ਕੈਨੇਡਾ ਭੇਜਣ ਦੇ ਨਾਮ ’ਤੇ 11 ਲੱਖ ਦੀ ਠੱਗੀ, ਮਾਮਲਾ ਦਰਜ
Monday, Jul 28, 2025 - 11:28 PM (IST)

ਲੁਧਿਆਣਾ (ਰਾਮ) - ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਹੋਰ ਵੱਡਾ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਫੋਕਲ ਪੁਆਇੰਟ ਪੁਲਸ ਨੇ ਇਕ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਸ ਨੇ ਕੈਨੇਡਾ ਭੇਜਣ ਅਤੇ ਪੀ. ਆਰ. ਦਿਵਾਉਣ ਦਾ ਝਾਂਸਾ ਦੇ ਕੇ 11 ਲੱਖ ਰੁਪਏ ਹੜੱਪ ਲਏ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਪੁਲਸ ਨੇ ਮੁਲਜ਼ਮ ਕੁਨਾਲ ਸ਼ਰਮਾ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਮੁਲਜ਼ਮ ਦੀ ਪਛਾਣ ਕੁਨਾਲ ਸ਼ਰਮਾ ਵਾਸੀ ਮੈਟਰੋ ਪਲਾਜ਼ਾ, ਸਿਟੀ ਮਾਰਕੀਟ, ਲੋਹਗੜ੍ਹ ਰੋਡ, ਜੀਰਕਪੁਰ ਵਜੋਂ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫਤਾਰੀ ਦੇ ਯਤਨ ਜਾਰੀ ਹਨ ਅਤੇ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਮਨਜਿੰਦਰ ਸਿੰਘ ਵਾਸੀ ਗੋਬਿੰਦਗੜ੍ਹ ਨੇੜੇ ਖੱਖ ਪੱਤੀ ਗੁਰਦੁਆਰਾ, ਡਾਕਖਾਨਾ ਜੁਗਿਆਣਾ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਕੁਨਾਲ ਸ਼ਰਮਾ ਨੇ ਉਸ ਨੂੰ ਕੈਨੇਡਾ ਭੇਜਣ ਅਤੇ ਉਥੋਂ ਦੀ ਪੀ. ਆਰ. ਦਿਵਾਉਣ ਦਾ ਵਾਅਦਾ ਕੀਤਾ।
ਇਸ ਭਰੋਸੇ ’ਤੇ ਸ਼ਿਕਾਇਤਕਰਤਾ ਨੇ ਕੁੱਲ 11 ਲੱਖ ਰੁਪਏ ਨੂੰ ਦੇ ਦਿੱਤੇ ਪਰ ਨਾ ਤਾ ਕੈਨੇਡਾ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਸ ਨਾਲ ਸ਼ਿਕਾਇਤਕਰਤਾ ਨੂੰ ਭਾਰੀ ਆਰਥਿਤ ਨੁਕਸਾਨ ਹੋਇਆ ਅਤੇ ਉਸ ਨੇ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ।