ਮੁੰਡੇ ਨੂੰ ਵਿਦੇਸ਼ ਭੇਜਣ ਦੇ ਚੱਕਰ ''ਚ ਪਰਿਵਾਰ ਨੇ ਗੁਆ ਲਏ 31 ਲੱਖ ਰੁਪਏ, ਕੈਨੇਡਾ ਪੁੱਜਦੇ ਹੀ ਲਾੜੀ ਨੇ ਬਦਲੇ ਤੇਵਰ
Monday, Aug 23, 2021 - 05:20 PM (IST)

ਨਵਾਂਸ਼ਹਿਰ (ਤ੍ਰਿਪਾਠੀ, ਜ. ਬ.)– ਲੜਕੇ ਨੂੰ ਕੈਨੇਡਾ ਲਿਜਾਣ ਤਹਿਤ ਵਿਆਹ ਕਰਵਾ ਕੇ ਪੜ੍ਹਾਈ ਅਤੇ ਵਿਆਹ ’ਤੇ ਕਰੀਬ 31 ਲੱਖ ਰੁਪਏ ਦਾ ਖ਼ਰਚਾ ਕਰਵਾ ਕੇ ਧੋਖਾਦੇਹੀ ਕਰਨ ਦੇ ਦੋਸ਼ ਵਿਚ ਪੁਲਸ ਨੇ ਲੜਕੀ ਅਤੇ ਉਸ ਦੇ ਮਾਪਿਆਂ ਸਮੇਤ 4 ਲੋਕਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਆਈ. ਜੀ. ਲੁਧਿਆਣਾ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮਹਿੰਦੀਪੁਰ (ਬਲਾਚੌਰ) ਨੇ ਦੱਸਿਆ ਕਿ ਉਹ ਮਕੈਨਿਕ ਦਾ ਕੰਮ ਕਰਦਾ ਹੈ ਜਦਕਿ ਉਸ ਦੀ ਪਤਨੀ ਸਰਕਾਰੀ ਅਧਿਆਪਕਾ ਦੇ ਤੌਰ ’ਤੇ ਸੇਵਾ ਮੁਕਤ ਹੋਈ ਹੈ।
ਉਸ ਨੇ ਦੱਸਿਆ ਕਿ ਉਸ ਦਾ ਲੜਕਾ ਅਰਸ਼ਪ੍ਰੀਤ ਸਿੰਘ 12ਵੀਂ ਪਾਸ ਹੈ ਅਤੇ ਉਸ ਦੇ ਨਾਲ ਮਕੈਨਿਕ ਦਾ ਕੰਮ ਕਰਦਾ ਹੈ ਅਤੇ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ। ਉਸ ਨੇ ਦੱਸਿਆ ਕਿ ਉਸ ਦੀ ਜਾਣ-ਪਛਾਣ ਵਾਲੇ ਇਕ ਵਿਅਕਤੀ ਦੀ ਮਾਰਫ਼ਤ ਉਨ੍ਹਾਂ ਦੀ ਗੱਲ ਜਗਤਪੁਰ ਵਾਸੀ ਸੁੱਚਾ ਸਿੰਘ ਨਾਲ ਹੋਈ। ਸੁੱਚਾ ਸਿੰਘ ਦੀ ਕੁੜੀ ਕਿਰਨਦੀਪ ਕੌਰ ਨੇ ਆਈਲੈੱਟਸ ਪਾਸ ਕੀਤੀ ਸੀ। ਜਿਨ੍ਹਾਂ ਦੱਸਿਆ ਕਿ ਉਹ ਆਪਣੀ ਲੜਕੀ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਵਿਦੇਸ਼ ਭੇਜਣ ਦੇ ਪੈਸੇ ਨਹੀਂ ਹਨ ਅਤੇ ਨਾ ਹੀ ਵਿਆਹ ਲਈ ਪੈਸੇ ਹਨ।
ਇਹ ਵੀ ਪੜ੍ਹੋ: ਜਲੰਧਰ ਵਿਖੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਅੱਜ ਉਲੀਕੀ ਜਾਵੇਗੀ ਅਗਲੀ ਰਣਨੀਤੀ
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਾਣ-ਪਛਾਣ ਵਾਲੇ ਲੋਕਾਂ ਦੀ ਮੌਜੂਦਗੀ ਵਿਚ ਉਨ੍ਹਾਂ ਉਕਤ ਸੁੱਚਾ ਸਿੰਘ ਨਾਲ ਕਰਾਰ ਕੀਤਾ ਕਿ ਉਹ ਆਪਣੀ ਲੜਕੀ ਦਾ ਵਿਆਹ ਉਸ ਦੇ ਲੜਕੇ ਨਾਲ ਕਰਵਾ ਦੇਵੇ। ਲੜਕੀ ਨੂੰ ਵਿਦੇਸ਼ ਭੇਜਣ ਅਤੇ ਵਿਆਹ ਦਾ ਖ਼ਰਚਾ ਉਹ ਖ਼ੁਦ ਕਰਨਗੇ। ਉਸ ਨੇ ਦੱਸਿਆ ਕਿ ਉਕਤ ਕਰਾਰ ਦੇ ਉਪਰੰਤ ਉਸ ਨੇ ਵਿਆਹ ’ਤੇ ਕਰੀਬ 16 ਲੱਖ ਅਤੇ ਵਿਦੇਸ਼ ਭੇਜਣ ’ਤੇ 19 ਲੱਖ ਰੁਪਏ ਸਮੇਤ ਕੁੱਲ 35 ਲੱਖ ਰੁਪਏ ਖ਼ਰਚ ਕੀਤੇ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਨੂੰਹ ਉਨ੍ਹਾਂ ਦੇ ਘਰ ਕਰੀਬ 8 ਦਿਨ ਰਹੀ ਅਤੇ ਉਸ ਉਪਰੰਤ ਉਹ ਵਿਦੇਸ਼ ਚਲੀ ਗਈ।
