ਜ਼ਿਲੇ ਦੇ 1 ਲੱਖ ਖਪਤਕਾਰਾਂ ਦੀ ਮੁਫ਼ਤ ਬਿਜਲੀ ਸਹੂਲਤ ਕੀਤੀ ਬੰਦ
Thursday, Feb 08, 2018 - 05:04 AM (IST)

ਹੁਸ਼ਿਆਰਪੁਰ, (ਜ.ਬ.)- ਪਾਵਰਕਾਮ ਦੀ ਆਰਥਿਕ ਦਸ਼ਾ ਸੁਧਾਰਨ ਦੀ ਦਿਸ਼ਾ ਵਿਚ ਕਦਮ ਚੁੱਕਦਿਆਂ ਸਰਕਾਰ ਨੇ ਇਕ ਹੀ ਝਟਕੇ ਨਾਲ ਮੁਫ਼ਤ ਬਿਜਲੀ ਦਾ ਲਾਭ ਉਠਾ ਰਹੇ ਕੁੱਲ 12 ਲੱਖ 'ਚੋਂ 1 ਲੱਖ ਅਨੁਸੂਚਿਤ ਜਾਤੀ, ਪਿਛੜੇ ਵਰਗ, ਗਰੀਬੀ ਰੇਖਾ ਤੋਂ ਹੇਠਾਂ ਅਤੇ ਆਜ਼ਾਦੀ ਘੁਲਾਟੀਏ ਖਪਤਕਾਰਾਂ ਦੀ ਉਕਤ ਸਹੂਲਤ ਬੰਦ ਕਰ ਦਿੱਤੀ ਹੈ। ਚੀਫ ਇੰਜੀ. ਅਰੁਣ ਗੁਪਤਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਿਛਲੇ ਸਾਲ 3 ਹਜ਼ਾਰ ਯੂਨਿਟਸ ਤੋਂ ਜ਼ਿਆਦਾ ਬਿਜਲੀ ਦੀ ਵਰਤੋਂ ਕਰਨ ਵਾਲੇ ਉਕਤ ਖਪਤਕਾਰਾਂ ਦੀ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ। ਪਾਵਰਕਾਮ ਦੇ ਇਸ ਫੈਸਲੇ ਨਾਲ ਹੁਣ ਤੱਕ ਹੁਸ਼ਿਆਰਪੁਰ ਜ਼ਿਲੇ ਦੇ 1921 ਪਰਿਵਾਰ ਮੁਫ਼ਤ ਬਿਜਲੀ ਦੀ ਸਹੂਲਤ ਤੋਂ ਵਾਂਝੇ ਹੋ ਗਏ ਹਨ, ਜਿਨ੍ਹਾਂ ਨੂੰ ਬਿੱਲ ਭੇਜ ਦਿੱਤੇ ਗਏ ਹਨ। ਇਸ ਕਾਰਨ ਉਨ੍ਹਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਮੁਫ਼ਤ ਬਿਜਲੀ ਸਹੂਲਤ 'ਤੇ ਲਗਾਤਾਰ ਉੱਠ ਰਹੇ ਹਨ ਸਵਾਲ : ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦੀ ਸਹੂਲਤ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਸਰਕਾਰ 1 ਕਿੱਲੋਵਾਟ ਦੇ ਲੋਡ 'ਤੇ ਪ੍ਰਤੀ ਮਹੀਨੇ ਮੁਫ਼ਤ 200 ਯੂਨਿਟ ਬਿਜਲੀ ਦੇ ਰਹੀ ਸੀ। ਇਸ ਯੋਜਨਾ ਦਾ ਫਾਇਦਾ ਉਠਾ ਰਹੇ ਲੋਕ ਇਕ ਹੀ ਘਰ 'ਚ ਵੱਖ-ਵੱਖ ਮੀਟਰ ਲਾ ਕੇ ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਸਨ।
ਸਰਕਾਰ ਨੇ ਪੂਰੇ ਪੰਜਾਬ 'ਚ ਇਸ ਸਹੂਲਤ ਦਾ ਲਾਭ ਉਠਾ ਰਹੇ 12 ਲੱਖ ਖਪਤਕਾਰਾਂ ਦੀ ਵੈਰੀਫਿਕੇਸ਼ਨ ਕਰਵਾਈ ਤਾਂ ਦੇਖਿਆ ਕਿ ਲੱਖਾਂ ਦੀ ਗਿਣਤੀ 'ਚ ਪਰਿਵਾਰ ਸਾਲ 'ਚ 2400 ਦੀ ਜਗ੍ਹਾ 3000 ਤੋਂ ਜ਼ਿਆਦਾ ਬਿਜਲੀ ਦੇ ਯੂਨਿਟ ਫੂਕ ਰਹੇ ਹਨ। ਸਰਕਾਰ ਨੇ ਮੀਟਰ ਰੀਡਿੰਗ ਨੂੰ ਆਧਾਰ ਬਣਾ ਕੇ ਸੂਬੇ ਦੇ ਕਰੀਬ 1 ਲੱਖ ਅਨੁਸੂਚਿਤ ਜਾਤੀ, ਪਿਛੜੇ ਵਰਗ, ਆਜ਼ਾਦੀ ਘੁਲਾਟੀਏ ਅਤੇ ਗਰੀਬੀ ਰੇਖਾ ਤੋਂ ਹੇਠਾਂ ਖਪਤਕਾਰਾਂ ਨੂੰ ਇਸ ਵਾਰ ਪੂਰੇ ਬਿਜਲੀ ਦੇ ਬਿੱਲ ਭੇਜ ਦਿੱਤੇ ਹਨ।
100-200 ਵਾਲਿਆਂ ਦਾ ਆਇਆ 3800 ਦਾ ਬਿੱਲ : ਇਸ ਸਹੂਲਤ ਤੋਂ ਵਾਂਝੇ ਹੋਏ ਪਰਿਵਾਰ ਇਨ੍ਹੀਂ ਦਿਨੀਂ ਪਾਵਰਕਾਮ ਹੁਸ਼ਿਆਰਪੁਰ ਸਰਕਲ ਦੇ ਕੈਸ਼ ਕਾਊਂਟਰ 'ਤੇ ਕਲਰਕ ਨਾਲ ਸਵਾਲ-ਜਵਾਬ ਕਰਦੇ ਨਜ਼ਰ ਆਉਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਕੁਲ ਖਪਤ ਵਿਚੋਂ 400 ਯੂਨਿਟ ਮੁਫ਼ਤ ਬਿਜਲੀ ਦੇ ਘਟਾ ਕੇ ਹਰ 2 ਮਹੀਨੇ ਬਾਅਦ ਬਿੱਲ 100-200 ਰੁਪਏ ਹੀ ਆਉਂਦਾ ਸੀ ਪਰ ਇਸ ਵਾਰ 3800 ਰੁਪਏ ਆਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ 'ਚ ਉਨ੍ਹਾਂ ਦਾ ਕਦੇ ਇੰਨਾ ਬਿੱਲ ਨਹੀਂ ਆਇਆ।
ਕੀ ਕਹਿੰਦੇ ਹਨ ਡਿਪਟੀ ਚੀਫ਼ ਇੰਜੀਨੀਅਰ : ਇਸ ਸਬੰਧੀ ਜਦੋਂ ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਐੱਚ.ਐੱਸ. ਸੈਣੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਿਨ੍ਹਾਂ ਵੀ ਖਪਤਕਾਰਾਂ ਨੇ 3 ਹਜ਼ਾਰ ਯੂਨਿਟਸ ਤੋਂ ਜ਼ਿਆਦਾ ਬਿਜਲੀ ਵਰਤੀ ਹੈ, ਉਨ੍ਹਾਂ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਪੰਜਾਬ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਇਹ ਕੰਡੀਸ਼ਨ ਤੈਅ ਕੀਤੀ ਸੀ, ਜਿਸ 'ਚ ਕਿਹਾ ਗਿਆ ਹੈ ਕਿ ਉਕਤ ਸਹੂਲਤ ਪ੍ਰਾਪਤ ਕਰਨ ਵਾਲੇ ਖਪਤਕਾਰ ਦਾ ਬਿਜਲੀ ਦਾ ਲੋਡ 1 ਕਿੱਲੋਵਾਟ ਤੋਂ ਘੱਟ ਹੋਣਾ ਚਾਹੀਦਾ ਪਰ ਕੁਝ ਪਰਿਵਾਰ ਇਸ ਸਕੀਮ ਦਾ ਗਲਤ ਫਾਇਦਾ ਉਠਾ ਰਹੇ ਸਨ, ਜਿਨ੍ਹਾਂ ਦੀ ਪਛਾਣ ਕਰ ਕੇ ਪਾਵਰਕਾਮ ਨੇ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਹੈ।