ਸਾਵਧਾਨ! ਹੁਣ ਮਾਣਯੋਗ ਅਦਾਲਤ ਦੇ ਨਾਂ ’ਤੇ ਠੱਗਾਂ ਵਲੋਂ ਲੋਕਾਂ ਨਾਲ ਮਾਰੀ ਜਾ ਰਹੀ ਠੱਗੀ

Friday, Jun 18, 2021 - 04:05 PM (IST)

ਸਾਵਧਾਨ! ਹੁਣ ਮਾਣਯੋਗ ਅਦਾਲਤ ਦੇ ਨਾਂ ’ਤੇ ਠੱਗਾਂ ਵਲੋਂ ਲੋਕਾਂ ਨਾਲ ਮਾਰੀ ਜਾ ਰਹੀ ਠੱਗੀ

ਮਾਛੀਵਾੜਾ ਸਾਹਿਬ (ਟੱਕਰ) : ਸ਼ਾਤਿਰ ਠੱਗਾਂ ਵਲੋਂ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੇ ਨਵੇਂ-ਨਵੇਂ ਪੈਂਤਰੇ ਅਪਣਾਏ ਜਾ ਰਹੇ ਹਨ ਅਤੇ ਹੁਣ ਨਵੇਂ ਮਾਮਲੇ ਵਿਚ ’ਇਹ ਠੱਗ ਐਨੇ ਬੇਖੌਫ਼ ਹੋ ਗਏ ਹਨ ਕਿ ਮਾਣਯੋਗ ਅਦਾਲਤ ਦੇ ਨਾਮ ’ਤੇ ਲੋਕਾਂ ਨੂੰ ਜਾਅਲੀ ਵਕੀਲਾਂ ਵਲੋਂ ਝੂਠੀ ਐੱਫ.  ਆਈ.ਆਰ. ਦਾ ਨੋਟਿਸ ਭੇਜ ਬਲੈਕਮੇਲ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਪੈਸੇ ਠੱਗ ਰਹੇ ਹਨ। ਮਾਛੀਵਾੜਾ ਇਲਾਕੇ ਨਾਲ ਸਬੰਧਿਤ ਇੱਕ ਨੌਜਵਾਨ ਨੇ ਆਪਣੇ ਨਾਲ ਹੋਈ ਠੱਗੀ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਮੇਲ ’ਤੇ ਇੱਕ ਮੈਸੇਜ ਆਇਆ ਜਿਸ ’ਚ ਉਸਨੂੰ ਇੱਕ ਕੰਪਨੀ ਨੇ ਘਰ ਬੈਠ ਕੇ ਕੰਮ ਕਰ ਪ੍ਰਤੀ ਹਫ਼ਤਾ 15,000 ਰੁਪਏ ਕਮਾਉਣ ਦਾ ਆਫ਼ਰ ਦਿੱਤਾ। ਨੌਜਵਾਨ ਅਨੁਸਾਰ ਉਸਨੇ ਕੰਪਨੀ ਵਲੋਂ ਭੇਜਿਆ ਟਾਰਗੇਟ ਕਿ ਹਫ਼ਤੇ ’ਚ 7000 ‘ਕੈਪਚਾ’ ਭਰਨੇ ਹਨ ਜਿਸ ’ਤੇ ਉਸਨੇ 2 ਦਿਨ ਕੰਮ ਕਰਨ ਤੋਂ ਬਾਅਦ ਕੰਪਨੀ ਨੂੰ ਜਵਾਬ ਦੇ ਦਿੱਤਾ। ਇਸ ਠੱਗੀ ਮਾਰਨ ਵਾਲੀ ਕੰਪਨੀ ਨੇ ਉਸਦਾ ਪਛਾਣ ਪੱਤਰ ਵੀ ਪਹਿਲਾਂ ਮੰਗਵਾ ਲਿਆ ਸੀ ਅਤੇ ਉਸ ਨੂੰ ਫੋਨ ਆਇਆ ਕਿ ਉਸਨੇ ਕੰਪਨੀ ਦੇ ਨਿਯਮ ਤੋੜੇ ਹਨ ਅਤੇ ਉਸ ਖ਼ਿਲਾਫ਼ 420 ਅਤੇ ਹੋਰ ਵੱਖ-ਵੱਖ ਧਾਰਾਵਾਂ ਅਧੀਨ ਗੁਜਰਾਤ ਵਿਖੇ ਪਰਚਾ ਦਰਜ ਹੋ ਗਿਆ ਹੈ ਅਤੇ ਨਾਲ ਹੀ ਇੱਕ ਜਾਅਲੀ ਵਕੀਲ ਦਾ ਫੋਨ ਆਉਂਦਾ ਹੈ ਕਿ ਜੇਕਰ ਉਸਨੇ 8750 ਰੁਪਏ ਉਸਨੇ 12 ਵਜੇ ਤੱਕ ਦੱਸੇ ਗਏ ਬੈਂਕ ਖਾਤੇ ਵਿਚ ਨਾ ਜਮ੍ਹਾਂ ਕਰਵਾਏ ਤਾਂ ਉਸ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕਰਦਿਆਂ ਭਾਰੀ ਜ਼ੁਰਮਾਨਾ ਵੀ ਅਦਾ ਕਰਨਾ ਪੈ ਸਕਦਾ ਹੈ। ਆਪਣੇ ’ਤੇ ਹੋਈ ਐੱਫ.  ਆਈ.ਆਰ. ਤੋਂ ਡਰਦਿਆਂ ਨੌਜਵਾਨ ਨੇ 5000 ਰੁਪਏ ਜਾਅਲੀ ਵਕੀਲ ਵਲੋਂ ਦੱਸੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੇ ਪਰ ਉਸ ਤੋਂ ਕੁਝ ਸਮੇਂ ਬਾਅਦ ਹੀ ਫਿਰ ਇੱਕ ਫੋਨ ਆਉਂਦਾ ਹੈ ਕਿ ਇਸ ਖਾਤੇ ’ਚ ਹੋਰ ਪੈਸੇ ਜਮ੍ਹਾਂ ਕਰਵਾਏ ਜਾਣ ਨਹੀਂ ਤਾਂ ਉਸਨੂੰ ਗੁਜਰਾਤ ਅਦਾਲਤ ਵਿਚ ਆ ਕੇ ਪੇਸ਼ ਹੋਣਾ ਪਵੇਗਾ।

