ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਮਾਮਲੇ ''ਚ ਤੀਜਾ ਦੋਸ਼ੀ ਗ੍ਰਿਫਤਾਰ

Thursday, Mar 15, 2018 - 07:45 AM (IST)

ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਮਾਮਲੇ ''ਚ ਤੀਜਾ ਦੋਸ਼ੀ ਗ੍ਰਿਫਤਾਰ

ਚੰਡੀਗੜ੍ਹ  (ਸੰਦੀਪ) - 1 ਸਾਲ ਤਿੰਨ ਮਹੀਨੇ ਪਹਿਲਾਂ ਸੈਕਟਰ-29 ਦੇ ਜੰਗਲੀ ਇਲਾਕੇ 'ਚ ਕਾਲ ਸੈਂਟਰ 'ਚ ਕੰਮ ਕਰਨ ਵਾਲੀ ਲੜਕੀ ਨਾਲ ਆਟੋ ਚਾਲਕ ਤੇ ਉਸਦੇ ਸਾਥੀ ਵਲੋਂ ਸਮੂਹਿਕ ਜਬਰ-ਜ਼ਨਾਹ ਕੀਤੇ ਜਾਣ ਦੇ ਮਾਮਲੇ 'ਚ ਪੁਲਸ ਨੇ ਤੀਜੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ 'ਚ ਹਾਲ 'ਚ ਹੀ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਮੁਹੰਮਦ ਇਰਫਾਨ ਦੀ ਨਿਸ਼ਾਨਦੇਹੀ 'ਤੇ ਤੀਜੇ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ, ਜਦੋਂਕਿ ਪੁਲਸ ਇਸ ਮਾਮਲੇ 'ਚ ਵਾਰਦਾਤ ਦੇ ਕੁਝ ਦਿਨਾਂ ਬਾਅਦ ਹੀ ਇਕ ਮੁਲਜ਼ਮ ਵਸੀਮ ਮਲਿਕ ਨੂੰ ਗ੍ਰਿਫਤਾਰ ਕਰ ਚੁੱਕੀ ਸੀ।  
ਪੁਲਸ ਨੇ ਮੁਲਜ਼ਮ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੇ ਉਸਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ, ਜਦੋਂਕਿ ਮਾਮਲੇ 'ਚ ਪਹਿਲਾ ਮੁਲਜ਼ਮ ਮੁਹੰਮਦ ਇਰਫਾਨ ਅਜੇ ਰਿਮਾਂਡ 'ਤੇ ਚੱਲ ਰਿਹਾ ਹੈ। ਪੁਲਸ ਜਾਂਚ ਵਿਚ ਇਹ ਗੱਲ ਵੀ ਸਪੱਸ਼ਟ ਹੋ ਚੁੱਕੀ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੇ ਜਿਹੜੇ ਆਟੋ ਦੀ ਵਰਤੋਂ ਕੀਤੀ ਸੀ, ਉਸੇ ਆਟੋ ਵਿਚ ਹੀ ਮੁਹੰਮਦ ਇਰਫਾਨ ਨੇ ਪਿਛਲੇ ਸਾਲ ਸੈਕਟਰ-53 ਦੇ ਜੰਗਲੀ ਇਲਾਕੇ ਵਿਚ ਆਪਣੇ ਹੋਰ 2 ਸਾਥੀਆਂ ਨਾਲ ਮੋਹਾਲੀ ਦੀ ਰਹਿਣ ਵਾਲੀ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਦੀ ਦੂਜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹ ਆਟੋ ਸੈਕਟਰ-53 ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ 'ਚ ਸੈਕਟਰ-36 ਥਾਣਾ ਪੁਲਸ ਕੋਲ ਕੇਸ ਪ੍ਰਾਪਰਟੀ ਵਜੋਂ ਮੌਜੂਦ ਹੈ।
