ਹਰਬਲ ਬੀਜ ਦੇ ਕਾਰੋਬਾਰ ਦਾ ਲਾਲਚ ਦੇ ਕੇ 29 ਲੱਖ ਠੱਗੇ

Friday, Sep 08, 2017 - 08:18 AM (IST)

ਚੰਡੀਗੜ੍ਹ  (ਸੁਸ਼ੀਲ) - ਹਰਬਲ ਬੀਜ ਦਾ ਕਾਰੋਬਾਰ ਕਰਨ ਦੇ ਨਾਂ 'ਤੇ ਯੂ. ਕੇ. ਤੇ ਮੁੰਬਈ ਦੇ ਚਾਰ ਲੋਕਾਂ ਨੇ ਸੈਕਟਰ-38 ਨਿਵਾਸੀ ਕਾਰੋਬਾਰੀ ਨਾਲ ਸਾਢੇ 29 ਲੱਖ ਰੁਪਏ ਦੀ ਧੋਖਾਦੇਹੀ ਕੀਤੀ। ਚਾਰਾਂ ਨੇ ਕਾਰੋਬਾਰੀ ਨੂੰ ਫਸਾਉਣ ਲਈ ਪਹਿਲਾਂ ਫੇਸਬੁੱਕ 'ਤੇ ਦੋਸਤ ਬਣਾਇਆ। ਇਸ ਤੋਂ ਬਾਅਦ ਹਰਬਲ ਬੀਜ 'ਚ ਮੋਟੀ ਕਮਾਈ ਦਾ ਲਾਲਚ ਦਿੱਤਾ। ਕਾਰੋਬਾਰੀ ਲਾਲਚ ਵਿਚ ਆ ਗਿਆ ਤੇ ਉਸ ਨੇ ਯੂ. ਕੇ. ਦੇ ਲੋਕਾਂ ਦੇ ਕਹਿਣ 'ਤੇ ਸਾਢੇ 29 ਲੱਖ ਰੁਪਏ ਦੇ ਬੀਜ ਖਰੀਦ ਲਏ। ਲੋਕਾਂ ਨੇ ਕਾਰੋਬਾਰੀ ਨੂੰ ਨਾ ਤਾਂ ਹਰਬਲ ਬੀਜ ਭੇਜੇ ਤੇ ਨਾ ਹੀ ਰੁਪਏ ਵਾਪਿਸ ਕੀਤੇ। ਸੈਕਟਰ-38 ਨਿਵਾਸੀ ਬੀ. ਆਰ. ਚੌਹਾਨ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਯੂ. ਕੇ. ਨਿਵਾਸੀ ਡੋਨਾਲਡ ਮਾਰਨ, ਲਾਰੇਨ ਡੇਸਮੰਡ, ਗਲਦੋਸਕੀ ਡਰੇਲ ਤੇ ਮੁੰਬਈ ਸਥਿਤ ਨਿਟਾ ਕੁਮਾਰ ਪ੍ਰਾਈਵੇਟ ਲਿਮਟਿਡ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ।
ਫੇਸਬੁਕ 'ਤੇ ਦੋਸਤੀ ਕਰ ਕੇ ਕਾਰੋਬਾਰੀ ਨੂੰ ਫਸਾਇਆ ਸੀ ਜਾਲ 'ਚ
ਚੌਹਾਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਯੂ. ਕੇ. ਨਿਵਾਸੀ ਗਲਦੋਸਕੀ ਡਰੇਲ ਉਸ ਦਾ ਫੇਸਬੁੱਕ 'ਤੇ ਦੋਸਤ ਹੈ। ਫੇਸਬੁੱਕ 'ਤੇ ਚੈਟਿੰਗ ਦੌਰਾਨ ਗਲਦੋਸਕੀ ਨੇ ਕਿਹਾ ਕਿ ਉਹ ਬੀ. ਆਰ. ਫਾਰਮਾ ਕੰਪਨੀ 'ਚ ਅਸਿਸਟੈਂਟ ਪ੍ਰਚੇਜ਼ਿੰਗ ਮੈਨੇਜਰ ਹੈ। ਉਨ੍ਹਾਂ ਦੀ ਕੰਪਨੀ ਕੈਂਸਰ ਨਾਲ ਸੰਬੰਧਿਤ ਕਈ ਦਵਾਈਆਂ ਬਣਾਉਂਦੀ ਹੈ। ਇਸ ਲਈ ਹਰਬਲ ਬੀਜ ਦੀ ਜ਼ਰੂਰਤ ਪੈਂਦੀ ਹੈ। ਜੇ ਉਹ ਹਰਬਲ ਬੀਜ ਦਾ ਕਾਰੋਬਾਰ ਕਰੇ ਤਾਂ ਉਸ ਨੂੰ ਮੋਟੀ ਕਮਾਈ ਹੋ ਸਕਦੀ ਹੈ। ਕਾਰੋਬਾਰੀ ਨੇ ਹਰਬਲ ਬੀਜ ਸਬੰਧੀ ਗਲਦੋਸਕੀ ਡਰੇਲ ਤੋਂ ਪੁੱਛਗਿੱਛ ਕੀਤੀ। ਡਰੇਲ ਨੇ ਹਰਬਲ ਬੀਜ ਖਰੀਦਣ ਲਈ ਮੁੰਬਈ ਸਥਿਤ ਨਿਟਾ ਕੁਮਾਰ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਸੰਪਰਕ ਕਰਨ ਲਈ ਕਿਹਾ। ਕੰਪਨੀ ਨੇ ਉਨ੍ਹਾਂ ਤੋਂ 200 ਗ੍ਰਾਮ ਹਰਬਲ ਬੀਜ ਦੇ 25 ਹਜ਼ਾਰ ਰੁਪਏ ਮੰਗੇ।
   ਉਨ੍ਹਾਂ ਕਿਹਾ ਕਿ ਉਹ ਹਰਬਲ ਬੀਜ ਖਰੀਦਣ ਲਈ ਆਪਣੀ ਫਾਰਮਾ ਕੰਪਨੀ ਦੇ ਡਾਇਰੈਕਟਰ ਲਾਰੇਨ ਡੇਸਮੰਡ ਨਾਲ ਗੱਲਬਾਤ ਕਰੇਗੀ। ਇਸ ਦੌਰਾਨ ਕਾਰੋਬਾਰੀ ਨੇ ਚਾਰ ਪੈਕੇਟ ਹਰਬਲ ਬੀਜ ਦੇ ਮੁੰਬਈ ਦੀ ਕੰਪਨੀ ਤੋਂ ਮੰਗਵਾਏ। ਇਸ ਦੌਰਾਨ ਕੰਪਨੀ ਦਾ ਡਾਇਰੈਕਟਰ ਲਾਰੇਨ ਡੇਸਮੰਡ ਕਾਰੋਬਾਰੀ ਦੇ ਘਰ ਆਇਆ ਤੇ ਹਰਬਲ ਬੀਜ ਦੇ ਸੈਂਪਲ ਦਿੱਲੀ ਸਥਿਤ ਲੈਬ 'ਚ ਲੈ ਗਿਆ। ਹਰਬਲ ਸੈਂਪਲ ਪਾਸ ਹੋ ਹਏ। ਕੰਪਨੀ ਦੇ ਡਾਇਰੈਕਟਰ ਬੀ. ਆਰ. ਚੌਹਾਨ ਨੇ ਪੰਜ ਲੱਖ ਰੁਪਏ ਦੇ ਬੀਜ ਦੇ ਵੀਹ ਪੈਕੇਟ ਮੁੰਬਈ ਦੀ ਕੰਪਨੀ ਤੋਂ ਮੰਗਵਾਏ। ਇਸ ਦੌਰਾਨ ਕੰਪਨੀ ਨੇ ਕਿਹਾ ਕਿ ਦਵਾਈ ਬਣਾਉਣ ਲਈ ਇਸ ਤੋਂ ਵੱਧ ਪੈਕੇਟ ਚਾਹੀਦੇ ਹਨ।  ਚੌਹਾਨ ਨੇ ਲਗਭਗ 22 ਲੱਖ ਰੁਪਏ ਦੇ ਹਰਬਲ ਬੀਜ ਦੇ ਪੈਕੇਟ ਮੰਗਵਾਉਣ ਲਈ ਮੁੰਬਈ ਦੀ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਨੇ ਕਿਹਾ ਪਹਿਲਾਂ ਖਾਤੇ 'ਚ ਰੁਪਏ ਜਮ੍ਹਾ ਕਰਵਾ ਦੇਵੋ। ਮੋਟੀ ਕਮਾਈ ਦੇ ਚੱਕਰ 'ਚ ਚੌਹਾਨ ਨੇ ਮੁੰਬਈ ਦੀ ਕੰਪਨੀ 'ਚ 22 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਹਰਬਲ ਬੀਜ ਨਾ ਆਉਣ 'ਤੇ ਉਨ੍ਹਾਂ ਨੇ ਮੁੰਬਈ ਦੀ ਕੰਪਨੀ ਤੇ ਯੂ. ਕੇ. ਡੋਨਾਲਡ ਮਾਰਨ, ਲਾਰੇਨ ਡੇਸਮੰਡ, ਗਲਦੋਸਕੀ ਡਰੇਲ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਕਾਰੋਬਾਰੀ ਬੀ. ਆਰ. ਚੌਹਾਨ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News