ਸਿੰਗਾਪੁਰ ''ਚ ਨੌਕਰੀ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਨੇ ਠੱਗੇ 15 ਲੱਖ
Saturday, Mar 24, 2018 - 08:34 AM (IST)

ਮੋਗਾ (ਆਜ਼ਾਦ) - ਜ਼ਿਲੇ ਦੇ ਕੁੱਝ ਨੌਜਵਾਨ ਸਿੰਗਾਪੁਰ 'ਚ ਨੌਕਰੀ ਪ੍ਰਾਪਤ ਕਰਨ ਦੀ ਲਾਲਸਾ 'ਚ ਨਕਲੀ ਟਰੈਵਲ ਏਜੰਟ ਦੇ ਹੱਥੇ ਚੜ੍ਹ ਕੇ ਕਰੀਬ 15 ਲੱਖ ਰੁਪਏ ਦੀ ਠੱਗੀ ਲਵਾ ਚੁੱਕੇ ਹਨ ਪਰ ਠੱਗੀ ਦਾ ਸ਼ਿਕਾਰ ਕੁੱਝ ਨੌਜਵਾਨਾਂ ਵੱਲੋਂ ਉਕਤ ਟਰੈਵਲ ਏਜੰਟ ਨੂੰ ਕਾਬੂ ਕਰ ਕੇ ਥਾਣਾ ਸਿਟੀ ਮੋਗਾ ਪੁਲਸ ਹਵਾਲੇ ਕਰ ਦਿੱਤਾ ਗਿਆ। ਜ਼ਿਲੇ ਦੇ 7 ਲੜਕਿਆਂ ਕਮਲਪ੍ਰੀਤ ਨਿਵਾਸੀ ਭਿੰਡਰ ਕਲਾਂ, ਪ੍ਰਿੰਸ ਸ਼ਰਮਾ ਨਿਵਾਸੀ ਮੋਗਾ, ਅੰਮ੍ਰਿ੍ਰਤਪਾਲ ਸਿੰਘ, ਗੁਰਪ੍ਰੀਤ ਸਿੰਘ, ਮੰਗਲ ਸਿੰਘ, ਗੁਰਿੰਦਰਪਾਲ ਸਿੰਘ ਸਾਰੇ ਨਿਵਾਸੀ ਪਿੰਡ ਜਲਾਲਾਬਾਦ, ਹਰਪ੍ਰੀਤ ਸਿੰਘ ਨਿਵਾਸੀ ਕੋਕਰੀ ਕਲਾਂ ਨੇ ਦੱਸਿਆ ਕਿ ਦਲਜੀਤ ਸਿੰਘ ਨਾਂ ਦੇ ਟਰੈਵਲ ਏਜੰਟ ਨੇ ਉਕਤ ਸਾਰਿਆਂ ਨੂੰ ਸਿੰਗਾਪੁਰ 'ਚ ਪੈਕਿੰਗ ਕਰਨ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਢਾਈ-ਢਾਈ ਲੱਖ ਰੁਪਏ ਲੈ ਲਏ। ਉਸ ਨੇ ਸਾਨੂੰ ਸਿੰਗਾਪੁਰ ਜਾਣ ਲਈ ਵੀਜ਼ੇ ਵੀ ਦੇ ਦਿੱਤੇ। ਬਾਅਦ 'ਚ ਸਾਨੂੰ ਪਤਾ ਲੱਗਾ ਕਿ ਉਕਤ ਟੂਰਿਸਟ ਵੀਜ਼ੇ ਹਨ ਅਤੇ ਉਨ੍ਹਾਂ ਦੀ ਮਿਤੀ ਵੀ ਖਤਮ ਹੋ ਚੁੱਕੀ ਹੈ। ਇੰਸਟੀਚਿਊਟ ਦੇ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਤੁਸੀਂ ਸਾਡੇ ਇੰਸਟੀਚਿਊਟ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਹਨ, ਜਿਸ 'ਤੇ ਸਾਨੂੰ ਸ਼ੱਕ ਹੋਇਆ ਕਿ ਸਾਨੂੰ ਗਲਤ ਦਸਤਾਵੇਜ਼ ਦਿੱਤੇ ਗਏ ਹਨ ਅਤੇ ਸਾਡੇ ਨਾਲ ਧੋਖਾਦੇਹੀ ਹੋਈ ਹੈ। ਅਸੀਂ ਉਕਤ ਟਰੈਵਲ ਏਜੰਟ ਨੂੰ ਆਪਣੇ ਨਾਲ ਮੋਗਾ ਲਿਆਂਦਾ ਅਤੇ ਥਾਣਾ ਸਿਟੀ ਮੋਗਾ ਦੇ ਹਵਾਲੇ ਕਰ ਦਿੱਤਾ। ਇਸ ਤਰ੍ਹਾਂ ਉਕਤ ਟਰੈਵਲ ਏਜੰਟ ਨੇ ਸਾਨੂੰ 7 ਲੜਕਿਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਅਤੇ 15 ਲੱਖ ਰੁਪਏ ਹੜੱਪ ਲਏ।
ਕੀ ਕਹਿਣੈ ਥਾਣਾ ਮੁਖੀ ਦਾ
ਇਸ ਸਬੰਧੀ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਟਰੈਵਲ ਏਜੰਟ ਅਤੇ ਸ਼ਿਕਾਇਤਕਰਤਾਵਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਡੀ. ਐੱਸ. ਪੀ. ਡੀ. ਮੋਗਾ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।