6 ਘੰਟਿਆਂ ’ਚ ਠੱਗੀ ਦੀਆਂ ਦੋ ਵੱਡੀਆਂ ਵਾਰਦਾਤਾਂ, ਨਕਦੀ, ਡਾਲਰ ਤੇ 20 ਲੱਖ ਦੇ ਗਹਿਣੇ ਉਡਾਏੇ

Wednesday, Jul 11, 2018 - 06:18 AM (IST)

6 ਘੰਟਿਆਂ ’ਚ ਠੱਗੀ ਦੀਆਂ ਦੋ ਵੱਡੀਆਂ ਵਾਰਦਾਤਾਂ, ਨਕਦੀ, ਡਾਲਰ ਤੇ 20 ਲੱਖ ਦੇ ਗਹਿਣੇ ਉਡਾਏੇ

ਚੰਡੀਗਡ਼੍ਹ, (ਸੁਸ਼ੀਲ)- ਗੱਡੀ ਦੇ ਬਾਹਰ 10-10 ਰੁਪਏ ਦੇ ਨੋਟ ਸੁੱਟ ਕੇ ਚਾਲਕ ਨੂੰ ਚਕਮਾ ਦੇ ਕੇ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਨੇ ਸੈਕਟਰ-22 ਦੀ ਮਾਰਕੀਟ ’ਚ ਮੰਗਲਵਾਰ ਨੂੰ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪਹਿਲੀ ਵਾਰਦਾਤ ’ਚ ਗਿਰੋਹ ਦੇ ਚਾਰ ਮੈਂਬਰਾਂ  ਨੇ ਗੱਡੀ ’ਚੋਂ 1000 ਡਾਲਰ, ਲੈਪਟਾਪ,  ਦੋ ਮੋਬਾਇਲ ਤੇ ਪਾਸਪੋਰਟ ਚੁੱਕ ਲਿਆ। ਦੂਜੀ ਵਾਰਦਾਤ ’ਚ ਐੱਨ. ਆਰ. ਆਈ. ਦੀ ਗੱਡੀ ’ਚੋਂ 5 ਲੱਖ ਕੈਸ਼ ਅਤੇ 20 ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਐੱਨ. ਆਰ. ਆਈ. ਨੇ ਚੋਰੀ ਹੋਏ ਸਾਮਾਨ ਦੀ ਕੀਮਤ 20 ਲੱਖ ਰੁਪਏ ਦੱਸੀ ਹੈ। ਪੁਲਸ ਨੂੰ ਸੈਕਟਰ-22 ਸਥਿਤ ਇਕ ਹੋਟਲ ਤੋਂ ਸੀ. ਸੀ. ਟੀ. ਵੀ.  ਫੁਟੇਜ ਮਿਲੀ ਹੈ, ਜਿਸ ਵਿਚ ਘਟਨਾ ਕੈਦ ਹੋ ਗਈ। ਸੈਕਟਰ-17 ਥਾਣਾ ਪੁਲਸ ਨੇ ਮਾਮਲਾ ਦਰਜ ਕਰ ਕੇ ਇਸ ਗਿਰੋਹ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਨੋਟ ਖਿਲਾਰ ਕੇ ਦਿੱਤਾ ਝਾਂਸਾ,  ਉਡਾ ਕੇ ਲੈ ਗਏ 1000 ਡਾਲਰ, ਲੈਪਟਾਪ ਅਤੇ ਦੋ ਮੋਬਾਇਲ
 ਚੰਡੀਗਡ਼੍ਹ, (ਰਮੇਸ਼ ਹਾਂਡਾ)- ਸੈਕਟਰ-22ਏ ਦੀ ਮਾਰਕੀਟ ਦੀ ਪਾਰਕਿੰਗ ’ਚ ਇਕ ਕਾਰੋਬਾਰੀ ਨੂੰ ਚਾਰ ਠੱਗਾਂ ਨੇ ਸ਼ਿਕਾਰ ਬਣਾ ਕੇ 1000 ਡਾਲਰ, ਲੈਪਟਾਪ  ਤੇ ਦੋ ਮੋਬਾਇਲ ਲੁੱਟ ਲਏ। ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ ਪਰ ਹਾਲੇ ਕਿਸੇ ਦੀ ਗ੍ਰਿਫਤਾਰੀ ਦੀ ਸੂਚਨਾ ਨਹੀਂ ਹੈ।  
