ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਆਈ ਕਾਲ ਨੇ ਉਡਾਏ ਹੋਸ਼

Saturday, Mar 04, 2023 - 03:59 PM (IST)

ਫ਼ਰੀਦਕੋਟ (ਰਾਜਨ) : ਸਥਾਨਕ ਪੁਰੀ ਕਲੋਨੀ ਨਿਵਾਸੀ ਇਕ ਦੁਕਾਨਦਾਰ ਤੋਂ ਗੈਂਗਸਟਰ ਗੋਲਡੀ ਬਰਾੜ ਬਣ ਕੇ ਫੋਨ ’ਤੇ ਇਕ ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਦੋਸ਼ੀਆਂ ਨੂੰ ਸਥਾਨਕ ਥਾਣਾ ਸਿਟੀ ਪੁਲਸ ਵੱਲੋਂ ਸ਼ਿਕਾਇਤ ਕਰਤਾ ਦੀ ਸ਼ਨਾਖਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ 2 ਮੋਬਾਇਲ ਅਤੇ ਨਗਦੀ ਬਰਾਮਦ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਸੰਦੀਪ ਕੁਮਾਰ ਪੁੱਤਰ ਟਾਹਲਾ ਸਿੰਘ ਜੋ ਸਥਾਨਕ ਸਾਦਿਕ ਚੌਂਕ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ ਨੇ ਥਾਣਾ ਸਿਟੀ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਬੀਤੀ ਸ਼ਾਮ ਨੂੰ ਉਸਦੇ ਮੋਬਾਇਲ ’ਤੇ ਦੋ ਵੱਖ-ਵੱਖ ਨੰਬਰਾਂ ਤੋਂ ਫੋਨ ਆਇਆ ਜਿਸ ਵਿਚ ਫੋਨ ਕਰਨ ਵਾਲੇ ਨੇ ਕਿਹਾ ਕਿ ‘ਮੈਂ ਗੋਲਡੀ ਬਰਾੜ ਕੈਨੇਡਾ ਤੋਂ ਬੋਲ ਰਿਹਾ ਹਾਂ ਅਤੇ ਮੈਨੂੰ ਤੇਰੇ ਪਰਿਵਾਰ ਬਾਰੇ ਸਾਰੀ ਜਾਣਕਾਰੀ ਹੈ, ਇਸ ਲਈ ਤੂੰ ਇਕ ਲੱਖ ਰੁਪਏ ਸਾਨੂੰ ਦੇ ਅਤੇ ਜੇਕਰ ਇਹ ਰਕਮ ਨਾ ਦਿੱਤੀ ਤਾਂ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਵਾਂਗੇ’। 

ਇਹ ਵੀ ਪੜ੍ਹੋ : ਚੰਡੀਗੜ੍ਹ ਦੇ 7 ਪੁਲਸ ਅਫ਼ਸਰਾਂ ਖ਼ਿਲਾਫ਼ ਮਾਮਲਾ ਦਰਜ ਕਰੇਗੀ ਪੰਜਾਬ ਪੁਲਸ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਫੋਨ ਤੋਂ ਬਾਅਦ ਉਸਦੇ ਮੋਬਾਇਲ ’ਤੇ ਫਿਰ ਫੋਨ ਆਇਆ ਜਿਸ ਵਿਚ ਇਨ੍ਹਾਂ ਨੇ 50 ਹਜ਼ਾਰ ਰੁਪਏ ਦੀ ਮੰਗ ਕਰਕੇ 20 ਹਜ਼ਾਰ ਰੁਪਏ ਤੁਰੰਤ ਮੰਗੇ ਅਤੇ ਬਾਕੀ 30 ਹਜ਼ਾਰ ਰੁਪਏ ਕਿਸੇ ਆਦਮੀ ਵੱਲੋਂ ਆ ਕੇ ਲਿਜਾਣ ਦੀ ਗੱਲ ਆਖੀ ਜਿਸ ’ਤੇ ਉਸਨੇ ਜਦੋਂ ਆਪਣੇ ਇਕ ਨਜ਼ਦੀਕੀ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਫਿਰੌਤੀ ਮੰਗਣ ਵਾਲਿਆਂ ਦੇ ਵਾਰ-ਵਾਰ ਫੋਨ ਆਉਣ ’ਤੇ ਇਨ੍ਹਾਂ ਦੀ ਆਵਾਜ਼ ਤੋਂ ਪਛਾਣ ਹੋਈ ਕਿ ਇਹ ਫੋਨ ਗੁਰਵਿੰਦਰ ਸਿੰਘ ਬੌਬੀ ਪੁੱਤਰ ਲਾਲ ਸਿੰਘ ਅਤੇ ਹਰਪ੍ਰੀਤ ਸਿੰਘ ਗੋਲਡੀ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 2 ਜਰਮਨ ਕਲੋਨੀ, ਫ਼ਰੀਦਕੋਟ ਵੱਲੋਂ ਕੀਤੇ ਜਾ ਰਹੇ ਹਨ। ਇਸ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਉਕਤ ਦੋਵਾਂ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਉਕਤ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 5 ਹਜ਼ਾਰ ਨਗਦੀ ਅਤੇ 2 ਮੋਬਾਇਲ ਬਰਾਮਦ ਕਰਕੇ ਅਗਲੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ, ਆਉਣ ਵਾਲੇ ਦਿਨਾਂ ’ਚ ਜਾਣੋ ਕਿਹੋ ਜਿਹਾ ਰਹੇਗਾ ਮੌਸਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News