ਉਥੇ ਹੀ ਪੁਲਸ ਨੇ ਅਦਾਲਤ ਤੋਂ ਮੁਲਜ਼ਮ ਦੀ ਪੀੜਤਾ ਤੋਂ ਸ਼ਨਾਖਤ ਪਰੇਡ (ਟੀ. ਆਈ. ਪੀ.) ਕਰਵਾਉਣ ਦੀ ਪਟੀਸ਼ਨ ਵੀ ਦਾਖਲ ਕੀਤੀ ਸੀ। ਅਦਾਲਤ ਨੇ ਇਸਨੂੰ ਮਨਜ਼ੂਰ ਕਰ ਲਿਆ ਹੈ। ਹਾਲਾਂਕਿ ਪੁਲਸ ਨੂੰ ਅਜੇ ਇਸਦੇ ਲਿਖਤੀ ਹੁਕਮ ਨਹੀਂ ਮਿਲੇ ਹਨ। ਵੀਰਵਾਰ ਨੂੰ ਹੁਕਮ ਮਿਲਣ ਤੋਂ ਬਾਅਦ ਪੁਲਸ ਮੁਲਜ਼ਮ ਦੀ ਪੀੜਤਾ ਤੋਂ ਐੱਸ. ਡੀ. ਐੱਮ. ਦੀ ਹਾਜ਼ਰੀ 'ਚ ਸ਼ਨਾਖਤ ਪਰੇਡ ਕਰਵਾਏਗੀ। ਉਥੇ ਹੀ ਪੁਲਸ ਮੁਹੰਮਦ ਇਰਫਾਨ ਦੀ ਪੀੜਤਾ ਤੋਂ ਪਹਿਲਾਂ ਹੀ ਸ਼ਨਾਖਤ ਕਰਵਾ ਚੁੱਕੀ ਹੈ। ਉਸ ਵਲੋਂ ਮੁਲਜ਼ਮ ਨੂੰ ਪਛਾਣਨ ਤੋਂ ਬਾਅਦ ਹੀ ਪੁਲਸ ਨੇ ਉਸਦੀ ਮਾਮਲੇ 'ਚ ਗ੍ਰਿਫਤਾਰੀ ਕੀਤੀ ਹੈ।
ਪਹਿਲਾਂ ਭਾਲਦੇ ਸਨ ਲੜਕੀ, ਫਿਰ ਖਾਲੀ ਆਟੋ ਲੈ ਕੇ ਪਹੁੰਚਦਾ ਸੀ ਇਰਫਾਨ
ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਹਿਲਾਂ ਦੇਰ ਸ਼ਾਮ ਨੂੰ ਸੜਕ 'ਤੇ ਆਟੋ ਦੀ ਭਾਲ 'ਚ ਖੜ੍ਹੀ ਲੜਕੀ ਦੀ ਭਾਲ ਕਰਦੇ ਸਨ। ਇਸ ਤੋਂ ਬਾਅਦ ਯੋਜਨਾ ਤਹਿਤ ਮੁਹੰਮਦ ਇਰਫਾਨ ਖਾਲੀ ਆਟੋ ਲੈ ਕੇ ਲੜਕੀ ਕੋਲ ਪੁੱਜਦਾ ਸੀ। ਆਟੋ ਖਾਲੀ ਵੇਖ ਕੇ ਲੜਕੀ ਬਿਨਾਂ ਕਿਸੇ ਡਰ ਦੇ ਆਟੋ 'ਚ ਸਵਾਰ ਹੋ ਜਾਂਦੀ ਸੀ। ਜਿਵੇਂ ਹੀ ਆਟੋ ਕੁਝ ਦੂਰੀ 'ਤੇ ਪੁੱਜਦਾ ਸੀ ਤਾਂ ਇਥੇ ਇਰਫਾਨ ਦੇ ਸਾਥੀ ਆਟੋ ਨੂੰ ਸਵਾਰੀ ਵਜੋਂ ਹੱਥ ਦੇ ਕੇ ਰੋਕਦੇ ਸਨ ਤੇ ਵਿਚ ਬੈਠੇ ਜਾਂਦੇ ਸਨ। ਇਸ ਤੋਂ ਬਾਅਦ ਸਾਰੇ ਮੁਲਜ਼ਮ ਆਪਸ ਵਿਚ ਇਸ਼ਾਰਿਆਂ 'ਚ ਗੱਲ ਕਰਦੇ ਸਨ ਤੇ ਆਟੋ ਨੂੰ ਰਸਤੇ 'ਚ ਆਉਣ ਵਾਲੇ ਸੁੰਨਸਾਨ ਇਲਾਕੇ 'ਚ ਲੈ ਕੇ ਜਾਂਦੇ ਸਨ ਤੇ ਸਮੂਹਿਕ ਜਬਰ-ਜ਼ਨਾਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ।
ਯੋਜਨਾ ਬਣਾ ਕੇ ਦਿੰਦੇ ਸਨ ਵਾਰਦਾਤ ਨੂੰ ਅੰਜਾਮ
ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਮੁਲਜ਼ਮਾਂ ਨੇ ਪੂਰੀ ਯੋਜਨਾ ਨਾਲ ਸੈਕਟਰ-29 ਦੇ ਜੰਗਲੀ ਇਲਾਕੇ 'ਚ ਪੀੜਤਾ ਨਾਲ ਸਮੂਹਿਕ ਜਬਰ-ਜ਼ਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।  ਦਿੱਲੀ ਨਿਵਾਸੀ ਮੁਲਜ਼ਮ ਤੇ ਮੁਹੰਮਦ ਇਰਫਾਨ ਆਪਸ 'ਚ ਰਿਸ਼ਤੇਦਾਰ ਹਨ। ਵਾਰਦਾਤ ਸਮੇਂ ਮੁਲਜ਼ਮ ਆਪਣੇ ਰਿਸ਼ਤੇਦਾਰ ਇਰਫਾਨ ਕੋਲ ਘੁੰਮਣ ਲਈ ਆਇਆ ਹੋਇਆ ਸੀ। ਇਸ ਦੌਰਾਨ ਹੀ ਮੁਲਜ਼ਮ ਨੇ ਇਰਫਾਨ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਸੀ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਸ਼ਰਾਬ ਪੀਤੀ ਤੇ ਫਿਰ  ਨਿਕਲ ਪਏ ਇਕ ਲੜਕੀ ਦੀ ਭਾਲ 'ਚ।
ਵਾਰਦਾਤ ਦੇ ਕੁਝ ਦਿਨਾਂ ਬਾਅਦ ਹੀ ਪੁਲਸ ਨੇ ਇਸ ਮਾਮਲੇ 'ਚ ਵਸੀਮ ਮਲਿਕ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਵਸੀਮ ਦਾ ਰਿਮਾਂਡ ਵੀ ਲਿਆ ਸੀ ਪਰ ਪੁਲਸ ਮਾਮਲੇ 'ਚ ਹੋਰ 2 ਮੁਲਜ਼ਮਾਂ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਆਟੋ ਦਾ ਸੁਰਾਗ ਨਹੀਂ ਲਾ ਸਕੀ ਸੀ। ਅਦਾਲਤ 'ਚ ਪੀੜਤਾ ਲੜਕੇ ਨੂੰ ਪਛਾਣਨ ਤੋਂ ਇਨਕਾਰ ਕਰ ਚੁੱਕੀ ਹੈ।  ਉਥੇ ਹੀ ਡੀ. ਐੱਨ. ਏ.  ਸੈਂਪਲ ਵੀ ਉਸ ਨਾਲ ਮੈਚ ਨਹੀਂ ਹੋਏ ਸਨ।
ਲੜਕੀਆਂ ਨੂੰ ਬਣਾਉਂਦੇ ਸੀ ਹਵਸ ਦਾ ਸ਼ਿਕਾਰ
ਪੁਲਸ ਜਾਂਚ ਤਹਿਤ ਮੁਹੰਮਦ ਇਰਫਾਨ ਤੇ ਉਸਦੇ ਸਾਥੀ ਯੋਜਨਾ ਬਣਾ ਕੇ ਸਿਰਫ ਲੜਕੀਆਂ ਨੂੰ ਹੀ ਸ਼ਿਕਾਰ ਬਣਾਉਂਦੇ ਸਨ। ਸੈਕਟਰ-29 ਦੇ ਜੰਗਲੀ ਇਲਾਕੇ ਤੇ ਸੈਕਟਰ-53 ਦੇ ਜੰਗਲੀ ਇਲਾਕੇ 'ਚ ਦੋਵਾਂ ਦੀਆਂ ਵਾਰਦਾਤਾਂ ਤਹਿਤ ਮੁਲਜ਼ਮਾਂ ਨੇ ਲੜਕੀਆਂ ਨੂੰ ਹੀ ਆਪਣਾ ਸ਼ਿਕਾਰ ਬਣਾਇਆ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਹ ਮੁਲਜ਼ਮ ਸ਼ਹਿਰ ਤੇ ਆਸ-ਪਾਸ ਦੇ ਇਲਾਕੇ 'ਚ ਇਸ ਤਰ੍ਹਾਂ ਦੀਆਂ ਜਾਂ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਦੋਵੇਂ ਹੀ ਮੁਲਜ਼ਮ ਵਿਆਹੇ ਹੋਏ ਹਨ ਤੇ ਦੋਵਾਂ ਦੇ ਬੱਚੇ ਵੀ ਹਨ। ਸੂਤਰਾਂ ਅਨੁਸਾਰ ਮੁਲਜ਼ਮਾਂ ਨੇ ਇਸ ਤੋਂ ਇਲਾਵਾ ਟ੍ਰਾਈਸਿਟੀ 'ਚ ਕੁਝ ਹੋਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈ, ਜਿਨ੍ਹਾਂ ਨੂੰ ਸਮਾਜ 'ਚ ਬਦਨਾਮੀ ਦੇ ਡਰੋਂ ਪੀੜਤਾਂ ਵਲੋਂ ਪੁਲਸ ਨੂੰ ਦੱਸਿਆ ਹੀ ਨਹੀਂ ਗਿਆ ਹੈ। ਪੁਲਸ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਬੰਧੀ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਆਟੋ ਤੋਂ ਡਿਗ ਕੇ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ ਦੇ ਮਾਮਲੇ 'ਚ ਵੀ ਕੀਤੀ ਜਾਵੇਗੀ ਪੁੱਛਗਿੱਛ
ਪਿਛਲੇ ਸਾਲ 20 ਮਾਰਚ ਨੂੰ ਟ੍ਰਿਬਿਊਨ ਤੇ ਹੱਲੋਮਾਜਰਾ ਚੌਕ ਵਿਚ ਮੁੱਖ ਸੜਕ 'ਤੇ ਹੱਲੋਮਾਜਰਾ ਦੀ ਰਹਿਣ ਵਾਲੀ ਰਜਨੀ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ 'ਚ ਮਿਲੀ ਸੀ। ਇਸ ਗੱਲ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਉਸਨੂੰ ਇਲਾਜ ਲਈ ਸੈਕਟਰ-32 ਹਸਪਤਾਲ 'ਚ ਪਹੁੰਚਾਇਆ ਸੀ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ ਸੀ। ਪੁਲਸ ਜਾਂਚ 'ਚ ਸਾਹਮਣੇ ਆਇਆ ਸੀ ਕਿ ਰਜਨੀ ਇਥੇ ਸੜਕ 'ਤੇ ਜਾ ਰਹੇ ਇਕ ਆਟੋ 'ਚੋਂ ਡਿਗੀ ਸੀ, ਜਦੋਂਕਿ ਰਜਨੀ ਦੇ ਵਾਰਸਾਂ ਦਾ ਦੋਸ਼ ਸੀ ਕਿ ਰਜਨੀ ਆਟੋ ਤੋਂ ਡਿਗੀ ਨਹੀਂ ਸੀ, ਸਗੋਂ ਉਸਨੂੰ ਆਟੋ 'ਚੋਂ ਜ਼ਬਰਦਸਤੀ ਡੇਗ ਕੇ ਉਸਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਵੀ ਪੁਲਸ ਮੁਹੰਮਦ ਇਰਫਾਨ ਤੇ ਕਮਲ ਹਸਨ ਤੋਂ ਪੁੱਛਗਿੱਛ ਕਰੇਗੀ।


Related News