ਪੰਜਾਬ ''ਚ ਟਲੀ ਵੱਡੀ ਵਾਰਦਾਤ, ਗੈਂਗਸਟਰ ਭਿੰਡਰ ਦੇ 5 ਸਾਥੀ ਮਾਰੂ ਹਥਿਆਰਾਂ ਸਣੇ ਕਾਬੂ

Friday, Feb 21, 2025 - 01:57 PM (IST)

ਪੰਜਾਬ ''ਚ ਟਲੀ ਵੱਡੀ ਵਾਰਦਾਤ, ਗੈਂਗਸਟਰ ਭਿੰਡਰ ਦੇ 5 ਸਾਥੀ ਮਾਰੂ ਹਥਿਆਰਾਂ ਸਣੇ ਕਾਬੂ

ਪਟਿਆਲਾ (ਬਲਜਿੰਦਰ) : ਸਪੈਸ਼ਲ ਸੈੱਲ ਪਟਿਆਲਾ ਦੀ ਪੁਲਸ ਨੇ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਭਗੌੜੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮਨੀ ਭਿੰਡਰ ਦੀ ਸ਼ਹਿ ’ਤੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਐੱਸ. ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ ਅਤੇ ਡੀ. ਐੱਸ. ਪੀ. ਸਿਟੀ-1 ਸਤਨਾਮ ਸਿੰਘ ਦੀ ਅਗਵਾਈ ਹੇਠ ਇਸ ਮਾਮਲੇ ’ਚ ਹਰਪ੍ਰੀਤ ਸਿੰਘ ਉਰਫ ਮੱਖਣ ਪੁੱਤਰ ਰੂੜ ਸਿੰਘ ਵਾਸੀ ਪਿੰਡ ਸੈਫਦੀਪੁਰ ਜ਼ਿਲ੍ਹਾ ਪਟਿਆਲਾ, ਰਾਮ ਸਿੰਘ ਉਰਫ ਰਮਨ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਫਤਹਿਗਡ਼੍ਹ ਛੰਨਾ ਪਟਿਆਲਾ, ਲਵਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬੁਜਰਕ ਜ਼ਿਲ੍ਹਾ ਪਟਿਆਲਾ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਹਰਜਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ ਨੇੜੇ ਬੇਕਮੈਨ ਫੈਕਟਰੀ ਪਟਿਆਲਾ ਹਾਲ ਵਾਸੀ ਪਿੰਡ ਭਰਾਜ ਥਾਣਾ ਭਵਾਨੀਗੜ੍ਹ ਅਤੇ ਰਮਨਪ੍ਰੀਤ ਸਿੰਘ ਉਰਫ ਰਮਨ ਪੁੱਤਰ ਗੁਰਮੇਲ ਸਿੰਘ ਵਾਸੀ ਸੁਖਰਾਮ ਕਾਲੋਨੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ 2 ਪਿਸਤੌਲ 30 ਬੋਰ, 9 ਜ਼ਿੰਦਾ ਕਾਰਤੂਸ ਅਤੇ 3 ਪਿਸਤੌਲ 32 ਬੋਰ, 14 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਐੱਸ. ਐੱਸ. ਪੀ. ਨੇ ਦੱਸਿਆ ਕਿ ਸਪੈਸ਼ਲ ਸੈੱਲ ਦੀ ਟੀਮ ਇੰਸ. ਹਰਜਿੰਦਰ ਸਿੰਘ ਢਿੱਲੋਂ ਅਤੇ ਏ. ਐੱਸ. ਆਈ. ਰਾਮ ਲਾਲ ਦੀ ਅਗਵਾਈ ਹੇਠ ਪੁਲਸ ਪਾਰਟੀ ਐੱਨ. ਆਈ. ਐੱਸ. ਚੌਕ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਹਰਪ੍ਰੀਤ ਸਿੰਘ ਉਰਫ ਮੱਖਣ, ਰਮਨਪ੍ਰੀਤ ਸਿੰਘ ਉਰਫ ਰਮਨ, ਰਾਮ ਸਿੰਘ ਉਰਫ ਰਮਨ, ਲਵਪ੍ਰੀਤ ਸਿੰਘ ਉਰਫ ਬਿੱਲਾ, ਹਰਪ੍ਰੀਤ ਸਿੰਘ ਉਰਫ ਹੈਪੀ, ਜਿਨ੍ਹਾਂ ਖਿਲਾਫ ਪਹਿਲਾਂ ਕਤਲ ਅਤੇ ਇਰਾਦਾ ਕਤਲ ਸਮੇਤ ਲੜਾਈ-ਝਗੜੇ ਦੇ ਕਈ ਕੇਸ ਦਰਜ ਹਨ ਅਤੇ ਇਨ੍ਹਾਂ ਦਾ ਸਬੰਧ ਕ੍ਰਿਮੀਨਲ ਵਿਅਕਤੀਆਂ ਨਾਲ ਹਨ, ਇਕੱਠੇ ਹੋ ਕੇ ਅਸਲੇ ਨਾਲ ਲੈਸ ਹੋ ਕੇ ਕਿਸੇ ਵੱਡੇ ਸੰਗਠਿਤ ਅਪਰਾਧ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਹਨ। ਪੁਲਸ ਨੇ ਉਨ੍ਹਾਂ ਖਿਲਾਫ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਧੱਕਾ ਕਾਲੋਨੀ ਪੀਰ ਦੀ ਦਰਗਾਹ ਦੇ ਸਾਹਮਣੇ ਪੁਲ ਤੋਂ ਪਾਰ ਸਵਿਫਟ ਡਿਜ਼ਾਇਰ ਕਾਰ ’ਚ ਬੈਠੇ ਹੋਇਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 2 ਪਿਸਤੌਲ 30 ਬੋਰ, 9 ਜ਼ਿੰਦਾ ਕਾਰਤੂਸ ਅਤੇ 3 ਪਿਸਤੌਲ 32 ਬੋਰ, 14 ਜ਼ਿਦਾ ਕਾਰਤੂਸ ਬਰਾਮਦ ਕੀਤੇ।

