'ਤੇ ਭੇਜਣ ਦੀ ਬਜਾਏ ਵੀਡੀਓ ਕਾਨਫਰੰਸ ਸਿਸਟਮ ਸਖਤੀ ਨਾਲ ਅਪਣਾਉਣਾ ਹੋਵੇਗਾ।


Related News