ਸੇਵਾਮੁਕਤ ਪ੍ਰੋਫੈਸਰ ਨੂੰ ਝਾਂਸਾ ਦੇ ਕੇ ਕੀਤੀ 4.30 ਲੱਖ ਦੀ ਧੋਖਾਧੜੀ

Sunday, May 29, 2022 - 03:22 PM (IST)

ਸੇਵਾਮੁਕਤ ਪ੍ਰੋਫੈਸਰ ਨੂੰ ਝਾਂਸਾ ਦੇ ਕੇ ਕੀਤੀ 4.30 ਲੱਖ ਦੀ ਧੋਖਾਧੜੀ

ਚੰਡੀਗੜ੍ਹ (ਸੰਦੀਪ) : ਸਾਈਬਰ ਅਪਰਾਧੀ ਰੋਜ਼ਾਨਾ ਇਕ ਤੋਂ ਇਕ ਜੁਗਤ ਲਾ ਕੇ ਲੋਕਾਂ ਨਾਲ ਧੋਖਾਦੇਹੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇੰਝ ਹੀ ਇਕ ਅਨੋਖਾ ਮਾਮਲਾ ਸੈਕਟਰ-36 ਵਿਚ ਦੇਖਣ ਨੂੰ ਮਿਲਿਆ ਹੈ। ਇੱਥੇ ਪੀ. ਯੂ. ਤੋਂ ਰਿਟਾਇਰਡ ਇਕ ਪ੍ਰੋਫੈਸਰ ਨੂੰ ਨਿਸ਼ਾਨਾ ਬਣਾਉਂਦਿਆਂ ਸਾਈਬਰ ਅਪਰਾਧੀਆਂ ਨੇ ਕੈਨੇਡਾ ਰਹਿੰਦੇ ਉਨ੍ਹਾਂ ਦੇ ਦੋਸਤ ਦੇ ਜਵਾਈ ਅਤੇ ਧੀ ਦੇ ਕਿਸੇ ਵਿਦੇਸ਼ੀ ਨਾਲ ਹੋਏ ਝਗੜੇ ਦਾ ਨਿਪਟਾਰਾ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 4.50 ਲੱਖ ਰੁਪਏ ਦੀ ਧੋਖਾਦੇਹੀ ਕੀਤੀ। ਮੁਲਜ਼ਮ ਨੇ ਖ਼ੁਦ ਨੂੰ ਐਡਵੋਕੇਟ ਦੱਸਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਫਿਲਹਾਲ ਪੁਲਸ ਨੇ ਰਿਟਾ. ਪ੍ਰੋਫੈਸਰ ਗੁਲਜ਼ਾਰ ਸੰਧੂ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦਾ ਸੁਰਾਗ ਲਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਲਜ਼ਾਰ ਸਿੰਘ ਨੂੰ ਇਕ ਵਿਅਕਤੀ ਨੇ ਕਾਲ ਕਰ ਕੇ ਪੁੱਛਿਆ ਕਿ ਕੀ ਉਹ ਗੁਰਪ੍ਰੀਤ ਸਿੰਘ ਨੂੰ ਜਾਣਦੇ ਹਨ। ਗੁਰਪ੍ਰੀਤ ਸਿੰਘ ਉਨ੍ਹਾਂ ਦੇ ਦੋਸਤ ਦਾ ਜਵਾਈ ਹੈ, ਜੋ ਕਿ ਕੈਨੇਡਾ ਵਿਚ ਰਹਿੰਦਾ ਹੈ। ਕਾਲ ਕਰਨ ਵਾਲੇ ਨੇ ਉਨ੍ਹਾਂ ਨੂੰ ਦੱਸਿਆ ਕਿ ਗੁਰਪ੍ਰੀਤ ਅਤੇ ਉਸ ਦੇ ਦੋਸਤਾਂ ਦਾ ਇੱਥੇ ਇਕ ਵਿਦੇਸ਼ੀ ਨਾਲ ਝਗੜਾ ਹੋ ਗਿਆ ਸੀ, ਜੋ ਕਿ ਇਸ ਸਮੇਂ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਹੈ।

ਕਾਲ ਕਰਨ ਵਾਲੇ ਨੇ ਗੁਰਪ੍ਰੀਤ ਨੂੰ ਪੁਲਸ ਦੀ ਪਕੜ ਤੋਂ ਬਾਹਰ ਰੱਖਣ ਲਈ 4.30 ਲੱਖ ਰੁਪਏ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਇਕ ਬੈਂਕ ਅਕਾਊਂਟ ਨੰਬਰ ਭੇਜ ਦਿੱਤਾ, ਜਿਸ ਵਿਚ ਪੈਸੇ ਜਮ੍ਹਾਂ ਕਰਵਾਏ ਜਾਣ ਲਈ ਕਿਹਾ ਗਿਆ ਪਰ ਪੈਸੇ ਭੇਜਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨਾਲ ਧੋਖਾਦੇਹੀ ਕੀਤੀ ਗਈ ਹੈ। ਧੋਖਾਦੇਹੀ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।


author

Babita

Content Editor

Related News