ਉਸ ਨੇ ਦੱਸਿਆ ਕਿ ਇਨ੍ਹਾਂ 8 ਦਿਨਾਂ ’ਚ ਵੀ ਉਕਤ ਕਿਰਨਦੀਪ ਅਤੇ ਉਸ ਦੇ ਲੜਕੇ ਦੇ ਵਿਚਕਾਰ ਪਤੀ-ਪਤਨੀ ਵਾਲਾ ਰਿਸ਼ਤਾ ਨਹੀਂ ਬਣਿਆ, ਜਿਸ ਦੀ ਜਾਣਕਾਰੀ ਉਸ ਦੇ ਲੜਕੇ ਨੇ ਬਾਅਦ ਵਿਚ ਦਿੱਤੀ। ਉਸ ਨੇ ਦੱਸਿਆ ਕਿ ਕੈਨੇਡਾ ਪਹੁੰਚਣ ਉਪਰੰਤ ਕਿਰਨਦੀਪ ਕੌਰ ਨੂੰ ਉਸ ਦੀ ਲੜਕੀ ਕੋਲ ਰਹਿਣਾ ਸੀ ਪਰ ਉਹ ਉਸ ਨਾਲ ਨਹੀਂ ਰਹੀ ਸਗੋਂ ਵੱਖਰੇ ਤੌਰ ’ਤੇ ਰਹੀ। ਉਸ ਨੇ ਦੱਸਿਆ ਕਿ ਵਿਦੇਸ਼ ਜਾਣ ਤੋਂ ਬਾਅਦ ਕਿਰਨਦੀਪ ਨੇ ਉਸ ਦੇ ਲੜਕੇ ਨਾਲ ਕੁਝ ਇਕ ਵਾਰ ਹੀ ਵੱਹਟਸਐੱਪ ’ਤੇ ਗੱਲ ਕੀਤੀ, ਉਹ ਵੀ ਠੀਕ ਢੰਗ ਨਾਲ ਨਹੀਂ। ਉਸ ਨੇ ਦੱਸਿਆ ਕਿ ਵਿਦੇਸ਼ ਪਹੁੰਚ ਕੇ ਉਸ ਦੇ ਲੜਕੇ ਨੂੰ ਵਿਦੇਸ਼ ਨਹੀਂ ਬੁਲਾਇਆ।
ਇਹ ਵੀ ਪੜ੍ਹੋ: ਗੋਰਾਇਆ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸਰਪੰਚ ਨੇ ਪੁਲਸ ਦੀ ਕਾਰਗੁਜ਼ਾਰੀ ਦੀ ਖੋਲ੍ਹੀ ਪੋਲ
ਕਿਰਨਦੀਪ ਕੌਰ ਤੇ ਉਸ ਦੇ ਪਰਿਵਾਰ ਨੇ ਰਚੀ ਸਾਜਿਸ਼
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਿਰਨਦੀਪ ਅਤੇ ਉਸ ਦੇ ਪਰਿਵਾਰ ਨੇ ਸੋਚੀ ਸਮਝੀ ਸਾਜਿਸ਼ ਤਹਿਤ ਉਸ ਦੇ ਲੜਕੇ ਨਾਲ ਵਿਆਹ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਆਈ. ਜੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਇਨਸਾਫ਼ ਦੀ ਮੰਗ ਕਰਦੇ ਕਿਹਾ ਕਿ ਦੋਸ਼ਾਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਐੱਸ. ਐੱਸ. ਖੰਨਾ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਵਿਚ ਦੱਸਿਆ ਕਿ ਕਿਰਨਦੀਪ ਨੇ ਕਰੀਬ 4 ਲੱਖ ਰੁਪਏ ਦਾ ਚੈੱਕ ਅਰਸ਼ਪ੍ਰੀਤ ਸਿੰਘ ਨੂੰ ਵਾਪਸ ਕੀਤਾ ਸੀ ਜਦਕਿ ਸਾਜਿਸ਼ ਤਹਿਤ ਕਰੀਬ 31 ਲੱਖ ਰੁਪਏ ਖ਼ਰਚ ਕਰਵਾਉਣ ਦੇ ਬਾਵਜੂਦ ਉਸ ਦੇ ਲੜਕੇ ਨੂੰ ਵਿਦੇਸ਼ ਨਹੀਂ ਬੁਲਾਇਆ। ਜਾਂਚ ਅਧਿਕਾਰੀ ਦੀ ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਕਿਰਨਦੀਪ ਕੌਰ, ਪਿਤਾ ਸੁੱਚਾ ਸਿੰਘ, ਮਾਤਾ ਲਖਵਿੰਦਰ ਕੌਰ ਅਤੇ ਭਰਾ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਧਾਰਾ 420,120-ਬੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।