ਝੰਡਾ ਚੁੱਕ ਕੇ ਮੰਗਣ ਵਾਲਿਆਂ ਨੇ ਔਰਤ ਕੋਲੋਂ ਠੱਗੇ 9850 ਰੁਪਏ
Thursday, Apr 05, 2018 - 01:06 PM (IST)

ਬੰਗਾ (ਚਮਨ ਲਾਲ, ਰਾਕੇਸ਼)— ਸਿਆਣਿਆਂ ਨੇ ਕਿਹਾ ਹੈ ਕਿ ਜੇਕਰ ਆਪਣੀ ਨੇਕ ਕਮਾਈ 'ਚੋਂ ਕੁਝ ਨਾ ਕੁਝ ਦਾਨ ਦਿਓ ਤਾਂ ਘਰ ਵੱਧਦਾ ਫੁੱਲਦਾ ਹੈ ਅਤੇ ਪਰਿਵਾਰ 'ਚ ਸੁੱਖ-ਸ਼ਾਂਤੀ ਰਹਿੰਦੀ ਹੈ ਪਰ ਜੇਕਰ ਦਾਨ ਮੰਗਣ ਵਾਲੇ ਜਾਂ ਦਾਨ ਲੈਣ ਵਾਲੇ ਦਾਨੀ ਲੋਕਾਂ ਨਾਲ ਠੱਗੀ ਕਰ ਜਾਣ ਤਾਂ ਸੁੱਖ-ਸ਼ਾਂਤੀ ਦੀ ਬਜਾਏ ਘਰ 'ਚ ਕਲੇਸ਼ ਅਤੇ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਕੁਝ ਇਸ ਤਰ੍ਹਾਂ ਦਾ ਹੀ ਹੋਇਆ ਬੰਗਾ ਦੇ ਨਜ਼ਦੀਕੀ ਪਿੰਡ ਸੋਤਰਾ 'ਚ ਜਿੱਥੇ ਬਾਬੇ ਦਾ ਝੰਡਾ ਚੁੱਕ ਕੇ ਬਾਬੇ ਦੇ ਚਾਲੇ 'ਤੇ ਜਾਣ ਲਈ ਮੰਗੀ ਰਾਸ਼ੀ ਦੇ ਨਾਂ 'ਤੇ ਔਰਤ ਕੋਲੋਂ 9850 ਰੁਪਏ ਠੱਗਣ ਦਾ ਪਤਾ ਲੱਗਾ ਹੈ।
ਜਾਣਕਾਰੀ ਦਿੰਦੇ ਸਥਾਨਕ ਪਿੰਡ ਸੋਤਰਾ ਨਿਵਾਸੀ ਸ਼ਾਰਦਾ ਰਾਣੀ ਪਤਨੀ ਰਾਜ ਕੁਮਾਰ ਨੇ ਦੱਸਿਆ ਕਿ ਉਸ ਦਾ ਪਤੀ ਪੁਰਾਣੀ ਦਾਣਾ ਮੰਡੀ ਵਿਖੇ ਹੇਅਰ ਕਟਿੰਗ ਦਾ ਕੰਮ ਕਰਦਾ ਹੈ ਅਤੇ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ। ਉਨ੍ਹਾਂ ਦਾ ਪਤੀ ਕਿਸੇ ਘਰੇਲੂ ਕੰਮ ਲਈ ਬੰਗਾ ਸ਼ਹਿਰ ਗਿਆ ਹੋਇਆ ਸੀ ਅਤੇ ਉਹ ਅਤੇ ਉਸ ਦਾ 11 ਸਾਲ ਦਾ ਬੇਟਾ ਗੋਪਾਲ ਘਰ ਵਿਚ ਇਕੱਲੇ ਸਨ। ਇੰਨੇ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਤਿੰਨ ਨੌਜਵਾਨ ਵਿਅਕਤੀ, ਜਿਨ੍ਹਾਂ ਨੇ ਹੱਥ 'ਚ ਬਾਬਾ ਬਾਲਕ ਨਾਥ ਦੇ ਸਰੂਪ ਵਾਲਾ ਝੰਡਾ ਫੜਿਆ ਹੋਇਆ ਸੀ ਅਤੇ ਜਿਨ੍ਹਾਂ ਨੇ ਭਗਵੇਂ ਪਰਨੇ ਪਾਏ ਹੋਏ ਸਨ, ਆਏ। ਉਨ੍ਹਾਂ ਕਿਹਾ ਕਿ ਉਹ ਬਾਬੇ ਦੇ ਦਰਬਾਰ ਚਾਲਾ ਲੈ ਕੇ ਜਾ ਰਹੇ ਹਨ, ਜੇ ਕੁਝ ਦਾਨ ਵਜੋਂ ਦੇਣਾ ਹੈ ਤਾਂ ਦੇ ਦਿਓ। ਮੈਂ ਉਨ੍ਹਾਂ ਨੂੰ ਬਾਹਰ ਖੜ੍ਹਾ ਕਰ ਘਰ ਦੇ ਅੰਦਰ ਆ ਗਈ ਅਤੇ ਆਪਣੇ ਬੇਟੇ ਦੇ ਹੱਥ 50 ਰੁਪਏ ਭੇਜ ਦਿੱਤੇ। ਜਦੋਂ ਮੇਰਾ ਬੇਟਾ ਉਨ੍ਹਾਂ ਨੂੰ 50 ਰੁਪਏ ਦੇ ਕੇ ਅੰਦਰ ਆਇਆ ਤਾਂ ਉਕਤ ਲੋਕ ਵੀ ਘਰ ਅੰਦਰ ਆ ਗਏ ਅਤੇ ਮੈਨੂੰ ਆਵਾਜ਼ ਮਾਰ ਕੇ ਕਹਿਣ ਲੱਗੇ ਕਿ ਬੀਬੀ ਪਿਆਸ ਲੱਗੀ ਐ, ਪਾਣੀ ਪਿਆ ਦੇ ਪਰ ਉਨ੍ਹਾਂ ਨੇ ਮੇਰੇ ਵੱਲੋਂ ਦਿੱਤਾ ਪਾਣੀ ਪੀਣ ਦੀ ਬਜਾਏ ਸਾਡੇ ਦਰ ਦੀ ਦਹਿਲੀਜ਼ 'ਤੇ ਦੋਵੇਂ ਪਾਸੇ ਰੋੜ੍ਹ ਦਿੱਤਾ ਅਤੇ ਕਹਿਣ ਲੱਗੇ ਬੀਬੀ ਤੇਰੇ ਘਰ 'ਤੇ ਗ੍ਰਹਿ ਹੈ ਅਤੇ ਇਹ ਕਿਸੇ ਨਾ ਕਿਸੇ ਦੀ ਜਾਨ ਜ਼ਰੂਰ ਲਵੇਗਾ।
ਮੈਂ ਉਨ੍ਹਾਂ ਦੀਆਂ ਗੱਲਾਂ 'ਚ ਆ ਗਈ ਅਤੇ ਉਹ ਜੋ ਕੁਝ ਕਹਿੰਦੇ ਰਹੇ, ਮੈਂ ਉਂਝ ਕਰਦੀ ਗਈ। ਉਕਤ ਲੋਕਾਂ ਨੇ ਮੇਰੇ ਕੋਲੋਂ ਹੌਲੀ-ਹੌਲੀ 700, ਫਿਰ 3100 ਅਤੇ ਫਿਰ 6000 ਰੁਪਏ ਕਢਵਾ ਲਏ। ਕੁਝ ਕੁ ਚਿਰ ਮਗਰੋਂ ਮੇਰੇ ਪਤੀ ਜਦੋਂ ਘਰ ਦੇ ਬਾਹਰ ਪੁੱਜੇ ਤਾਂ ਉਕਤ 'ਚੋਂ ਇਕ ਨੇ ਉਨ੍ਹਾਂ ਨੂੰ ਉਸ ਕਮਰੇ 'ਚ ਜਾਣ ਤੋਂ ਰੋਕ ਦਿੱਤਾ ਜਿੱਥੇ ਉਨ੍ਹਾਂ ਦੇ ਬਾਕੀ ਸਾਥੀ ਹਾਜ਼ਰ ਸਨ ਅਤੇ ਉਨ੍ਹਾਂ ਕੋਲੋਂ ਵੀ ਪਾਣੀ ਦੀ ਮੰਗ ਕੀਤੀ ਅਤੇ ਕੁਝ ਹੀ ਮਿੰਟਾਂ 'ਚ ਉਹ ਉਥੋਂ ਚਲੇ ਗਏ। ਉਨ੍ਹਾਂ ਨੇ ਇਸ ਘਟਨਾ ਬਾਰੇ ਬੰਗਾ ਸਿਟੀ ਪੁਲਸ ਨੂੰ ਦੱਸਿਆ ਅਤੇ ਲਿਖਤੀ ਸ਼ਿਕਾਇਤ ਕੀਤੀ।