ਗੈਂਗਸਟਰ ਰੋਮੀ ਦੀ ਪੰਜਾਬ ਹਵਾਲਗੀ ਨੂੰ ਲੱਗ ਸਕਦੈ ਹੋਰ ਸਮਾਂ

Friday, Nov 22, 2019 - 05:47 PM (IST)

ਨਾਭਾ (ਜੈਨ) : ਸਥਾਨਕ ਮੈਕਸੀਮਮ ਸਕਿਓਰਟੀ ਜ਼ਿਲਾ ਜੇਲ ਵਿਚ 27 ਨਵੰਬਰ 2016 ਨੂੰ ਫਿਲਮੀ ਸਟਾਈਲ ਵਿਚ ਹੋਈ ਜੇਲ ਬ੍ਰੇਕ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਹਿੰਦੂ ਆਗੂਆਂ ਦੇ ਟਾਰਗੇਟ ਕਿਲਿੰਗ ਵਿਚ ਪੰਜਾਬ ਪੁਲਸ ਨੂੰ ਲੋੜੀਂਦੇ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਹਾਂਗਕਾਂਗ ਨੂੰ ਭਾਵੇਂ ਹਾਂਗਕਾਂਗ ਦੀ ਈਸਟਰ ਅਦਾਲਤ ਨੇ 15 ਦਿਨਾਂ ਵਿਚ ਭਾਰਤ ਹਵਾਲਗੀ ਦੀ ਪ੍ਰਕਿਰਿਆ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ ਪਰ ਰੋਮੀ ਦੇ ਪੰਜਾਬ ਪੁਲਸ ਦੀ ਹਿਰਾਸਤ ਵਿਚ ਆਉਣ ਲਈ ਅਜੇ ਹੋਰ ਸਮਾਂ ਲੱਗ ਸਕਦਾ ਹੈ ਕਿਉਂਕਿ ਰੋਮੀ ਦੇ ਵਕੀਲ ਇਸ ਫੈਸਲੇ ਅਨੁਸਾਰ ਵੱਡੀ ਅਦਾਲਤ ਵਿਚ ਅਪੀਲ ਕਰ ਸਕਦੇ ਹਨ।

ਜੇਕਰ ਰੋਮੀ ਦੀ ਅਪੀਲ ਪ੍ਰਵਾਨ ਹੋ ਗਈ ਤਾਂ ਉਸ ਦੀ ਭਾਰਤ ਹਵਾਲਗੀ 'ਤੇ ਰੋਕ ਵੀ ਲੱਗ ਸਕਦੀ ਹੈ। ਰੋਮੀ ਖਿਲਾਫ ਇਥੇ ਕੋਤਵਾਲੀ ਥਾਣੇ ਵਿਚ 27 ਨਵੰਬਰ 2016 ਵਿਚ ਮਾਮਲਾ ਦਰਜ ਹੋਇਆ ਸੀ ਜਦਕਿ ਇਸ ਤੋਂ ਪਹਿਲਾਂ 3 ਜੂਨ 2016 ਨੂੰ ਇਥੇ ਦਰਜ ਮਾਮਲੇ ਵਿਚ ਰੋਮੀ ਭਗੌੜਾ ਐਲਾਨਿਆ ਗਿਆ ਸੀ। ਵਰਨਣਯੋਗ ਹੈ ਕਿ ਰੋਮੀ ਇਥੇ ਜੇਲ 'ਚੋਂ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਹਾਂਗਕਾਂਗ ਭੱਜ ਗਿਆ ਸੀ ਤੇ ਫਰਵਰੀ 2018 ਤੋਂ ਹਾਂਗਕਾਂਗ ਜੇਲ ਵਿਚ ਨਜ਼ਰਬੰਦ ਹੈ। ਪੁਲਸ ਸੂਤਰਾਂ ਅਨੁਸਾਰ ਰੋਮੀ ਹਾਂਗਕਾਂਗ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨਾਲ ਜੁਲਾਈ 2017 ਤੋਂ ਹੀ ਸੰਪਰਕ ਵਿਚ ਰਿਹਾ ਹੈ।

ਰੋਮੀ ਨੂੰ ਪੰਜਾਬ ਪੁਲਸ ਆਪਣੀ ਹਿਰਾਸਤ ਵਿਚ ਲੈ ਕੇ ਡਰੱਗ ਸਮਗਲਿੰਗ, ਵਿਦੇਸ਼ਾਂ ਤੋਂ ਫੰਡਿੰਗ, ਅੱਤਵਾਦੀ ਤੇ ਅਪਰਾਧਿਕ ਸਰਗਰਮੀਆਂ, ਅਗਵਾ ਕਾਂਡ/ਕਤਲ ਕਾਂਡ, ਟਾਰਗੇਟ ਕਿਲਿੰਗਜ਼ ਅਤੇ ਨਾਭਾ ਜੇਲ ਤੋਂ ਗੈਂਗਸਟਰਾਂ ਨੂੰ ਭਜਾਉਣ ਆਦਿ ਮਾਮਲਿਆਂ ਬਾਰੇ ਡੂੰਘਾਈ ਨਾਲ ਪੜਤਾਲ ਕਰਨਾ ਚਾਹੁੰਦੀ ਹੈ। ਰੋਮੀ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਸ ਨੂੰ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ। ਵਰਨਣਯੋਗ ਹੈ ਕਿ ਜੇਲ ਬ੍ਰੇਕ ਕਾਂਡ ਦਾ ਇਕ ਭਗੌੜਾ ਕਸ਼ਮੀਰ ਸਿੰਘ ਅਜੇ ਵੀ ਪੁਲਸ ਦੇ ਕਾਬੂ ਨਹੀਂ ਆ ਸਕਿਆ।


Gurminder Singh

Content Editor

Related News