ਐੱਸ. ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦਾ ਸਰਗਣਾ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਅਤੇ ਉਹ ਅਪਰਾਧਿਕ ਕਿਸਮ ਦਾ ਵਿਅਕਤੀ ਹੈ, ਜੋ ਰਾਜਪੁਰਾ ਰੋਡ ਪਟਿਆਲਾ ’ਤੇ ਪੈਟਰੋਲ ਪੰਪ ਅਤੇ ਸਾਲ 2018 ’ਚ ਹੋਏ ਡਬਲ ਮਰਡਰ ਕੇਸ ’ਚ ਵੀ ਨਾਮਜ਼ਦ ਹੈ। ਹਰਪ੍ਰੀਤ ਸਿੰਘ ਉਰਫ ਮੱਖਣ ਮਸ਼ਹੂਰ ਗੈਂਗਸਟਰ ਭੁਪੀ ਰਾਣਾ ਅਤੇ ਅੰਕਿਤ ਰਾਣਾ ਵਰਗੇ ਕਈ ਗੈਂਗਸਟਰਾਂ ਨਾਲ ਮਿਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਪਟਿਆਲਾ ਅਤੇ ਮੋਗਾ ’ਚ ਕਈ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ, ਜਿਨ੍ਹਾਂ ਦੀ ਗ੍ਰਿਫਤਾਰੀ ਨਾਲ ਇਹ ਵਾਰਦਾਤਾਂ ਟਲ ਗਈਆਂ ਹਨ। ਰਾਮ ਸਿੰਘ ਉਰਫ ਰਮਨ ਐੱਸ. ਕੇ. ਖਰੋਡ਼ ਗਰੁੱਪ ਨਾਲ ਸਬੰਧ ਰੱਖਦਾ ਹੈ। ਜਦੋਂਕਿ ਲਵਪ੍ਰੀਤ ਸਿੰਘ ਬਿੱਲਾ ਬਿੱਟੂ ਗੁਜਰ ਗੈਂਗ ਨਾਲ ਸਬੰਧ ਰੱਖਦਾ ਹੈ। ਇਹ ਜੋਗੀ ਸਰਪੰਚ ਪਿੰਡ ਪਸਿਆਣਾ ਦੇ ਕੇਸ ’ਚ ਵੀ ਨਾਮਜ਼ਦ ਹੈ। ਇਨ੍ਹਾਂ ਦਾ ਆਪਸੀ ਤਾਲਮੇਲ ਜੁਡੀਸ਼ੀਅਲ ਕਸਟੱਡੀ ਦੌਰਾਨ ਹੋਇਆ।

ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਮੱਖਣ ਖਿਲਾਫ ਪਹਿਲਾਂ ਵੀ ਕਤਲ, ਇਰਾਦਾ ਕਤਲ, ਗੈਂਗਵਾਰ, ਅਸਲਾ ਐਕਟ ਦੇ ਲੱਗਭਗ 6 ਕੇਸ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ ਵੀ ਦਰਜ ਹਨ। ਉਨ੍ਹਾਂ ਦੱਸਿਆ ਕਿ ਰਮਨ ਸਿੰਘ ਉਰਫ ਰਮਨ ਖਿਲਾਫ ਵੱਖ-ਵੱਖ ਧਾਰਾਵਾਂ ਦੇ 5 ਕੇਸ ਦਰਜ ਹਨ। ਲਵਪ੍ਰੀਤ ਸਿੰਘ ਉਰਫ ਬਿੱਲਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ 5 ਕੇਸ ਦਰਜ ਹਨ। ਇਸ ਮੌਕੇ ਡੀ. ਐੱਸ. ਪੀ. ਸਿਟੀ-1 ਸਤਨਾਮ ਸਿੰਘ ਅਤੇ ਸਪੈਸ਼ਲ ਸੈੱਲ ਦੇ ਇੰਚਾਰਜ ਇੰਸ. ਹਰਜਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ।


author

Gurminder Singh

Content Editor

Related News