ਭੈਣ-ਭਰਾ ਦਾ ਕਾਰਾ ਜਾਣ ਹੋਵੋਗੇ ਹੈਰਾਨ, ਜੋੜੇ ਨੂੰ USA ਦੇ ਸੁਫ਼ਨੇ ਵਿਖਾ ਸਾਜਿਸ਼ ਰਚ ਕੇ ਕੀਤੀ ਵੱਡੀ ਠੱਗੀ
Sunday, Jun 30, 2024 - 07:05 PM (IST)
ਜਲੰਧਰ (ਜ. ਬ.)–ਤਰਨਤਾਰਨ ਦੇ ਏਜੰਟਾਂ ਨੇ ਉਥੋਂ ਦੇ ਜੋੜੇ ਨੂੰ ਯੂ. ਐੱਸ. ਏ. ਭੇਜਣ ਦੇ ਨਾਂ ’ਤੇ 55 ਲੱਖ ਰੁਪਏ ਠੱਗ ਲਏ। 55 ਲੱਖ ਵਿਚੋਂ 30 ਲੱਖ ਰੁਪਏ ਏਜੰਟ ਨੇ ਆਪਣੀ ਭੈਣ ਅਤੇ ਇਕ ਹੋਰ ਔਰਤ ਨਾਲ ਆ ਕੇ ਜਲੰਧਰ ਵਿਚ ਲਏ ਸਨ, ਜਦਕਿ 25 ਲੱਖ ਰੁਪਏ ਤਰਨਤਾਰਨ ਵਿਚ ਲਏ ਸਨ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਟ੍ਰੈਵਲ ਏਜੰਟ ਹਰਜਸਕਰਨ ਪੁੱਤਰ ਬਲਦੇਵ ਸਿੰਘ ਨਿਵਾਸੀ ਗੋਇੰਦਵਾਲ ਰੋਡ ਤਰਨਤਾਰਨ, ਉਸ ਦੀ ਭੈਣ ਅਨਮੋਲਪ੍ਰੀਤ ਕੌਰ ਅਤੇ ਸਰਬਜੀਤ ਕੌਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੁਖਰਾਜ ਸਿੰਘ ਪੁੱਤਰ ਮੁਖਰਾਜ ਸਿੰਘ ਨਿਵਾਸੀ ਜਸਵੰਤ ਵਾਲੀ ਗਲੀ ਮੁਹੱਲਾ ਤਰਨਤਾਰਨ ਨੇ ਕਿਹਾ ਕਿ ਜਨਵਰੀ 2023 ਵਿਚ ਕਿਸੇ ਜਾਣਕਾਰ ਜ਼ਰੀਏ ਉਹ ਏਜੰਟ ਹਰਜਸਕਰਨ ਸਿੰਘ, ਉਸ ਦੀ ਭੈਣ ਅਨਮੋਲਪ੍ਰੀਤ ਕੌਰ ਅਤੇ ਸਰਬਜੀਤ ਕੌਰ ਨੂੰ ਮਿਲੇ ਸਨ। ਉਸ ਨੇ ਆਪਣੇ ਮਾਤਾ-ਪਿਤਾ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਤਾਂ ਏਜੰਟਾਂ ਨੇ 25 ਲੱਖ ਰੁਪਏ ਪ੍ਰਤੀ ਵਿਅਕਤੀ ਅਤੇ 75 ਲੱਖ ਰੁਪਏ ਵੱਖਰੇ ਲੈਣ ਦੀ ਗੱਲ ਕਹੀ ਪਰ ਬਾਅਦ ਵਿਚ 60 ਲੱਖ ਰੁਪਏ ਐਡਵਾਂਸ ਅਤੇ ਬਾਕੀ ਦੇ ਪੈਸੇ ਵਿਦੇਸ਼ ਪਹੁੰਚਣ ’ਤੇ ਦੇਣ ਦੀ ਗੱਲ ਤੈਅ ਹੋਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਸਾਬਕਾ ਸਰਪੰਚ ਦਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਮਾਰਚ 2023 ਦੇ ਪਹਿਲੇ ਹਫ਼ਤੇ ਹਰਜਸਕਰਨ ਸਿੰਘ ਦਾ ਫੋਨ ਆਇਆ ਕਿ ਉਹ ਦਿੱਲੀ ਜਾ ਰਿਹਾ ਹੈ ਅਤੇ ਉਥੋਂ ਹੀ ਕੰਮ ਦੀ ਸ਼ੁਰੂਆਤ ਹੋਣੀ ਹੈ। ਅਜਿਹੇ ਵਿਚ ਜਲੰਧਰ ਦੇ ਖਾਲਸਾ ਕਾਲਜ ਨੇੜੇ 30 ਲੱਖ ਰੁਪਏ, ਪਾਸਪੋਰਟ ਅਤੇ ਦਸਤਾਵੇਜ਼ ਲੈ ਕੇ ਪਹੁੰਚ ਜਾਓ। ਉਥੇ ਪੁਖਰਾਜ ਸਿੰਘ ਨੇ ਉਨ੍ਹਾਂ ਨੂੰ 30 ਲੱਖ ਰੁਪਏ ਅਤੇ ਹੋਰ ਦਸਤਾਵੇਜ਼ ਦੇ ਦਿੱਤੇ। ਅਪ੍ਰੈਲ 2023 ਨੂੰ ਏਜੰਟ ਨੇ ਦੁਬਾਰਾ ਫੋਨ ਕਰਕੇ ਕਿਹਾ ਕਿ ਉਨ੍ਹਾਂ ਦਾ ਕੰਮ ਹੋ ਚੁੱਕਾ ਹੈ ਅਤੇ ਹੁਣ ਬਾਕੀ ਦੇ ਪੈਸੇ ਵੀ ਦੇਣੇ ਹੋਣਗੇ। ਪੁਖਰਾਜ ਸਿੰਘ ਨੇ ਕਿਸੇ ਤਰ੍ਹਾਂ ਇੰਤਜ਼ਾਮ ਕਰ ਕੇ ਏਜੰਟ ਨੂੰ ਤਰਨਤਾਰਨ ਵਿਚ ਹੀ 25 ਲੱਖ ਰੁਪਏ ਹੋਰ ਦੇ ਦਿੱਤੇ। ਉਹ ਪੈਸੇ ਹਰਜਸਕਰਨ ਸਿੰਘ ਅਤੇ ਅਨਮੋਲਪ੍ਰੀਤ ਕੌਰ ਗੱਡੀ ਵਿਚ ਲੈਣ ਲਈ ਆਏ ਸਨ। ਪੈਸੇ ਲੈ ਕੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੇ ਆਫਿਸ ਵਿਚ ਆ ਕੇ ਕਦੀ ਵੀ ਵੀਜ਼ਾ ਲੈ ਜਾਣ।
ਇਹ ਵੀ ਪੜ੍ਹੋ- ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਵੱਡੇ ਡਾਕਖਾਨੇ ਦੇ ਬਾਹਰ ਹੋਈ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ
ਪੁਖਰਾਜ ਨੇ ਕਿਹਾ ਕਿ ਉਸ ਨੇ ਏਜੰਟਾਂ ਦੇ ਆਫਿਸ ਦੇ ਕਈ ਚੱਕਰ ਲਾਏ ਪਰ ਉਹ ਟਾਲ-ਮਟੋਲ ਕਰਨ ਲੱਗੇ। ਆਖਿਰਕਾਰ ਉਹ ਮੰਨ ਗਏ ਕਿ ਉਨ੍ਹਾਂ ਦਾ ਵੀਜ਼ਾ ਨਹੀਂ ਆਇਆ ਅਤੇ ਉਹ ਉਨ੍ਹਾਂ ਦੇ 55 ਲੱਖ ਰੁਪਏ ਮੋੜ ਦੇਣਗੇ। ਮੋਹਾਲੀ ਵਿਚ ਉਨ੍ਹਾਂ ਦੀ ਏਜੰਟ ਨਾਲ ਮੀਟਿੰਗ ਵੀ ਹੋਈ ਪਰ ਲਾਰੇ ਲਾ ਕੇ ਉਹ ਉਥੋਂ ਚਲਾ ਗਿਆ। ਬਾਅਦ ਵਿਚ ਪਤਾ ਲੱਗਾ ਕਿ ਉਕਤ ਏਜੰਟਾਂ ਨੇ ਪਹਿਲਾਂ ਵੀ ਕਈ ਲੋਕਾਂ ਨਾਲ ਠੱਗੀਆਂ ਮਾਰੀਆਂ ਹਨ ਅਤੇ ਹੁਣ ਆਪਣਾ ਆਫਿਸ ਬੰਦ ਕਰਕੇ ਫ਼ਰਾਰ ਹੋ ਗਏ ਹਨ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: PUBG ਦੀ ਦੀਵਾਨਗੀ ਨੇ ਲਈ 12ਵੀਂ ਦੇ ਵਿਦਿਆਰਥੀ ਦੀ ਜਾਨ, ਮਾਂ ਨੇ ਰੋਕਿਆ ਤਾਂ ਕਰ ਲਈ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।