ਜੇਲ੍ਹ ''ਚ ਗੈਂਗਸਟਰ ਦੀ ਇੰਟਰਵਿਊ ਮਾਮਲੇ ''ਚ ਹਾਈਕੋਰਟ ਦੇ ਸਖ਼ਤ ਹੁਕਮ
Thursday, Jul 17, 2025 - 12:55 PM (IST)

ਚੰਡੀਗੜ੍ਹ (ਗੰਭੀਰ) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰਨ ਅਤੇ ਖ਼ਾਸ ਕਰਕੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਹੁਕਮ ਦਿੱਤੇ।
ਜੱਜ ਅਨੂਪਿੰਦਰ ਸਿੰਘ ਗਰੇਵਾਲ ਤੇ ਜਸਟਿਸ ਦੀਪਕ ਮਨਚੰਦਾ ਦੀ ਡਿਵੀਜ਼ਨ ਬੈਂਚ ਨੇ ਐੱਸ. ਆਈ. ਟੀ. ਮੁਖੀ ਪ੍ਰਬੋਧ ਕੁਮਾਰ ਨੂੰ ਸਪੱਸ਼ਟ ਕਿਹਾ ਕਿ ਕਿ ਜੇ ਉਹ ਐੱਸ. ਆਈ. ਟੀ. ਦੀ ਰਿਪੋਰਟ ਤੋਂ ਸੰਤੁਸ਼ਟ ਨਾ ਹੋਏ ਤਾਂ ਇਹ ਮਾਮਲਾ ਕਿਸੇ ਕੇਂਦਰੀ ਏਜੰਸੀ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਜਨਵਰੀ, 2024 ਤੋਂ 15 ਜੁਲਾਈ ਤਕ ਫਿਰੌਤੀ, ਜਾਨੋਂ ਮਾਰਨ ਦੀ ਧਮਕੀ ਆਦਿ ਨਾਲ ਸਬੰਧਤ ਪੰਜਾਬ ’ਚ ਦਰਜ ਐੱਫ. ਆਈ. ਆਰਜ਼ ਦੀ ਗਿਣਤੀ ਲੈ ਕੇ ਇਕ ਹਲਫ਼ਨਾਮਾ ਅਗਲੀ ਸੁਣਵਾਈ ਤਕ ਦਾਖ਼ਲ ਕਰਨ।
ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਐੱਸ. ਆਈ. ਟੀ. ਮੁਖੀ ਪ੍ਰਮੋਦ ਕੁਮਾਰ ਮਹੀਨੇ ਦੇ ਅੰਦਰ ਫਾਈਨਲ ਰਿਪੋਰਟ ਦਾਖ਼ਲ ਕਰਨ। ਉਨ੍ਹਾਂ ਕਿਹਾ ਕਿ ਜਾਂਚ ’ਚ ਜੂਨੀਅਰ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਨਾ ਬਣਾਇਆ ਜਾਵੇ ਕਿਉਂਕਿ ਸੀਨੀਅਰ ਅਧਿਕਾਰੀਆਂ ਦੀ ਸ਼ਮੂਲੀਅਤ ਤੋਂ ਬਿਨਾਂ ਅਜਿਹਾ ਇੰਟਰਵਿਊ ਸੰਭਵ ਨਹੀਂ ਸੀ। ਮਾਮਲੇ ਦੀ ਅਗਲੀ ਸੁਣਵਾਈ 18 ਅਗਸਤ ਨੂੰ ਹੋਵੇਗੀ।