ਨਕਲੀ ਸਪੇਅਰ ਪਾਰਟਸ ਵੇਚਣ ਵਾਲੇ ਕਾਬੂ

Thursday, Aug 03, 2017 - 02:59 AM (IST)

ਨਕਲੀ ਸਪੇਅਰ ਪਾਰਟਸ ਵੇਚਣ ਵਾਲੇ ਕਾਬੂ

ਮੋਗਾ, (ਆਜ਼ਾਦ)- ਸਥਾਨਕ ਪੁਲਸ ਨੇ ਹੀਰੋ ਕੰਪਨੀ ਦਾ ਨਕਲੀ ਸਪੇਅਰ ਪਾਰਟਸ ਵੇਚਣ ਵਾਲੇ ਦੋ ਦੁਕਾਨਦਾਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।  ਇਸ ਸਬੰਧੀ ਮੋਗਾ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਅਵਤਾਰ ਸਿੰਘ ਪੁੱਤਰ ਮੇਜਰ ਸਿੰਘ ਨਿਵਾਸੀ ਫਰੀਦਾਬਾਦ (ਹਰਿਆਣਾ) ਨੇ ਦੱਸਿਆ ਕਿ ਉਹ ਹੀਰੋ ਕੰਪਨੀ 'ਚ ਇਨਵੈਸਟੀਗੇਟਰ ਲੱਗਾ ਹੋਇਆ ਹੈ। ਬੀਤੇ ਕੁਝ ਦਿਨਾਂ ਤੋਂ ਉਹ ਮੋਗਾ 'ਚ ਸਰਵੇ ਕਰ ਰਿਹਾ ਸੀ ਕਿ ਸਾਡੀ ਕੰਪਨੀ ਦਾ ਸਪੇਅਰ ਪਾਰਟਸ ਕੌਣ ਨਕਲੀ ਵੇਚ ਰਿਹਾ ਹੈ, ਜਿਸ 'ਤੇ ਸਾਨੂੰ ਦੋ ਦੁਕਾਨਦਾਰਾਂ ਦੀ ਜਾਣਕਾਰੀ ਮਿਲੀ ਕਿ ਉਹ ਹੀਰੋ ਕੰਪਨੀ ਦਾ ਨਕਲੀ ਸਪੇਅਰ ਪਾਰਟਸ ਵੇਚਦੇ ਹਨ। 
ਅੱਜ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਦੇ ਨਿਰਦੇਸ਼ਾਂ 'ਤੇ ਸਹਾਇਕ ਥਾਣੇਦਾਰ ਬਲਜੀਤ ਸਿੰਘ, ਹੌਲਦਾਰ ਸੁਰਜੀਤ ਸਿੰਘ ਨੇ ਸ਼ਿਕਾਇਤਕਰਤਾ ਇਨਵੈਸਟੀਗੇਟਰ ਨੂੰ ਨਾਲ ਲੈ ਕੇ ਅਕਾਲਸਰ ਰੋਡ ਮੋਗਾ ਸਥਿਤ ਨਾਰੰਗ ਸਪੇਅਰ ਪਾਰਟਸ ਦੀ ਦੁਕਾਨ 'ਤੇ ਛਾਪਾਮਾਰੀ ਕਰ ਕੇ ਉੱਥੋਂ ਕੁਝ ਨਕਲੀ ਹੀਰੋ ਕੰਪਨੀ ਦਾ ਸਾਮਾਨ ਬਰਾਮਦ ਕੀਤਾ ਅਤੇ ਪੁਲਸ ਨੇ ਦੁਕਾਨ ਮਾਲਕ ਪ੍ਰਵੀਨ ਕੁਮਾਰ ਨਿਵਾਸੀ ਵੇਦਾਂਤ ਨਗਰ, ਮੋਗਾ ਨੂੰ
ਹਿਰਾਸਤ ਵਿਚ ਲੈ ਲਿਆ। 
ਇਸੇ ਤਰ੍ਹਾਂ ਉਨ੍ਹਾਂ ਬੈਂਕ ਵਾਲੀ ਗਲੀ 'ਚ ਇਕ ਹੋਰ ਸਪੇਅਰ ਪਾਰਟਸ ਦੀ ਦੁਕਾਨ 'ਤੇ ਛਾਪਾਮਾਰੀ ਕਰ ਕੇ ਉੱਥੋਂ ਹੀਰੋ ਕੰਪਨੀ ਦਾ ਕੁਝ ਨਕਲੀ ਸਾਮਾਨ ਬਰਾਮਦ ਕਰਨ ਦੇ ਨਾਲ ਉਕਤ ਮਾਮਲੇ 'ਚ ਦੁਕਾਨ ਮਾਲਕ ਸੁਵੀਨ ਸਿੰਗਲਾ ਨਿਵਾਸੀ ਨਿੰਮ ਵਾਲੀ ਗਲੀ, ਮੋਗਾ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਦੋਵਾਂ ਦੁਕਾਨਾਂ ਦਾ ਸਪੇਅਰ ਪਾਰਟਸ ਵੀ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ। 
ਕੀ ਹੋਈ ਪੁਲਸ ਕਾਰਵਾਈ
ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਅਤੇ ਸੁਵੀਨ ਸਿੰਗਲਾ ਖਿਲਾਫ ਕਾਪੀ ਰਾਈਟ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਬਾਅਦ 'ਚ ਬਰ-ਜ਼ਮਾਨਤ ਰਿਹਾਅ ਕਰ ਦਿੱਤਾ ਗਿਆ।


Related News