15 ਦਿਨ ਪਹਿਲਾਂ ਹੋਈ ਮੌਤ ਦੇ ਮਾਮਲੇ "ਚ ਵੱਡਾ ਖ਼ੁਲਾਸਾ, ਪਤਨੀ ਨੇ ਪ੍ਰੇਮੀ ਮਰਵਾਇਆ ਪਤੀ
Friday, Jul 04, 2025 - 05:56 PM (IST)

ਮੂਨਕ (ਗਰਗ) : ਕਰੀਬ 15 ਦਿਨ ਪਹਿਲਾਂ ਹਲਕਾ ਲਹਿਰਾ ਦੇ ਪਿੰਡ ਬੱਲਰਾਂ ਵਿਖੇ ਇਕ ਵਿਅਕਤੀ ਦੀ ਹੋਈ ਮੌਤ ਦੇ ਕਾਰਨਾਂ ਦਾ ਉਸ ਸਮੇਂ ਵੱਡਾ ਖੁਲਾਸਾ ਹੋਇਆ ਜਦੋਂ ਮਾਮਲਾ ਪ੍ਰੇਮ ਸੰਬੰਧਾਂ ਦਾ ਨਿਕਲਿਆ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ (ਮ੍ਰਿਤਕ ਦੀ ਭੂਆ ਦੇ ਪੁੱਤ) ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਮੂਨਕ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਬੱਲਰਾਂ ਵਿਖੇ ਇਕ ਨੌਜਵਾਨ ਦੀ ਮੌਤ ਹੋਈ ਸੀ। ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਮ੍ਰਿਤਕ ਦੇ ਭਰਾ ਪ੍ਰਗਟ ਸਿੰਘ ਪੁੱਤਰ ਨੇਕ ਸਿੰਘ ਵਾਸੀ ਬੱਲਰਾਂ ਨੇ ਪੁਲਸ ਨੂੰ ਲਿਖਤੀ ਬਿਆਨ ਵਿਚ ਦੱਸਿਆ ਕਿ ਮੇਰੇ ਵੱਡੇ ਭਰਾ ਜਗਸੀਰ ਸਿੰਘ ਦਾ ਵਿਆਹ ਕਰੀਬ 8 ਸਾਲ ਪਹਿਲਾਂ ਪਿੰਡ ਬਖੋਰਾ ਕਲਾਂ ਦੀ ਹਰਪ੍ਰੀਤ ਕੌਰ ਨਾਲ ਹੋਇਆ ਸੀ ਜੋ ਕਿ ਸਾਡੇ ਤੋਂ ਅਲੱਗ ਰਹਿੰਦੇ ਹਨ। 18 ਜੂਨ ਨੂੰ ਹਰਪ੍ਰੀਤ ਕੌਰ ਪੇਕੇ ਗਈ ਹੋਈ ਸੀ। ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਭਰਾ ਦਾ ਘਰ ਬਾਹਰੋਂ ਬੰਦ ਦੇਖਿਆ ਤਾਂ ਉਸ ਨੇ ਗੇਟ ਨਹੀਂ ਖੋਲਿਆ ਜਦੋਂ ਮੈਂ, ਮੇਰੇ ਪਿਤਾ ਅਤੇ ਹੋਰਨਾਂ ਨੇ ਗੇਟ ਖੋਲਿਆ ਤਾਂ ਭਰਾ ਮੰਜੇ 'ਤੇ ਮ੍ਰਿਤਕ ਪਿਆ ਸੀ ਅਤੇ ਉਸਦੇ ਸਿਰ ਤੇ ਪਿਛਲੇ ਪਾਸੇ ਸੱਟ ਦੇ ਨਿਸ਼ਾਨ ਸਨ।
ਉਸ ਸਮੇਂ ਪਰਿਵਾਰ ਨੂੰ ਕਿਸੇ 'ਤੇ ਸ਼ੱਕ ਨਹੀਂ ਸੀ, ਜਿਸ ਦੇ ਚੱਲਦੇ ਉਸਦਾ ਸਸਕਾਰ ਕਰ ਦਿੱਤਾ ਗਿਆ ਅਤੇ ਉਸਦੇ ਖੂਨ ਨਾਲ ਲਿਬੜੇ ਕੱਪੜੇ ਵੀ ਸਸਕਾਰ ਸਮੇਂ ਜਲਾ ਦਿੱਤੇ ਗਏ, ਪਰ ਸੀਸੀਟੀਵੀ ਕੈਮਰੇ ਦੇਖਣ ਤੋਂ ਪਤਾ ਚੱਲਿਆ ਕਿ ਸਾਡੀ ਭੂਆ ਦਾ ਬੇਟਾ ਹਰਪ੍ਰੀਤ ਸਿੰਘ ਘਟਨਾ ਦੀ ਰਾਤ ਮੇਰੇ ਭਰਾ ਨੂੰ ਘਰੇ ਛੱਡ ਕੇ ਆਇਆ ਸੀ ,ਜਿਸ 'ਤੇ ਮੇਰੇ ਭਰਾ ਦੀ ਪਤਨੀ ਅਤੇ ਭੂਆ ਦੇ ਬੇਟੇ ਦੇ ਨਜਾਇਜ਼ ਸਬੰਧ ਹੋਣ ਦਾ ਸ਼ੱਕ ਯਕੀਨ ਵਿਚ ਬਦਲ ਗਿਆ। ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਮੇਰੇ ਭਰਾ ਨੂੰ ਮੇਰੀ ਭਰਜਾਈ ਨੇ ਆਪਣੇ ਕਥਿਤ ਪ੍ਰੇਮੀ ਤੋਂ ਮਰਵਾਇਆ ਹੈ। ਜਿਸ ਦੇ ਚੱਲਦੇ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ 'ਤੇ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਖਿਲਾਫ ਮੁਕੱਦਮਾ ਦਰਜ ਕਰਦਿਆਂ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।