ਜੀ. ਐੱਸ. ਟੀ. ਅਤੇ ਨੋਟਬੰਦੀ ਨੇ ਵਪਾਰੀ ਵਰਗ ਨੂੰ ਤਬਾਹ ਕੀਤਾ : ਜਾਖੜ

09/30/2017 6:00:18 AM

ਪਠਾਨਕੋਟ/ਗੁਰਦਾਸਪੁਰ, (ਹਰਮਨ)- ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਜ਼ਿਮਨੀ ਚੋਣ ਲੜ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਹੱਕ ਵਿਚ ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਚੋਣ ਪ੍ਰਚਾਰ ਕਰ ਕੇ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਦਿੱਤਾ ਹੈ।
ਇਸ ਤਹਿਤ ਸੁਨੀਲ ਜਾਖੜ ਨੇ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਦੇ ਪ੍ਰਬੰਧਾਂ ਹੇਠ ਹਲਕੇ ਅੰਦਰ ਭਰਵੀਆਂ ਚੋਣ ਰੈਲੀਆਂ ਕੀਤੀਆਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਵੱਖ-ਵੱਖ ਥਾਈਂ ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਜਾਖੜ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਕੰਗਾਲ ਕਰ ਕੇ ਨਾ ਸਿਰਫ਼ ਸਾਰਾ ਖ਼ਜ਼ਾਨਾ ਖ਼ਾਲੀ ਕਰ ਦਿੱਤਾ ਸਗੋਂ ਸੂਬੇ ਨੂੰ ਕਰਜ਼ਾਈ ਕਰ ਕੇ ਤਬਾਹੀ ਦੇ ਕਿਨਾਰੇ ਲਿਆ ਖੜ੍ਹਾ ਕੀਤਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਦਿਆਂ ਹੀ ਆਰਥਿਕ ਤੰਗੀਆਂ ਦੇ ਬਾਵਜੂਦ ਵੀ ਗ਼ਰੀਬ ਤੇ ਆਮ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਇਤਿਹਾਸਿਕ ਸ਼ੁਰੂਆਤ ਕਰ ਦਿੱਤੀ ਹੈ।
 ਦੂਜੇ ਪਾਸੇ ਉਨ੍ਹਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਬੋਲਦਿਆਂ ਕਿਹਾ ਕਿ ਇਹ ਸਰਕਾਰ ਸਭ ਤੋਂ ਪਹਿਲਾਂ ਇਹ ਜਵਾਬ ਦੇਵੇ ਕਿ ਉਸ ਨੇ ਕਿਸਾਨਾਂ, ਵਪਾਰੀਆਂ ਅਤੇ ਗ਼ਰੀਬਾਂ ਲਈ ਕੀ ਕੀਤਾ ਹੈ? ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਤੇ ਨੋਟਬੰਦੀ ਨੇ ਅੱਜ ਵਪਾਰੀ ਵਰਗ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਹੈ, ਜਿਸ ਨਾਲ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡਾ ਵਪਾਰੀ ਤਰਾਹ-ਤਰਾਹ ਕਰ ਰਿਹਾ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਮਹਿੰਗਾਈ 'ਚ ਲਗਾਤਾਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਹ ਹਲਕੇ ਦੇ ਸੂਝਵਾਨ ਵੋਟਰਾਂ ਨੇ ਸੇਵਾ ਦਾ ਮੌਕਾ ਦਿੱਤਾ ਤਾਂ ਉਹ ਨਾ ਸਿਰਫ਼ ਇਨ੍ਹਾਂ ਸਰਹੱਦੀ ਜ਼ਿਲਿਆਂ ਦੇ ਹਰੇਕ ਵਰਗ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣਗੇ ਸਗੋਂ ਲੋਕ ਸਭਾ ਵਿਚ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨਗੇ। 


Related News