 ਠੱਗੀ ਦਾ ਸ਼ਿਕਾਰ ਹੋਏ ਹਿਮਾਂਸ਼ੂ ਬਡ਼ਥਵਾਲ ਨੇ ਦੱਸਿਆ ਕਿ ਉਹ ਦੁਪਹਿਰੇ ਆਪਣੇ ਇਮੀਗ੍ਰੇਸ਼ਨ ਦਫ਼ਤਰ ਐੱਸ. ਸੀ. ਓ. ਨੰਬਰ 1128 ਤੋਂ ਨਿਕਲ ਕੇ ਪਾਰਕਿੰਗ ’ਚ ਖਡ਼੍ਹੀ ਆਪਣੀ ਕਾਰ ’ਚ ਬੈਠੇ ਹੀ ਸਨ ਕਿ ਇਕ ਲਡ਼ਕਾ ਆਇਆ ਅਤੇ ਹੇਠਾਂ ਸਾਮਾਨ  ਡਿਗਿਆ ਹੋਣ ਦੀ ਗੱਲ ਕਹਿ ਕੇ ਅੱਗੇ ਨਿਕਲ ਗਿਆ।  ਹਿਮਾਂਸ਼ੂ ਫੋਨ ਕਾਲ ਤੋਂ ਫ੍ਰੀ ਹੋ ਕੇ ਕਾਰ  ’ਚੋਂ ਹੇਠਾਂ ਉਤਰਿਆ ਤਾਂ ਵੇਖਿਆ ਕਿ ਕਾਰ ਕੋਲ ਹੀ ਕੁਝ ਨੋਟ ਖਿੱਲਰੇ ਹੋਏ ਸਨ। ਇਨ੍ਹਾਂ ਨੂੰ ਉਹ ਆਪਣਾ ਸਮਝ ਕੇ ਚੁੱਕਣ ਲੱਗਾ। ਹਿਮਾਂਸ਼ੂ  ਅਨੁਸਾਰ ਉਸ ਨੂੰ ਧਿਆਨ ਆਇਆ ਕਿ ਉਹ ਤਾਂ ਕਾਰ ’ਚ ਹਾਲੇ ਆ ਕੇ ਬੈਠਾ  ਹੀ ਹੈ ਅਤੇ ਇਹ ਨੋਟ ਉਸ ਦੇ ਨਹੀਂ ਹਨ। ਸ਼ੱਕ ਹੋਣ ’ਤੇ ਉਹ ਉੱਠ  ਪਿਆ ਅਤੇ ਪਿਛਲੀ ਸੀਟ ’ਤੇ ਵੇਖਿਆ ਤਾਂ ਉਸ ਦਾ ਬੈਗ ਗਾਇਬ ਸੀ। ਲਡ਼ਕੇ ਉਸ ਦਾ ਕਾਰ ’ਚ ਰੱਖਿਆ ਬੈਗ ਕੱਢ ਕੇ ਫਰਾਰ ਹੋ ਚੁੱਕੇ ਸਨ।  ਬੈਗ ’ਚ 1000 ਅਮਰੀਕੀ ਡਾਲਰ, ਲੈਪਟਾਪ, ਦੋ ਮੋਬਾਇਲ ਅਤੇ ਉਨ੍ਹਾਂ ਦਾ ਪਾਸਪੋਰਟ ਸੀ। ਹਿਮਾਂਸ਼ੂ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ ਅਤੇ ਨੇਡ਼ੇ ਦੇ ਇਕ ਸ਼ੋਅਰੂਮ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਹਾਸਲ ਕਰ ਲਈ,  ਜਿਸ ’ਚ ਪੂਰੀ ਘਟਨਾ ਕੈਦ ਹੈ।  
 ਸੈਕਟਰ-35 ’ਚ ਮਿਲਿਆ ਖਾਲੀ ਬੈਗ PunjabKesari
 ਪੁਲਸ ਤਫਤੀਸ਼ ਕਰ ਹੀ ਰਹੀ ਸੀ ਕਿ ਲਗਭਗ 4 ਵਜੇ ਹਿਮਾਂਸ਼ੂ ਨੂੰ ਸੈਕਟਰ-35 ਤੋਂ ਇਕ ਵਿਅਕਤੀ ਦਾ ਫੋਨ ਆਇਆ, ਜਿਸਨੇ ਦੱਸਿਆ ਕਿ ਉਨ੍ਹਾਂ ਦੇ  ਵਿਜ਼ਿਟਿੰਗ ਕਾਰਡ ਪਾਰਕਿੰਗ ’ਚ ਖਡ਼੍ਹੀ ਇਕ ਰੇਹਡ਼ੀ  ਕੋਲ ਖਿਲਰੇ ਹੋਏ ਹਨ ਅਤੇ ਇਕ ਬੈਗ ਵੀ ਪਿਆ ਹੈ। ਹਿਮਾਂਸ਼ੂ ਅਤੇ ਪੁਲਸ ਨੇ ਮੌਕੇ ’ਤੇ ਜਾ ਕੇ ਬੈਗ ਬਰਾਮਦ ਕੀਤਾ ਪਰ ਉਸ ’ਚ ਰੱਖਿਆ ਸਾਰਾ ਸਾਮਾਨ ਗਾਇਬ ਸੀ। ਪੁਲਸ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਨ ’ਚ ਲੱਗੀ ਹੋਈ ਹੈ ਪਰ ਦੇਰ ਸ਼ਾਮ ਤਕ ਕਿਸੇ  ਦੋਸ਼ੀ ਦੀ ਪਹਿਚਾਣ ਨਹੀਂ ਹੋ ਸਕੀ ਸੀ। 
ਮਾਂ ਨੂੰ ਕਿਹਾ, ਤੁਹਾਡਾ ਪੁੱਤਰ ਸੱਦ ਰਿਹਾ ਹੈ ਤੇ ਚੁੱਕ ਕੇ ਲੈ ਗਏ ਬੈਗ 
 ਦੂਜੀ ਘਟਨਾ ਸ਼ਾਮ ਸਾਢੇ 7 ਵਜੇ ਵਾਪਰੀ। ਮੋਹਾਲੀ ਫੇਜ਼-3 ਨਿਵਾਸੀ ਐੱਨ. ਆਰ. ਆਈ. ਸ਼ਮਿੰਦਰ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਸੈਕਟਰ-22 ਦੀ ਮਾਰਕੀਟ ’ਚ ਆਇਆ ਸੀ। ਉਹ ਆਪਣੀ ਮਾਂ ਨੂੰ ਇਨੋਵਾ ਗੱਡੀ ਨੰਬਰ ਸੀ. ਐੱਚ. 032-3650 ’ਚ ਬਿਠਾ ਕੇ ਖਰੀਦਦਾਰੀ ਲਈ ਚਲਿਆ ਗਿਆ। ਇੰਨੇ ’ਚ ਇਕ ਲਡ਼ਕਾ ਉਸਦੀ ਮਾਂ ਕੋਲ ਆਇਆ। ਲਡ਼ਕੇ ਨੇ ਉਨ੍ਹਾਂ ਨੂੰ ਕਿਹਾ ਕਿ ਇਕ ਵਿਅਕਤੀ ਉਨ੍ਹਾਂ ਨੂੰ ਦੁਕਾਨ ’ਚ ਸੱਦ ਰਿਹਾ ਹੈ। ਉਹ ਗੱਡੀ ’ਚੋਂ ਉਤਰ ਕੇ ਦੁਕਾਨ ਵੱਲ ਗਈ ਤਾਂ ਇਸ ਦੌਰਾਨ ਉਸ ਲਡ਼ਕੇ ਦੇ ਸਾਥੀਆਂ ਨੇ ਗੱਡੀ ਦੀ ਪਿਛਲੀ ਖਿਡ਼ਕੀ ਖੋਲ੍ਹ ਕੇ ਗਹਿਣੇ ਤੇ ਰੁਪਿਆਂ ਦਾ ਭਰਿਆ ਬੈਗ ਚੋਰੀ ਕਰ ਲਿਆ। ਮਾਂ-ਪੁੱਤਰ ਵਾਪਸ ਆਏ ਤਾਂ ਗੱਡੀ ਦੀ ਸੀਟ ’ਤੇ ਰੱਖਿਆ ਬੈਗ ਗਾਇਬ ਸੀ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਇੰਚਾਰਜ ਮਨਿੰਦਰ ਸਿੰਘ ਅਤੇ ਸੈਕਟਰ-22 ਚੌਕੀ ਇੰਚਾਰਜ ਮੌਕੇ ’ਤੇ ਪਹੁੰਚੇ। ਸ਼ਮਿੰਦਰ ਨੇ ਦੱਸਿਆ ਕਿ ਚੋਰੀ ਹੋਏ ਬੈਗ ’ਚ ਪੰਜ ਲੱਖ ਕੈਸ਼ ਅਤੇ 20 ਤੋਲੇ ਸੋਨੇ  ਦੇ ਗਹਿਣੇ ਸਨ। ਉਸ ਨੇ ਦੱਸਿਆ ਕਿ ਇਕ ਅੰਗੂਠੀ ਤਾਂ ਉਸਨੇ ਅੱਜ ਹੀ ਸ਼ਾਮ ਕਰੀਬ ਛੇ ਵਜੇ ਖਰੀਦੀ ਸੀ।  
 ਪਾਰਕਿੰਗ ’ਚ ਲੱਗੇ ਕੈਮਰੇ ਸਨ ਬੰਦ 
 ਚੰਡੀਗਡ਼੍ਹ ਪੁਲਸ ਨੇ ਗਿਰੋਹ ਦੀ ਪਛਾਣ ਕਰਨ ਲਈ ਪਾਰਕਿੰਗ  ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਪਰ ਸਾਰੇ ਕੈਮਰੇ ਬੰਦ ਮਿਲੇ, ਗਿਰੋਹ  ਦੇ ਮੈਂਬਰਾਂ ਦੇ ਚਿਹਰੇ ਇਕ ਹੋਟਲ ਦੇ ਬਾਹਰ ਲੱਗੇ ਸੀ. ਸੀ. ਟੀ. ਵੀ.  ਕੈਮਰੇ ’ਚ ਕੈਦ ਹੋ ਗਏ।   


Related News