ਇਹ ਵੀ ਪੜ੍ਹੋ : ਬਸਪਾ ਤੇ ਦਲਿਤਾਂ ’ਤੇ ਟਿੱਪਣੀ ਕਰਨ ਦੇ ਮਾਮਲੇ ’ਚ ਰਵਨੀਤ ਬਿੱਟੂ ਖ਼ਿਲਾਫ਼ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ

ਨੌਜਵਾਨ ਵਲੋਂ ਜਦੋਂ ਜਾਅਲੀ ਵਕੀਲ ਨਾਲ ਬਹਿਸ ਕੀਤੀ ਗਈ ਤਾਂ ਫਿਰ ਉਸਨੇ ਗੁਜਰਾਤ ਸਿਵਲ ਕੋਰਟ ਵਲੋਂ ਜਾਰੀ ਕੀਤਾ ਗਿਆ ਨੋਟਿਸ ਭੇਜਿਆ ਜਿਸ ਵਿਚ ਲਿਖਿਆ ਗਿਆ ਕਿ ਤੁਹਾਨੂੰ ਅਦਾਲਤ ਨੇ ਜ਼ੁਰਮਾਨਾ ਅਦਾ ਕਰਨ ਲਈ ਸਮਾਂ ਦਿੱਤਾ ਸੀ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਜਿਸ ਲਈ ਅਦਾਲਤ ਤੁਹਾਡੇ ਖਿਲਾਫ਼ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ ਅਤੇ ਨੋਟਿਸ ਵਿਚ ਇਹ ਵੀ ਲਿਖਿਆ ਕਿ ਜੇਕਰ 2 ਦਿਨਾਂ ’ਚ ਤੁਸੀਂ ਅਦਾਲਤ ਵਿਚ ਪੇਸ਼ ਨਾ ਹੋਏ ਤਾਂ ਤੁਹਾਨੂੰ 2,24,530 ਰੁਪਏ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ। ਅਦਾਲਤ ਦੇ ਇਸ ਨੋਟਿਸ ਵਿਚ ਭਾਰਤ ਦੇ ਰਾਸ਼ਟਰੀ ਚਿੰਨ੍ਹ ਦੀ ਵਰਤੋ ਵੀ ਕੀਤੀ ਹੋਈ ਸੀ ਜਿਸ ਹੇਠਾਂ ‘ਸਤਯਮ ਜਅਤੇ’ ਲਿਖਿਆ ਸੀ ਜੋ ਸਿੱਧੇ ਤੌਰ ’ਤੇ ਸੰਵਿਧਾਨ ਦੀ ਉਲੰਘਣਾ ਹੈ। ਅਦਾਲਤੀ ਨੋਟਿਸ ਭੇਜਣ ਤੋਂ ਬਾਅਦ ਗੁਜਰਾਤ ’ਚ ਬੈਠਾ ਜਾਅਲੀ ਵਕੀਲ ਨੌਜਵਾਨ ਨੂੰ ਫੋਨ ਕਰ ਧਮਕਾਉਂਦਾ ਰਿਹਾ ਕਿ ਜੇਕਰ ਉਸਨੇ ਪੈਸੇ ਅਦਾ ਨਾ ਕੀਤੇ ਤਾਂ ਉਹ ਵੱਡੀ ਮੁਸੀਬਤ ਵਿਚ ਘਿਰ ਜਾਵੇਗਾ। ਠੱਗੀ ਦਾ ਸ਼ਿਕਾਰ ਤੇ ਘਬਰਾਏ ਇਸ ਨੌਜਵਾਨ ਨੇ ਸਾਰਾ ਮਾਮਲਾ ਪੱਤਰਕਾਰਾਂ ਦੇ ਧਿਆਨ ਵਿਚ ਲਿਆਂਦਾ ਅਤੇ ਜਦੋੀ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਕੰਪਨੀ ਫਰਾਡ ਨਿਕਲੀ ਅਤੇ ਅਦਾਲਤ ਦੇ ਨਾਮ ’ਤੇ ਜੋ ਠੱਗੀ ਮਾਰੀ ਜਾ ਰਹੀ ਸੀ ਉਹ ਵੀ ਇਹ ਸ਼ਾਤਿਰ ਠੱਗ ਫੋਨ ਕਰਨੇ ਬੰਦ ਕਰ ਗਏ। ਮਾਣਯੋਗ ਅਦਾਲਤ ਦੇ ਨਾਮ ’ਤੇ ਝੂਠੀ ਐੱਫ.ਆਈ.ਆਰ. ਦਰਜ਼ ਕਰ ਬਲੈਕਮੇਲ ਕਰਨ ਵਾਲੇ ਇਨ੍ਹਾਂ ਠੱਗਾਂ ਤੋਂ ਜਿੱਥੇ ਸੁਚੇਤ ਰਹਿਣ ਦੀ ਲੋਡ਼ ਹੈ ਉੱਥੇ ਸਰਕਾਰ ਤੇ ਪ੍ਰਸਾਸ਼ਨ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਠੱਗਾਂ ਦੇ ਹੌਂਸਲੇ ਐਨੇ ਬੁਲੰਦ ਹੋ ਰਹੇ ਹਨ ਕਿ ਉਹ ਅਦਾਲਤਾਂ ਦੇ ਨਾਮ ’ਤੇ ਠੱਗੀ ਮਾਰਨ ਤੋਂ ਵੀ ਡਰਦੇ ਨਹੀਂ।

ਇਹ ਵੀ ਪੜ੍ਹੋ : CBSE 12ਵੀਂ ਦੇ ਮੁੱਲਾਂਕਣ ਫਾਰਮੂਲੇ ਨੇ ਵਿਦਿਆਰਥੀਆਂ ਨੂੰ ਉਲਝਾਇਆ, ਜਤਾ ਰਹੇ ਨੇ ਇਤਰਾਜ਼

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 


author

Anuradha

Content Editor

Related News